ਮੁੱਖ ਮੰਤਰੀ ਉੱਤੇ ਸਰਕਾਰੀ ਨੌਕਰੀਆਂ ਬਾਰੇ ਝੂਠੇ ਅੰਕੜੇ ਪੇਸ਼ ਕਰਨ, ਨਿੱਜੀ ਭਰਤੀ ਮੁਹਿੰਮ ਦੌਰਾਨ ਅਤੇ ਮਨਰੇਗਾ ਤਹਿਤ ਦਿੱਤੀਆਂ ਨੌਕਰੀਆਂ ਨੂੰ ਸਰਕਾਰੀ ਖਾਤੇ ਵਿਚ ਪਾਉਣ ਦਾ ਦੋਸ਼ ਲਾਇਆ
ਚੰਦੂਮਾਜਰਾ ਅਤੇ ਤੋਤਾ ਸਿੰਘ ਨੇ ਕਿਹਾ ਕਿ ਝੂਠ ਬੋਲਣਾ ਮੁੱਖ ਮੰਤਰੀ ਲਈ ਆਮ ਗੱਲ ਹੈ, ਜਿਸ ਨੇ ਦਸਮ ਪਿਤਾ ਅਤੇ ਸ੍ਰੀ ਗੁਟਕਾ ਸਾਹਿਬ ਦੀਆਂ ਵੀ ਝੂਠੀਆਂ ਸਹੁੰਾਂ ਖਾਧੀਆਂ ਸਨ
ਚੰਡੀਗੜ੍ਹ/08 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਇੱਕ ਬੇਸ਼ਰਮ ਝੂਠਾ ਹੈ। ਉਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਬੋਲੇ ਝੂਠਾਂ ਨੂੰ ਸਹੀ ਠਹਿਰਾਉਣ ਲਈ ਸਰਕਾਰੀ ਨੌਕਰੀਆਂ ਬਾਰੇ ਝੂਠੇ ਅੰਕੜੇ ਪੇਸ਼ ਕਰਕੇ, ਪ੍ਰਾਈਵੇਟ ਭਰਤੀ ਮੁਹਿੰਮਾਂ ਤਹਿਤ ਦਿੱਤੀਆਂ ਨੌਕਰੀਆਂ ਨੂੰ ਸਰਕਾਰੀ ਖਾਤੇ ਵਿਚ ਪਾ ਕੇ ਅਤੇ ਮਨਰੇਗਾ ਤਹਿਤ ਦਿੱਤੇ ਕੰਮ ਨੂੰ ਨੌਕਰੀਆਂ ਵਾਲੇ ਅੰਕੜਿਆਂ ਵਿਚ ਜੋੜ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿੰਨਾ ਵੱਡਾ ਝੂਠਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਅਜਿਹੇ ਵਿਅਕਤੀ ਲਈ ਝੂਠ ਬੋਲਣਾ ਕਿੰਨਾ ਆਸਾਨ ਹੈ, ਜਿਹੜਾ ਦਸਮ ਪਿਤਾ ਅਤੇ ਪਾਵਨ ਸ੍ਰੀ ਗੁਟਕਾ ਸਾਹਿਬ ਦੇ ਨਾਂ ਉਤੇ ਝੂਠੀਆਂ ਸਹੁੰਾਂ ਖਾ ਚੁੱਕਿਆ ਹੈ। ਉਹਨਾਂ ਕਿਹਾ ਕਿ ਅਸੀਂ ਇਹ ਕਹਿਣਾ ਚਾਹਾਂਗੇ ਕਿ ਮੁੱਖ ਮੰਤਰੀ ਚਾਹੇ ਜੋ ਮਰਜ਼ੀ ਸੋਚੀ ਜਾਵੇ, ਪਰ ਲੋਕ ਬੇਵਕੂਫ ਨਹੀਂ ਹਨ। ਉਹ ਮੁੱਖ ਮੰਤਰੀ ਦੇ ਝੂਠਾਂ ਅਤੇ ਫਰੇਬਾਂ ਨੂੰ ਬਹੁਤ ਨੇੜੇ ਤੋਂ ਵੇਖ ਚੁੱਕੇ ਹਨ। ਉਹ ਝੂਠੇ ਅੰਕੜੇ ਪੇਸ਼ ਕਰਕੇ ਉਸ ਪੂਰੀ ਪੀੜ੍ਹੀ ਅੱਗੇ ਆਪਣੇ ਪਾਪ ਨਹੀਂ ਧੋ ਸਕਦਾ, ਜਿਸ ਨੂੰ ਉਸ ਨੇ ਬੁਰੀ ਤਰ੍ਹਾਂ ਧੋਖਾ ਦਿੱਤਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਨੇ ਮੁੱਖ ਮੰਤਰੀ ਨੂੰ ਸਿਰਫ ਇਹ ਪੁੱਛਿਆ ਸੀ ਕਿ ਉਹ ਆਪਣੇ 11 ਲੱਖ ਨੌਕਰੀਆਂ ਦੇਣ ਦੇ ਦਾਅਵੇ ਨੂੰ ਸਾਬਿਤ ਕਰੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਉਹਨਾਂ 11 ਲੱਖ ਨੌਜਵਾਨਾਂ ਦੇ ਨਾਂ, ਨੌਕਰੀਆਂ ਅਤੇ ਤਨਖਾਹਾਂ ਦੇ ਵੇਰਵਿਆਂ ਦੀ ਇੱਕ ਪੀਡੀਐਫ ਫਾਈਲ ਜਾਰੀ ਕਰ ਸਕਦਾ ਸੀ। ਇਸ ਦੀ ਥਾਂ ਉਸ ਨੇ ਵਿਰੋਧੀ ਧਿਰ ਬਾਰੇ ਮਾੜੀ ਸ਼ਬਦਾਬਲੀ ਇਸਤੇਮਾਲ ਕਰਕੇ ਇਸ ਬੇਹੱਦ ਸੰਵੇਦਨਸ਼ੀਲ ਮਸਲੇ ਦਾ ਸਿਆਸੀਕਰਨ ਕਰ ਦਿੱਤਾ ਹੈ। ਇੱਕ ਮੁੱਖ ਮੰਤਰੀ ਨੂੰ ਅਜਿਹਾ ਵਿਵਹਾਰ ਸ਼ੋਭਾ ਨਹੀਂ ਦਿੰਦਾ।
ਕੈਪਟਨ ਅਮਰਿੰਦਰ ਦੇ ਝੂਠੇ ਦਾਅਵਿਆਂ ਦੀ ਪੋਲ੍ਹ ਖੋਲ੍ਹਦੇ ਹੋਏ ਅਕਾਲੀ ਆਗੂਆਂ ਨੇ ਕਿਹਾ ਕਿ ਕੁੱਝ ਜਰੂਰੀ ਆਸਾਮੀਆਂ ਭਰਨ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਇੱਕ ਵੀ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਹੈ। ਨਾ ਹੀ ਕੋਈ ਨਵੀਂ ਨੌਕਰੀ ਪੈਦਾ ਕੀਤੀ ਗਈ ਹੈ। ਸਿਰਫ ਇੰਨਾ ਹੀ ਨਹੀਂ, ਮੁੱਖ ਮੰਤਰੀ ਉਹਨਾਂ 4 ਲੱਖ ਨੌਕਰੀਆਂ ਨੂੰ ਸਰਕਾਰੀ ਖਾਤੇ ਵਿਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹਨਾਂ ਬਾਰੇ ਉਹ ਦਾਅਵਾ ਕਰਦਾ ਹੈ ਕਿ ਪ੍ਰਾਈਵੇਟ ਭਰਤੀ ਏਜੰਸੀਆਂ ਦੁਆਰਾ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਉਹਨਾਂ 7.5 ਲੱਖ ਨੌਕਰੀਆਂ ਨੂੰ ਸਰਕਾਰੀ ਅੰਕੜਿਆਂ ਵਿਚ ਸ਼ਾਮਿਲ ਕਰਕੇ ਪੰਜਾਬ ਦੇ ਨੌਜਵਾਨਾਂ ਖ਼ਿਲਾਫ ਆਪਣੇ ਪਾਪ ਨੂੰ ਹੋਰ ਵੀ ਵੱਡਾ ਕਰ ਲਿਆ ਹੈ, ਜਿਹਨਾਂ ਬਾਰੇ ਉਹ ਦਾਅਵਾ ਕਰਦਾ ਹੈ ਕਿ ਇਹ ਨੌਕਰੀਆਂ ਪ੍ਰਾਈਵੇਟ ਕੰਪਨੀਆਂ ਊਬਰ ਅਤੇ ਜ਼ਮੈਟੋ ਵੱਲੋਂ ਦਿੱਤੀਆਂ ਗਈਆਂ ਹਨ। ਅਸੀਂ ਮੁੱਖ ਮੰਤਰੀ ਨੂੰ ਸਿਰਫ ਇੱਕ ਗੱਲ ਪੁੱਛਣਾ ਚਾਹਾਂਗੇ ਕਿ ਤੁਹਾਡਾ ਇਸ ਵਿਚ ਕੀ ਯੋਗਦਾਨ ਹੈ? ਇਸ ਦਾ ਜੁਆਬ ਜ਼ੀਰੋ ਹੈ।
ਪ੍ਰੋਫੈਸਰ ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਦੌਰਾਨ ਪੈਦਾ ਕੀਤੀਆਂ ਗਈਆਂ ਨੌਕਰੀਆਂ ਬਾਰੇ ਮੁੱਖ ਮੰਤਰੀ ਨੂੰ ਚਾਨਣਾ ਪਾਉਣਾ ਪਸੰਦ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਜਦੋਂ ਤੁਸੀਂ 2002-07 ਦੌਰਾਨ ਮੁੱਖ ਮੰਤਰੀ ਸੀ ਤਾਂ ਸਿਰਫ 24,683 ਨੌਕਰੀਆਂ ਦਿੱਤੀਆਂ ਗਈਆਂ ਸਨ। ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ 10 ਸਾਲਾਂ ਦੌਰਾਨ 2,28,780 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸਨ। ਇਸ ਪੀਰੀਅਡ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ 8 ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਸਨ।
ਅਕਾਲੀ ਆਗੂਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਸ ਨੂੰ ਦੂਜਿਆਂ ਨੂੰ ਜ਼ਮੀਨੀ ਹਕੀਕਤਾਂ ਤੋਂ ਕੋਰੇ ਅਤੇ ਲੋਕਾਂ ਨਾਲੋਂ ਟੁੱਟੇ ਹੋਏ ਕਹਿਣ ਤੋਂ ਪਹਿਲਾਂ ਆਪਣੇ ਗਿਰੇਬਾਨ 'ਚ ਝਾਤੀ ਮਾਰਨੀ ਚਾਹੀਦੀ ਹੈ। ਇਹ ਤਾਂ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਰਗੀ ਗੱਲ ਲੱਗਦੀ ਹੈ।ਪੰਜਾਬੀ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਨਹੀਂ ਸਗੋਂ ਮੁੱਖ ਮੰਤਰੀ ਉੱਤੇ ਲੋਕਾਂ ਕੋਲੋਂ ਦੂਰ ਰਹਿਣ ਦਾ ਦੋਸ਼ ਲਾਉਂਦੇ ਹਨ, ਜਿਸ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਦੇ ਇੱਕ ਵੀ ਇਲਾਕੇ ਵਿਚ ਜਾਕੇ ਲੋਕਾਂ ਦੀਆਂ ਸ਼ਿਕਾਇਤਾਂ ਨਹੀਂ ਸੁਣੀਆਂ। ਆਪਣੀ ਇਸ ਗਲਤੀ ਨੂੰ ਸੁਧਾਰਨ ਦੀ ਬਜਾਇ ਤੁਸੀਂ ਇੱਕ ਹੋਰ ਝੂਠ ਘੜ ਰਹੇ ਹੋ।
ਪ੍ਰੋਫੈਸਰ ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਇਹ ਗੱਲ ਜਨਤਕ ਰਿਕਾਰਡ ਵਿਚ ਪਈ ਹੈ ਕਿ ਮੁੱਖ ਮੰਤਰੀ ਨੇ ਸਵੀਕਾਰ ਕੀਤਾ ਹੈ ਕਿ ਉਹ ਆਪਣੇ ਮੌਜੂਦਾ ਕਾਰਜਕਾਲ ਦੌਰਾਨ 'ਘਰ ਘਰ ਰੁਜ਼ਗਾਰ'ਦੇ ਵਾਅਦੇ ਨੂੰ ਪੂਰਾ ਨਹੀਂ ਕਰ ਪਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਚੰਡੀਗੜ੍ਹ ਵਿਖੇ ਇੱਕ ਯੂਥ ਕਾਂਗਰਸ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਪੰਜ ਸਾਲ ਹੋਰ ਮੰਗੇ ਹਨ। ਉਹਨਾਂ ਕਿਹਾ ਕਿ ਇੱਕ ਗੱਲ ਪੱਕੀ ਹੈ ਕਿ ਨੌਜਵਾਨ ਤੁਹਾਨੂੰ ਦੂਜੀ ਵਾਰ ਉਹਨਾਂ ਨੂੰ ਮੂਰਖ ਬਣਾਉਣ ਦੀ ਆਗਿਆ ਨਹੀਂ ਦੇਣਗੇ। ਇਹ ਕਾਂਗਰਸ ਪਾਰਟੀ ਹੈ, ਜਿਹੜੀ ਪਤਨ ਵੱਲ ਜਾ ਰਹੀ ਹੈ। ਪੰਜਾਬੀ ਅਕਾਲੀ-ਭਾਜਪਾ ਸਰਕਾਰ ਦੁਆਰਾ ਕੀਤੇ ਵਿਕਾਸ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਅਧੀਨ ਬਿਜਲੀ ਅਤੇ ਬੁਨਿਆਦੀ ਢਾਂਚੇ ਨੂੰ ਦਿੱਤੀ ਪਹਿਲ ਨੂੰ ਵੇਖ ਚੁੱਕੇ ਹਨ। ਉਹਨਾਂ ਕਾਂਗਰਸੀ ਰਾਜ ਅਧੀਨ ਸਾਰੇ ਵਿਕਾਸ ਕਾਰਜਾਂ ਉੱਤੇ ਲੱਗੀ ਰੋਕ ਵੀ ਵੇਖ ਲਈ ਹੈ। ਉਹ ਤੁਹਾਡੇ ਉੱਤੇ ਦੁਬਾਰਾ ਭਰੋਸਾ ਨਹੀਂ ਕਰਨਗੇ।