ਪਰ ਪੰਜਾਬ ਦੇ ਮੁੱਦਿਆਂ ਬਾਰੇ ਉਹਨਾਂ ਮੁੱਖ ਮੰਤਰੀ ਨਾਲ ਬਹਿਸ ਵਿਚ ਡਟ ਕੇ ਭਾਗ ਗਿਆ
ਕਿਹਾ ਕਿ ਕੈਪਟਨ ਨੇ ਏਮਜ਼ ਅਤੇ ਲਾਡੋਵਾਲ ਫੂਡ ਪਾਰਕ ਨੂੰ ਲਟਕਾਇਆ
ਬਠਿੰਡਾ/26 ਅਪ੍ਰੈਲ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਟਿੱਪਣੀਆਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਸਵੇਰ ਅਤੇ ਸ਼ਾਮ ਅਕਾਲ ਪੁਰਖ ਅੱਗੇ ਅਰਦਾਸ ਕਰਨਗੇ ਕਿ ਪ੍ਰਮਾਤਮਾ ਉਹਨਾਂ ਨੂੰ ਨਿਮਰਤਾ ਦੀ ਹੋਰ ਦਾਤ ਬਖਸ਼ੇ।
ਮੁੱਖ ਮੰਤਰੀ ਵੱਲੋਂ ਕੀਤੀਆਂ ਅਣਸੁਖਾਂਵੀਆਂ ਟਿੱਪਣੀਆਂ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਬੀਬੀ ਹਰਸਿਮਰਤ ਬਾਦਲ ਨੇ ਕਿਹਾ ਕਿ ਰਾਜਾ ਸਾਹਿਬ ਦੀਆਂ ਟਿੱਪਣੀਆਂ ਦਾ ਮੁਲੰਕਣ ਕਰਨ ਦਾ ਕੰਮ ਮੈਂ ਲੋਕਾਂ ਉੱਤੇ ਛੱਡਦੀ ਹਾਂ। ਜਿੱਥੋਂ ਤਕ ਮੇਰਾ ਸੰਬੰਧ ਹੈ, ਉਸ ਨੂੰ ਜੋ ਚੰਗਾ ਲੱਗੇ ਉਹ ਕਹਿਣ ਲਈ ਆਜ਼ਾਦ ਹੈ। ਮੇਰਾ ਵਾਹਿਗੁਰੂ ਵਿਚ ਭਰੋਸਾ ਹੈ ਅਤੇ ਮੈਂ ਬਠਿੰਡਾ ਦੇ ਲੋਕਾਂ ਉੱਤੇ ਛੱਡਦੀ ਹਾਂ ਕਿ ਉਹ ਮੇਰਾ ਫੈਸਲਾ ਕਰਨ। ਮੈਂ ਹਮੇਸ਼ਾਂ ਲੋਕਾਂ ਦੇ ਵਿਚ ਰਹੀ ਹਾਂ ਅਤੇ ਹੁਣ ਵੀ ਉਹਨਾਂ ਵਿਚ ਹੀ ਹਾਂ। ਰਾਜਾ ਸਾਹਿਬ ਨੇ ਮੈਨੂੰ ਪਛਾੜਣ ਲਈ ਅਤੇ ਦੁਬਾਰਾ ਜਿੱਤਣ ਤੋਂ ਰੋਕਣ ਲਈ ਦੋ ਦਿਨ ਕੱਢੇ ਹਨ। ਮੈਂ ਉਹਨਾਂ ਨੂੰ ਸ਼ੁੱਭ-ਇੱਛਾਵਾਂ ਭੇਜਦੀ ਹਾਂ।
ਬਠਿੰਡਾ ਸਾਂਸਦ ਨੇ ਕਿਹਾ ਕਿ ਉਹ ਆਪਣੇ ਸੁਭਾਅ ਬਾਰੇ ਮੁੱਖ ਮੰਤਰੀ ਵੱਲੋਂ ਕੀਤੀਆਂ ਟਿੱਪਣੀਆਂ ਉੱਤੇ ਕੋਈ ਬਹਿਸ ਨਹੀਂ ਕਰਨਾ ਚਾਹੁੰਦੀ, ਪਰ ਮੈਨੂੰ ਅਮਰਿੰਦਰ ਦੀ ਕਹੀ ਇਹ ਗੱਲ ਬਹੁਤ ਜ਼ਿਆਦਾ ਚੁਭੀ ਹੈ ਕਿ ਮੈਂ ਪੰਜਾਬ ਦੇ ਹਿੱਤਾਂ ਦਾ ਸਮਰਥਨ ਨਹੀਂ ਕੀਤਾ। ਉਹਨਾਂ ਕਿਹਾ ਕਿ ਮੈਂ ਪੰਜਾਬ ਅਤੇ ਸਿੱਖ ਭਾਈਚਾਰੇ ਨਾਲ ਜੁੜੇ ਮਸਲਿਆਂ ਨੂੰ ਬਹੁਤ ਜ਼ੋਰ ਸ਼ੋਰ ਨਾਲ ਉਠਾਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹਮੇਸ਼ਾਂ ਮੇਰੀਆਂ ਮੰਗਾਂ ਦਾ ਹਾਂ-ਪੱਖੀ ਹੁੰਗਾਰਾ ਭਰਿਆ ਹੈ ਅਤੇ ਮੇਰਾ ਸਮਰਥਨ ਕੀਤਾ ਹੈ। ਬੀਬੀ ਬਾਦਲ ਨੇ ਮੁੱਖ ਮੰਤਰੀ ਨੂੰ ਘੇਰਦਿਆਂ ਪੁੱਛਿਆ ਕਿ ਤੁਸੀਂ ਹਮੇਸ਼ਾਂ ਮੇਰੀਆਂ ਚਿੱਠੀਆਂ ਉੱਤੇ ਕਾਰਵਾਈ ਕਰਨ ਤੋਂ ਕੰਨੀ ਕਤਰਾਉਂਦੇ ਰਹੇ ਹੋ। ਸੱਚਾਈ ਇਹ ਹੈ ਕਿ ਤੁਸੀਂ ਏਮਜ਼ ਪ੍ਰਾਜੈਕਟ ਅਤੇ ਲਾਡੋਵਾਲ ਮੈਗਾ ਫੂਡ ਪਾਰਕ ਨੂੰ ਜਾਣ ਬੁੱਝ ਕੇ ਲਟਕਾਇਆ ਹੈ। ਮੈਂ ਤੁਹਾਨੂੰ ਉਹ ਚਿੱਠੀਆਂ ਭੇਜ ਰਹੀ ਹਾਂ, ਜਿਹੜੀਆਂ ਏਮਜ਼ ਵਾਸਤੇ ਸਰਕਾਰੀ ਪ੍ਰਵਾਨਗੀਆਂ ਦੇਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਵਾਸਤੇ ਲਿਖੀਆਂ ਸਨ, ਜਿਸ ਨੂੰ ਤੁਸੀਂ ਜਾਣ ਬੁੱਝ ਕੇ ਲੇਟ ਕੀਤਾ ਤਾਂ ਕਿ ਬਠਿੰਡਾ ਅੰਦਰ ਇਸ ਵੱਕਾਰੀ ਪ੍ਰਾਜੈਕਟ ਨੂੰ ਲਿਆਉਣ ਦਾ ਮੈਨੂੰ ਸਿਹਰਾ ਨਾ ਮਿਲੇ। ਉਹਨਾਂ ਕਿਹਾ ਕਿ ਮੈਂ ਉਹ ਚਿੱਠੀਆਂ ਵੀ ਭੇਜ ਰਹੀ ਹਾਂ, ਜਿਹੜੀਆਂ ਮੈਂ ਤੁਹਾਨੂੰ ਲਾਡੋਵਾਲ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਨ ਵਾਸਤੇ ਲਿਖੀਆਂ ਸਨ, ਜਿਸ ਨਾਲ ਆਲੂ ਉਤਪਾਦਕਾਂ ਨੂੰ ਬਹੁਤ ਲਾਭ ਹੋਣਾ ਸੀ। ਇਸ ਤੋਂ ਇਲਾਵਾ ਗੁਦਾਮਾਂ ਵਿਚ ਕਣਕ ਭੰਡਾਰਨ ਦੀ ਸਮਰੱਥਾ ਵਧ ਜਾਣੀ ਸੀ।
ਬੀਬੀ ਬਾਦਲ ਨੇ ਕਿਹਾ ਕਿ ਦਿੱਲੀ ਦੇ ਬੁੱਚੜ ਸੱਜਣ ਕੁਮਾਰ ਨੂੰ ਜੇਲ੍ਹ ਭਿਜਵਾਉਣ ਵਿਚ ਯੋਗਦਾਨ ਪਾਉਣਾ ਉਹਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿਸ ਨੂੰ ਅਕਾਲੀ ਦਲ ਦੀ ਬੇਨਤੀ ਉਤੇ ਪ੍ਰਧਾਨ ਮੰਤਰੀ ਵੱਲੋਂ ਗਠਿਤ ਕੀਤੀ ਸਿੱਟ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਹੋਈ ਹੈ। ਉਹਨਾਂ ਕਿਹਾ ਕਿ ਤੁਸੀਂ ਇਸ ਦੇ ਉਲਟ 1984 ਸਿੱਖ ਕਤਲੇਆਮ ਦੇ ਸਰਗਨੇ ਜਗਦੀਸ਼ ਟਾਈਟਲਰ ਦਾ ਬਚਾਅ ਕਰਕੇ ਸਿੱਖ ਭਾਈਚਾਰੇ ਦੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾਂ ਹੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੀਆਂ ਗਤੀਵਿਧੀਆਂ ਵਿਚ ਪੰਜਾਬ ਸਰਕਾਰ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਵਰਲਡ ਫੂਡ ਇੰਡੀਆਂ ਮੇਲੇ ਵਿਚ ਪੰਜਾਬ ਸਰਕਾਰ ਨੇ ਬਹੁਤ ਹੀ ਜਕੋਤਕੀ ਨਾਲ ਭਾਗ ਲਿਆ ਸੀ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੀਆਂ ਸਕੀਮਾਂ ਵਾਸਤੇ ਕਦੇ ਅਪਲਾਈ ਨਹੀਂ ਕੀਤਾ ਅਤੇ ਨਾ ਹੀ ਇਸ ਨੇ ਕਿਸਾਨਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਦਿਵਾਉਣ ਵਿਚ ਉਹਨਾਂ ਦੀ ਮੱਦਦ ਕੀਤੀ ਹੈ। ਉਹਨਾਂ ਕਿਹਾ ਕਿ ਤੁਸੀਂ ਅਤੇ ਤੁਹਾਡੀ ਸਰਕਾਰ ਨੇ ਹਮੇਸ਼ਾਂ ਸਿਆਸਤ ਖੇਡੀ ਹੈ। ਚੋਣ ਜ਼ਾਬਤਾ ਲੱਗਣ ਤੋਂ ਦੋ ਹਫ਼ਤੇ ਪਹਿਲਾਂ ਤੁਸੀਂ ਮੈਨੂੰ ਚਿੱਠੀ ਲਿਖ ਕੇ ਪੰਜਾਬ ਨੂੰ ਆਪਰੇਸ਼ਨ ਗਰੀਨ ਪ੍ਰਾਜੈਕਟ ਵਿਚ ਸ਼ਾਮਿਲ ਕਰਵਾਉਣ ਲਈ ਕਿਹਾ ਸੀ, ਜਦਕਿ ਇਸ ਵਾਸਤੇ ਤੁਹਾਡੇ ਵੱਲੋਂ ਕੋਈ ਵੀ ਲੋੜੀਂਦੀ ਤਿਆਰੀ ਨਹੀਂ ਕੀਤੀ ਹੋਈ ਸੀ।
ਬੀਬੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਮੰਤਰਾਲੇ ਅਤੇ ਪੰਜਾਬ ਦੀਆਂ ਪ੍ਰਾਪਤੀਆਂ ਉੱਤੇ ਫਖ਼ਰ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਮੰਤਰਾਲੇ ਵੱਲੋਂ ਸੂਬੇ ਅੰਦਰ ਤਿੰਨ ਮੈਗਰਾ ਫੂਡ ਪਾਰਕਾਂ, 19 ਕੋਲਡ ਚੇਨਾਂ, 2 ਐਗਰੋ ਪ੍ਰੋਸੈਸਿੰਗ ਕਲੱਸਟਰਾਂ, ਸੱਤ ਫੂਡ ਟੈਸਟਿੰਗ ਲੈਬਾਰਟਰੀਆਂ ਅਤੇ ਇਕ ਟਰੇਨਿੰਗ-ਕਮ-ਬਿਜ਼ਨਸ ਇਨਕਿਊਬੇਸ਼ਨ ਸੈਂਟਰ ਸਮੇਤ 41 ਪ੍ਰਾਜੈਕਟ ਲਿਆਂਦੇ ਗਏ ਹਨ। ਉਹਨਾਂ ਦੱਸਿਆਂ ਕਿ ਇਹਨਾਂ ਸਾਰੇ ਪ੍ਰਾਜੈਕਟਾਂ ਨਾਲ 45 ਹਜ਼ਾਰ ਨੌਕਰੀਆਂ ਪੈਦਾ ਹੋਣਗੀਆਂ ਅਤੇ 1æ3 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ।