ਕੇਂਦਰ ਸਰਕਾਰ ’ਤੇ ਆਪ ਤੇ ਸਰਨਿਆਂ ਤੇ ਜੀ ਕੇ ਧੜਿਆਂ ਨਾਲ ਰਲ ਕੇ ਅਕਾਲੀ ਦਲ ਨੂੰ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲੜਨ ਤੋਂ ਰੋਕਣ ਦਾ ਯਤਨ ਕਰਨ ਦਾ ਦੋਸ਼ ਲਾ
ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਦੋਗਲੀ ਖੇਡ ਖੇਡੀ
ਅਜਨਾਲਾ, 1 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅੱਗੇ ਡੱਟਣ ਤੋਂ ਡਰਦੇ ਹਨ ਤੇ ਇਹੀ ਕਾਰਨ ਹੈ ਕਿ ਉਹਨਾਂ ਨੇ ਆਉਂਦੇ ਹਾੜੀ ਸੀਜ਼ਨ ਲਈ ਕਣਕ ਦੀ ਸਰਕਾਰੀ ਖਰੀਦ ਲਈ ਅਦਾਇਗੀ ਸਿੱਧਾ ਕਿਸਾਨਾਂ ਦੇ ਖਾਤੇ ਵਿਚ ਕਰਨ ਦੀ ਸਕੀਮ (ਡੀ ਬੀ ਟੀ) ਦੇ ਵਿਰੋਧ ਵਿਚ ਕੋਈ ਠੋਸ ਕਦਮ ਨਹੀਂ ਚੁੱਕਿਆ।
ਇਥੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਵੱਲੋਂ ਕਰਵਾਈ ਵਿਸ਼ਾਲ ਰੈਲੀ ਨੁੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੇਂਦਰ ਨਾਲ ਰਲ ਕੇ ਫਿਕਸ ਮੈਚ ਖੇਡ ਰਹੇ ਹਨ ਜੋ ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਡੀ ਬੀ ਟੀ ਸਕੀਮ ਨੂੰ ਲਾਗੂ ਕਰਨ ਤੋਂ ਇਨਕਾਰ ਕਰਨ ਦੀ ਥਾਂ ਇਸਨੁੰ ਲਾਗੂ ਕਰਨ ਵਾਸਤੇ ਸਮਾਂ ਮੰਗ ਰਹੇ ਹਨ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਕੇਂਦਰ ਦੀ ਸਾਜ਼ਿਸ਼ ਦਾ ਹਿੱਸਾ ਬਣ ਗਏ ਹਨ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ’ਤੇ ਦਿੱਲੀ ਦੀ ਆਪ ਸਰਕਾਰ ਤੇ ਸਰਨਾ ਤੇ ਜੀ ਕੇ ਧੜਿਆਂ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਤੋਂ ਰੋਕਣ ਦੀ ਸਾਜ਼ਿਸ਼ ਘੜਨ ਦਾ ਵੀ ਦੋਸ਼ ਲਗਾਇਆ।
ਇਸਨੂੰ ਸਿੱਖ ਪੰਥ ’ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਿਸਨੇ ਇਸ ਸਾਜ਼ਿਸ਼ ਨੁੰ ਮੂਧੇ ਮੂੰਹ ਸੁੱਟਿਆ ਤੇ ਦਿੱਲੀ ਹਾਈ ਕੋਰਟ ਨੇ ਦਿੱਲੀ ਗੁਰਦੁਆਰਾ ਚੋਣ ਵਿਭਾਗ ਦੇ ਉਸ ਹੁਕਮ ’ਤੇ ਰੋਕ ਲਗਾ ਦਿੱਤੀ ਜਿਸ ਰਾਹੀਂ ਅਕਾਲੀ ਦਲ ਨੂੰ 25 ਅਪ੍ਰੈਲ ਨੁੰ ਆ ਰਹੀਆਂ ਚੋਣਾਂ ਲੜਨ ਤੋਂ ਰੋਕਿਆ ਗਿਆ ਸੀ।
ਉਹਨਾਂ ਨੇ ਪੰਥ ਦੀ ਆਵਾਜ਼ ਦਬਾਉਣ ਲਈ ਲੁਕਵੇਂ ਯਤਨ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਜੇਕਰ ਵੱਖ ਵੱਖ ਧੜਿਆਂ ਨੇ ਰਲ ਕੇ ਅਕਾਲੀ ਦਲ ’ਤੇ ਰੋਕ ਲਗਵਾਈ ਸੀ ਤੇ ਸੋਚਿਆ ਸੀ ਕਿ ਉਹ ਹਰਮਨਪਿਆਰੇ ਹਨ ਤਾਂ ਫਿਰ ਉਹਨਾਂ ਨੂੰ ਚੋਣ ਲੜਨ ਤੋਂ ਭੱਜਣਾ ਨਹੀਂ ਚਾਹੀਦਾ।
ਇਸ ਤੋਂ ਪਹਿਲਾਂ ਵਿਸ਼ਾਲ ਇਕੱਠ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਆਪ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਦੋਗਲੀ ਖੇਡ ਖੇਡਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਕੇਜਰੀਵਾਲ ਨੇ ਹਾਲ ਹੀ ਵਿਚ ਬਾਘਾਪੁਰਾਣਾ ਵਿਚ ਹੋਈ ਪਾਰਟੀ ਦੀ ਰੈਲੀ ਵਿਚ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦਾ ਵੱਡਾ ਡਰਾਮਾ ਕੀਤਾ ਹੈ ਜਦਕਿ ਉਹਨਾਂ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਦਿੱਲੀ ਵਿਚ ਇਹ ਕਾਨੂੰਨ ਲਾਗੂ ਕੀਤੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਭਗਵੰਤ ਮਾਨ ਨੇ ਖੁਰਾਕ ਤੇ ਸਪਲਾਈ ਵਿਭਾਗ ਬਾਰੇ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਜ਼ਰੂਰੀ ਵਸਤਾਂ ਸੋਧ ਐਕਟ ਲਈ ਆਪਣੀ ਸਹਿਮਤੀ ਦਿੱਤੀ।
ਸ੍ਰੀ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਿਆ ਤੇ ਪੁੱਛਿਆ ਕਿ ਉਹ ਇਕ ਵੀ ਅਜਿਹੇ ਹਸਪਤਾਲ, ਕਾਲਜ ਜਾਂ ਸੜਕ ਦਾ ਨਾਂ ਦੱਸ ਦੇਣ ਜੋ ਉਹਨਾਂ ਨੇ ਪਿਛਲੇ ਚਾਰ ਸਾਲਾਂ ਦੌਰਾਨ ਬਣਾਈ ਹੋਵੇ। ਉਹਨਾਂ ਨਾਲ ਹੀ ਕਿਹਾ ਕਿ ਤੇਰਾਂ ਯੂਨੀਵਰਸਿਟੀਆਂ, 30 ਕਾਲਜ ਤੇ ਤਿੰਨ ਸੌ ਸਕਿੱਲ ਸੈਂਟਰ ਅਕਾਲੀ ਸਰਕਾਰ ਵੇਲੇ ਹੀ ਸਥਾਪਿਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਬਜਾਏ ਕੁਝ ਕਰਨ ਦੇ ਮੁੱਖ ਮੰਤਰੀ ਤਾਂ ਪਵਿੱਤਰ ਗੁਟਕਾ ਸਾਹਿਬ ਤੇ ਦਸ਼ਮੇਸ਼ ਪਿਤਾ ਦੀ ਚੁੱਕੀ ਸਹੁੰ ਪੂਰੀ ਕਰਨ ਵਿਚ ਵੀ ਨਾਕਾਮ ਰਹੇ ਹਨ ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸੇ ਤਰੀਕੇ ਮੁੱਖ ਮੰਤਰੀ ਨੇ ਨੌਜਵਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਜਿਹਨਾਂ ਨਾਲ ਉਹਨਾਂ ਨੇ ਘਰ ਘਰ ਨੌਕਰੀ ਅਤੇ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤੇ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਅਨੁਸੂਚਿਤ ਜਾਤੀ ਵਰਗ ਦੇ ਉਹਨਾਂ ਲੱਖਾਂ ਵਿਦਿਆਰਥੀਆਂ ਨੂੰ ਵੀ ਧੋਖਾ ਦਿੱਤਾ ਜਿਹਨਾਂ ਨੂੰ ਐਸ ਸੀ ਸਕਾਲਸ਼ਿਪ ਫੀਸ ਨਹੀਂ ਦਿੱਤੀ ਗਈ ਜਿਸ ਕਾਰਨ ਉਹਨਾਂ ਨੂੰ ਵਿਦਿਅਕ ਅਦਾਰਿਆਂ ਵਿਚੋਂ ਬਾਹਰ ਕੱਢ ਦਿੱਤਾ ਗਿਆ।
ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਉਹ ਹਮੇਸ਼ਾ ਪੂਰੇ ਕੀਤੇ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਆਪਣਾ ਕਿਹਾ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਿਸਾਨਾਂ ਨੁੰ ਖੇਤੀਬਾੜੀ ਵਾਸਤੇ ਮੁਫਤ ਬਿਜਲੀ ਦਾ ਵਾਅਦਾ ਕੀਤਾ ਸੀ ਤੇ ਇਹ ਵਾਅਦਾ ਸੂਬੇ ਵਿਚ ਸੱਤਾ ਸੰਭਾਲਣ ਮਗਰੋਂ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ ਪੂਰਾ ਕੀਤਾ। ਉਹਨਾਂ ਕਿਹਾ ਕਿ ਇਸੇ ਤਰੀਕੇ ਅਕਾਲੀ ਦਲ ਨੇ ਕਿਸਾਨਾਂ ਦੀ ਭਲਾਈ ਵਾਸਤੇਹਮੇਸ਼ਾ ਕੰਮ ਕੀਤਾ ਤੇ ਅਕਾਲੀ ਦਲ ਨੇ ਹੀ 1966 ਵਿਚ ਜਿਣਸਾਂ ਲਈ ਘੱਟੋ ਘੱਟ ਸਮਰਥਨ ਮੁੱਲ ਯਾਨੀ ਐਮ ਐਸ ਪੀ ਸ਼ੁਰੂ ਕਰਵਾਈ। ਉਹਨਾਂ ਕਿਹਾ ਕਿ ਸੂਬੇ ਵਿਚ ਜਿਣਸਾਂ ਦੀ ਸਰਕਾਰੀ ਖਰੀਦ ਲਈ ਸਰਕਾਰੀ ਖੇਤੀਬਾੜੀ ਮੰਡੀਆਂ ਵਿਚੋਂ ਬਹੁ ਗਿਣਤੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੇ ਰਾਜਕਾਲ ਦੌਰਾਨ ਹੀ ਬਣੀਆਂ ਹਨ।
ਸ੍ਰੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਦਾ ਹੈ ਤੇ ਐਲਾਨ ਕੀਤਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਉਹ ਤਿੰਨ ਖੇਤੀ ਕਾਨੂੰਨ ਸੂਬੇ ਵਿਚ ਲਾਗੂ ਨਹੀਂ ਹੋਣ ਦੇਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਿਣਸਾਂ ਲਈ ਐਮ ਐਸ ਪੀ ਯਕੀਨੀ ਬਣਾਉਣ ਦੇ ਨਾਲ ਨਾਲ ਅਕਾਲੀ ਦਲ ਦੀ ਸਰਕਾਰ ਸਬਜ਼ੀਆਂ, ਫਲਾਂ ਤੇ ਦੁੱਧ ਲਈ ਵੀ ਐਮ ਐਸ ਪੀ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਅੱਧੀਆਂ ਕੀਤੀਆਂ ਜਾਣਗੀਆਂ ਜਦਕਿ ਐਸ ਸੀ ਤੇ ਬੀ ਸੀ ਵਰਗ ਦੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ। ਅਕਾਲੀ ਦਲ ਦੇ ਪ੍ਰਧਾਨ ਨੇ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਹਲਕੇ ਵਿਚ ਪੁੱਲ ਦੇ ਨਿਰਮਾਣ ਦੀ ਮੰਗ ਪੂਰੀ ਕਰਨ ਅਤੇ ਲੜਕੀਆਂ ਲਈ ਤਕਨੀਕੀ ਸਿੱਖਿਆ ਸੰਸਥਾ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ।
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਅਤੇ ਸ੍ਰੀ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਵੀ ਸੰਬੋਧਨ ਕੀਤਾ।