ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਨੌਕਰੀਆਂ ਦੇਣੀਆਂ ਭੁੱਲ ਜਾਓ, ਖਾਲੀ ਪਈਆਂ 50 ਹਜ਼ਾਰ ਸਰਕਾਰੀ ਅਸਾਮੀਆਂ ਵੀ ਨਹੀਂ ਭਰੀਆਂ
ਕਿਹਾ ਕਿ ਰੁਜ਼ਗਾਰ ਮੇਲੇ, ਸਮਾਰਟ ਸਕੂਲ ਅਤੇ ਤੰਦਰੁਸਤੀ ਕੇਂਦਰ ਸਕੀਮਾਂ ਪੂਰੀ ਤਰ੍ਹਾਂ ਫ਼ਲਾਪ ਹੋ ਚੁੱਕੀਆਂ ਹਨ
ਚੰਡੀਗੜ੍ਹ/06 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਿੱਲੀ ਵਿਚ ਵੱਡੇ ਵੱਡੇ ਝੂਠ ਬੋਲਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਨੌਜਵਾਨ ਸਾਹ ਰੋਕ ਕੇ ਉਡੀਕ ਕਰ ਰਹੇ ਹਨ ਤਾਂ ਕਿ ਉਹ ਪੰਜਾਬ ਵਿਚ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨੂੰ ਦਿੱਤੀਆਂ 11 ਲੱਖ ਨੌਕਰੀਆਂ ਦੇ ਅੰਕੜੇ ਜਾਰੀ ਕਰੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਦਿੱਲੀ ਵਿਚ ਇੱਕ ਦਿਨ ਚੋਣ ਪ੍ਰਚਾਰ ਕਰਨ ਮਗਰੋਂ ਮੁੱਖ ਮੰਤਰੀ ਨੇ ਹੁਣ ਬਹੁਤ ਆਰਾਮ ਕਰ ਲਿਆ ਹੈ, ਇਸ ਲਈ ਉਸ ਨੂੰ ਉਹਨਾਂ 11 ਲੱਖ ਨੌਕਰੀਆਂ ਦੇ ਅੰਕੜੇ ਜਾਰੀ ਕਰਨੇ ਚਾਹੀਦੇ ਹਨ, ਜਿਹੜੀ ਪੰਜਾਬ ਵਿਚ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ ਤਾਂ ਕਿ ਉਸ ਨੂੰ ਸਨਮਾਨਿਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰ ਸਕਦਾ ਤਾਂ ਉਸ ਨੂੰ ਦਿੱਲੀ ਵਿਚ ਸੌੜੇ ਸਿਆਸੀ ਫਾਇਦਿਆਂ ਲਈ ਵੱਡੇ ਵੱਡੇ ਝੂਠ ਬੋਲਣ ਵਾਸਤੇ ਨੌਜਵਾਨਾਂ ਅਤੇ ਪੰਜਾਬੀਆਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।
ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਅਸਲੀ ਤੱਥਾਂ ਤੋਂ ਸਾਰੇ ਵਾਕਿਫ਼ ਹਨ ਅਤੇ ਦਿੱਲੀ ਵਿਚ ਬੋਲੇ ਗਏ ਝੂਠ ਅਸਲੀਅਤ ਨਹੀਂ ਬਦਲ ਸਕਦੇ। ਉਹਨਾਂ ਕਿਹਾ ਕਿ ਇਹ ਇੱਕ ਸੱਚਾਈ ਹੈ ਕਿ ਕਿਸਾਨਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ 'ਘਰ ਘਰ ਨੌਕਰੀ'ਦਾ ਵਾਅਦਾ ਪੂਰਾ ਕਰਨ 'ਚ ਨਾਕਾਮੀ ਮਗਰੋਂ ਨੌਜਵਾਨਾਂ ਨੇ ਵੀ ਦੁਖੀ ਹੋ ਕੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਨਵੀਆਂ ਨੌਕਰੀਆਂ ਤਾਂ ਭੁੱਲ ਹੀ ਜਾਓ, ਸਰਕਾਰ ਨੇ ਖਾਲੀ ਪਈਆਂ 50 ਹਜ਼ਾਰ ਤੋਂ ਵੱਧ ਆਸਾਮੀਆਂ ਨਹੀਂ ਭਰੀਆਂ ਹਨ, ਜੋ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਖਾਲੀ ਹੋਈਆਂ ਹਨ। ਉਹਨਾਂ ਕਿਹਾ ਕਿ ਇਸ ਨੇ ਠੇਕੇ 'ਤੇ ਭਰਤੀ ਕੀਤੇ 27 ਹਜ਼ਾਰ ਕਾਮਿਆਂ ਨੂੰ ਵੀ ਪੱਕੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਪ੍ਰਾਈਵੇਟ ਤਕਨੀਕੀ ਕਾਲਜਾਂ ਦੀ ਭਰਤੀ ਮੁਹਿੰਮ, ਜਿਸ ਉੱਤੇ ਸਰਕਾਰ ਨੇ ਕਬਜ਼ਾ ਕਰ ਲਿਆ ਸੀ, ਬਾਰੇ ਬੋਲਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਇਹ ਮੁਹਿੰਮ ਪੂਰੀ ਤਰ੍ਹਾਂ ਫਲਾਪ ਸਾਬਤ ਹੋਈ ਹੈ। ਨੌਜਵਾਨਾਂ ਨੇ ਕਾਂਗਰਸ ਸਰਕਾਰ ਦੇ ਰੁਜ਼ਗਾਰ ਮੇਲਿਆਂ ਉੱਤੇ ਜਾਣਾ ਬੰਦ ਕਰ ਦਿੱਤਾ ਹੈ, ਕਿਉਂਕਿ ਉੱਥੇ ਉਹਨਾਂ ਨੂੰ ਘੱਟੋ ਘੱਟ ਨਿਰਧਾਰਿਤ ਦਿਹਾੜੀ ਤੋਂ ਵੀ ਘੱਟ ਪੈਸਿਆਂ ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਅਜਿਹੀਆਂ ਵੀ ਮਿਸਾਲਾਂ ਹਨ, ਜਦੋਂ ਇਹਨਾਂ ਰੁਜ਼ਗਾਰ ਮੇਲਿਆਂ ਵਿਚ ਭਾਗ ਲੈਣ ਲਈ ਇੱਕ ਵੀ ਨੌਜਵਾਨ ਨਹੀਂ ਪਹੁੰਚਿਆ।
ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਇਹ ਠੱਗੀ ਮਾਰ ਕੇ ਬਚ ਨਹੀਂ ਸਕੇਗਾ, ਸਰਦਾਰ ਗਰੇਵਾਲ ਨੇ ਕੈਪਟਨ ਅਮਰਿੰਦਰ ਨੂੰ ਕਿਹਾ ਕਿ ਉਹ ਜੁਆਬ ਦੇਵੇ ਕਿ ਉਸ ਦੀ ਸਰਕਾਰ ਨੇ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਪੂਰਾ ਕਿਉਂ ਨਹੀਂ ਕੀਤਾ? ਇਹ ਵਾਅਦਾ ਚੋਣ ਪ੍ਰਚਾਰ ਕਰਦਿਆਂ ਦਿੱਲੀ ਵਿਚ ਵੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਤੁਸੀਂ ਇੱਕ ਸਾਲ ਤੋਂ ਵੱਧ ਸਮਾਂ ਤਕ ਦਲਿਤ ਵਿਦਿਆਰਥੀਆਂ ਨੂੰ ਕੇਂਦਰੀ ਵਜ਼ੀਫਿਆਂ ਤੋਂ ਵਾਂਝੇ ਰੱਖਿਆ ਸੀ। ਤੁਹਾਡੀ ਸਰਕਾਰ ਦੌਰਾਨ ਨਾ ਤਾਂ ਵਿਦਿਆਰਥਣਾਂ ਨੂੰ ਸਾਇਕਲ ਦਿੱਤੇ ਜਾ ਰਹੇ ਹਨ ਅਤੇ ਨਾ ਸਕੂਲ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ।
ਮੁੱਖ ਮੰਤਰੀ ਵੱਲੋਂ ਦਿੱਲੀ ਪ੍ਰਚਾਰ ਦੌਰਾਨ ਗਿਣਾਈਆਂ ਬਾਕੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਮਾਮਲੇ ਵਿਚ ਵੀ ਕੈਪਟਨ ਨੇ ਲੋਕਾਂ ਨੂੰ ਮੂਰਖ ਬਣਾਇਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ 5500 ਸਮਾਰਟ ਸਕੂਲ ਖੋਲ੍ਹੇ ਜਾ ਚੁੱਕੇ ਹਨ ਜਦਕਿ ਉੁਸ ਦੇ ਸਿੱਖਿਆ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਇਹ ਸਕੀਮ ਹਾਲੇ ਸ਼ੁਰੂ ਹੀ ਹੋਈ ਹੈ। ਇਸੇ ਤਰ੍ਹਾਂ ਅਮਰਿੰਦਰ ਨੇ ਦਾਅਵਾ ਕੀਤਾ ਹੈ ਕਿ 70 ਫੀਸਦੀ ਤੰਦਰੁਸਤੀ ਕੇਂਦਰ ਸ਼ੁਰੂ ਹੋ ਚੁੱਕੇ ਹਨ ਜਦਕਿ ਸਾਰੇ ਜਾਣਦੇ ਹਨ ਕਿ ਇਹ ਸਕੀਮ ਫੇਲ੍ਹ ਹੋ ਚੁੱਕੀ ਹੈ, ਜਿਸ ਨੂੰ ਤੰਦਰੁਸਤੀ ਕੇਂਦਰਾਂ ਵਿਚ ਸਟਾਫ, ਦਵਾਈਆਂ, ਸਾਜ਼ੋ-ਸਾਮਾਨ ਦੀ ਕਮੀ ਕਰਕੇ ਸ਼ੁਰੂ ਹੀ ਨਹੀਂ ਕੀਤਾ ਜਾ ਸਕਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਨੂੰ ਪੰਜਾਬੀਆਂ ਕੋਲੋਂ ਲੁਕਣਾ ਨਹੀਂ ਚਾਹੀਦਾ ਅਤੇ ਆਪਣੀਆਂ ਪ੍ਰਾਪਤੀਆਂ ਉਹਨਾਂ ਨਾਲ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ, ਸਰਦਾਰ ਗਰੇਵਾਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਨੇ ਕੋਰੀਆਂ ਗੱਪਾਂ ਮਾਰ ਕੇ ਦਿੱਲੀ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ। ਇੰਝ ਲੱਗਦਾ ਹੈ ਕਿ ਮੁੱਖ ਮੰਤਰੀ ਜਾਣਦਾ ਸੀ ਕਿ ਪੰਜਾਬੀ ਉਸ ਦੇ ਧੋਖਿਆਂ ਅਤੇ ਝੂਠੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਵੇਖ ਚੁੱਕੇ ਹਨ, ਜਿਸ ਦੌਰਾਨ ਉਸ ਨੇ ਪਾਵਨ ਗੁਟਕਾ ਸਾਹਿਬ ਨੂੰ ਵੀ ਨਹੀਂ ਸੀ ਬਖ਼ਸ਼ਿਆ। ਇਹੀ ਵਜ੍ਹਾ ਹੈ ਕਿ ਮੁੱਖ ਮੰਤਰੀ ਹੁਣ ਪੰਜਾਬੀਆਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਅਤੇ ਆਪਣੀ ਸਰਕਾਰ ਦੀਆਂ ਅਖੌਤੀ ਪ੍ਰਾਪਤੀਆਂ ਦੀ ਸੂਚੀ ਸੂਬੇ ਤੋਂ ਬਾਹਰ ਹੀ ਜਾਰੀ ਕਰਦਾ ਹੈ।