ਕਿਹਾ ਕਿ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲੇ ਅਤੇ 1984 ਦੀ ਨਸਲਕੁਸ਼ੀ ਬਾਰੇ ਇਤਿਹਾਸ ਦੀਆਂ ਕਿਤਾਬਾਂ ਚੋਂ ਸਬਕ ਲੈ ਸਕਦਾ ਸੀ
ਕਿਹਾ ਕਿ ਉਹ ਮੁੱਖ ਮੰਤਰੀ ਨੂੰ ਕਿਤਾਬਾਂ ਦਾ ਬੋਰਾ ਭੇਜੇਗਾ, ਜਿਹੜੀਆਂ ਸਿੱਖਾਂ ਦੇ ਕਤਲੇਆਮ ਵਿਚ ਕਾਂਗਰਸ ਦੀ ਭੂਮਿਕਾ ਬਾਰੇ ਦੱਸਦੀਆਂ ਹਨ
ਕਿਹਾ ਕਿ ਜੇਕਰ ਇਸ ਦਾ ਲਾਭ ਨਹੀਂ ਹੁੰਦਾ ਹੈ ਤਾਂ ਅਮਰਿੰਦਰ ਨੂੰ ਮੌਜੂਦਾ ਸਮੇਂ ਪੰਜਾਬ ਦੀ ਹਾਲਤ ਸਮਝਣ ਲਈ 'ਅੰਧੇਰ ਨਗਰੀ ਚੌਪਟ ਰਾਜਾ' ਕਿਤਾਬ ਪੜ੍ਹਣੀ ਚਾਹੀਦੀ ਹੈ
ਚੰਡੀਗੜ੍ਹ/22 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਜੁਆਬ ਦੇਣ ਤੋਂ ਇਨਕਾਰ ਕਰਕੇ ਕਿ ਕੀ ਉਹ ਸੀਏਏ ਤਹਿਤ ਸਿੱਖਾਂ ਨੂੰ ਮਿਲੀ ਸੁਰੱਖਿਆ ਦੇ ਹਮਾਇਤ ਕਰਦਾ ਹੈ, ਇੱਕ ਵਾਰ ਫਿਰ ਸਿੱਖਾਂ ਦੀ ਬਜਾਇ ਗਾਂਧੀ ਪਰਿਵਾਰ ਦੀ ਚੋਣ ਕਰਨ ਨੂੰ ਪਹਿਲ ਦਿੱਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਤਿਹਾਸ ਦੀ ਜਾਣਕਾਰੀ ਹਿਟਲਰ ਦੀ ਸਵੈਜੀਵਨੀ ਵਿਚੋਂ ਲੈਣ ਦੀ ਬਜਾਇ ਸਿੱਖਾਂ ਵੱਲੋਂ ਲਿਖੀਆਂ ਉਹਨਾਂ ਦਰਜਨਾਂ ਕਿਤਾਬਾਂ ਵਿਚੋਂ ਕਿਉਂ ਨਹੀਂ ਲਈ, ਜਿਹਨਾਂ ਵਿਚ ਸਰਕਾਰੀ ਸਰਪ੍ਰਸਤੀ ਹੇਠ ਕਾਂਗਰਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕਰਵਾਏ ਹਮਲੇ ਅਤੇ 1984 ਵਿਚ ਦਿੱਲੀ ਅੰਦਰ ਸਿੱਖਾਂ ਦੀ ਕਰਵਾਈ ਨਸਲਕੁਸ਼ੀ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹ ਜਲਦੀ ਹੀ ਨਾਮੀ ਸਿੱਖ ਵਿਦਵਾਨਾਂ ਦੁਆਰਾ ਲਿਖੀਆਂ ਕਿਤਾਬਾਂ ਦਾ ਬੋਰਾ ਮੁੱਖ ਮੰਤਰੀ ਨੂੰ ਭੇਜਣਗੇ, ਜਿਹਨਾਂ ਵਿਚ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲੇ ਅਤੇ ਦਿੱਲੀ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੀ ਘੜੀ ਸਾਜ਼ਿਸ਼ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਹ ਕਿਤਾਬਾਂ ਤੁਹਾਡੀ ਯਾਦ ਨੂੰ ਤਾਜ਼ਾ ਕਰ ਦੇਣਗੀਆਂ ਅਤੇ ਤੁਹਾਡੀ ਚੋਣਵੀਆਂ ਘਟਨਾਵਾਂ ਨੂੰ ਭੁੱਲਣ ਦੀ ਬੀਮਾਰੀ ਨੂੰ ਦੂਰ ਕਰ ਦੇਣਗੀਆਂ। ਤੁਸੀਂ ਦੁਬਾਰਾ ਕਿਸੇ ਨੂੰ ਬੇਵਕੂਫਾਂ ਵਾਲੇ ਮਸ਼ਵਰੇ ਨਹੀਂ ਦਿਓਗੇ। ਕਿਤਾਬਾਂ ਦਾ ਇਹ ਤੋਹਫਾ ਤੁਹਾਡਾ ਮਨ ਵੀ ਬਦਲ ਸਕਦਾ ਹੈ ਅਤੇ ਤੁਹਾਨੂੰ ਗਾਂਧੀ ਪਰਿਵਾਰ ਦੀ ਖੁਸ਼ਾਮਦ ਛੱਡ ਕੇ ਆਪਣੇ ਭਾਈਚਾਰੇ ਦੀਆਂ ਤਕਲੀਫਾਂ ਬਾਰੇ ਵਧੇਰੇ ਸੰਵੇਦਨਸ਼ੀਲ ਬਣਾ ਸਕਦਾ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਇਸ ਨਾਲ ਫਾਇਦਾ ਨਹੀ ਹੋਇਆ ਤਾਂ ਉਹ ਮੁੱਖ ਮੰਤਰੀ ਸਕੂਲਾਂ ਵਿਚ ਪੜ੍ਹਾਈ ਜਾਂਦੀ 'ਅੰਧੇਰ ਨਗਰੀ ਚੌਪਟ ਰਾਜਾ' ਦੀ ਕਹਾਣੀ ਪੜ੍ਹਣ ਦੀ ਸਲਾਹ ਦੇਣਗੇ। ਉਹਨਾਂ ਕਿਹਾ ਕਿ ਉਮੀਦ ਹੈ ਕਿ ਤੁਹਾਨੂੰ ਇਸ ਕਹਾਣੀ ਜਾਣੀ ਪਹਿਚਾਣੀ ਲੱਗੇਗੀ, ਕਿਉਂਕਿ ਤੁਹਾਡੀ ਅਗਵਾਈ ਵਿਚ ਪੰਜਾਬ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੁੰਦੀ ਜਾ ਰਹੀ ਹੈ। ਗੈਗਸਟਰਾਂ ਅਤੇ ਮਾਫੀਆਂ ਵੱਲੋਂ ਜੇਲ੍ਹਾਂ ਅੰਦਰ ਬੈਠ ਕੇ ਫਿਰੌਤੀ ਰੈਕਟ ਚਲਾਏ ਜਾ ਰਹੇ ਹਨ,ਕਿਸਾਨ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਸਰਕਾਰੀ ਕਰਮਚਾਰੀਆਂ ਨੂੰ ਬਕਾਏ ਲੈਣ ਲਈ ਅੰਦੋਲਨ ਕਰਨੇ ਪੈ ਰਹੇ ਹਨ।