ਚੰਡੀਗੜ•, 28 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖੱਟਕੜ ਕਲਾਂ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਰਨਾ ਦੇਣ ਨੂੰ ਇਕ ਪਵਿੱਤਰ ਥਾਂ 'ਤੇ ਸ਼ਰਮਨਾਕ ਸਿਆਸੀ ਨੌਟੰਕੀ ਕਰਾਰ ਦਿੱਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਉਹਨਾਂ ਨੇ ਉਥੇ ਜਾਣਾ ਹੀ ਸੀ ਤਾਂ ਉਹਨਾਂ ਨੂੰ ਪੰਜਾਬ ਨੂੰ ਖੇਤੀਬਾੜੀ ਜਿਣਸ ਦੀ ਮੰਡੀ ਐਲਾਨਣ ਦਾ ਆਰਡੀਨੈਂਸ ਜਾਰੀ ਕਰ ਕੇ ਤੇ 2017 ਵਿਚ ਸੋਧੇ ਆਪਣੇ ਹੀ ਏ ਪੀ ਐਮ ਸੀ ਐਕਟ ਨੂੰ ਵਾਪਸ ਲੈ ਕੇ ਜਾਣਾ ਚਾਹੀਦਾ ਸੀ ਕਿਉਂਕਿ ਇਸ ਐਕਟ ਵਿਚ ਵੀ ਉਹਨਾਂ ਨੇ ਉਹੀ ਮੱਦਾਂ ਸ਼ਾਮਲ ਕੀਤੀਆਂ ਹਨ ਜੋ ਕੇਂਦਰ ਦੇ ਨਵੇਂ ਐਕਟਾਂ ਵਿਚ ਹਨ।
ਸ੍ਰੀ ਬਾਦਲ ਨੇ ਸਵਾਲ ਕੀਤਾ ਕਿ ਕੀ ਸ਼ਹੀਦ ਏ ਆਜ਼ਮ ਦੀ ਆਤਮਾ ਅਜਿਹੀ ਨੌਟੰਕੀ ਉਹਨਾਂ ਲੋਕਾਂ ਵੱਲੋਂ ਕੀਤੇ ਜਾਣ ਵੇਖ ਕੇ ਖੁਸ਼ ਹੋਣਗ ਜਿਹਨਾਂ ਨੇ ਉਹਨਾਂ ਦਾ ਜਿਉਂਦੇ ਜੀਅ ਵਿਰੋਧ ਕੀਤਾ ਸੀ। ਉਹਨਾਂ ਕਿਹਾ ਕਿ ਕੀ ਅਮਰਿੰਦਰ ਤੇ ਉਹਨਾਂ ਦੀ ਜੁੰਡਲੀ ਦੀ ਸਰਦਾਰ ਭਗਤ ਸਿੰਘ ਦੀ ਵਿਚਾਰਧਾਰਾ ਦੇ ਕਿਸੇ ਹਿੱਸੇ ਦੀ ਕੋਈ ਸਾਂਝ ਹੈ ?
ਅਕਾਲੀ ਦਲ ਦੇ ਪ੍ਰਧਾਨ ਨੇ ਚੇਤੇ ਕੀਤਾ ਕਿ ਕਿਵੇਂ ਕੁਝ ਸਾਲ ਪਹਿਲਾਂ ਕੁਝ ਲੋਕਾਂ ਨੇ ਪੀ ਪੀ ਪੀ ਨਾਂ ਦੀ ਇਕ ਪਾਰਟੀ ਖੱਟਕੜ ਕਲਾਂ ਦੀ ਧਰਤੀ ਤੋਂ ਸ਼ੁਰੂ ਕੀਤੀ ਸੀ। ਉਸ ਪਾਰਟੀ ਦੇ ਸੰਸਥਾਪਕ ਹੁਣ ਕਿਥੇ ਹਨ ? ਉਹ ਪਾਰਟੀ ਕਿਥੇ ਹੈ ? ਉਹ ਸਹੁੰ ਕਿਥੇ ਹੈ ? ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਨੇ ਸ਼ਹੀਦ ਏ ਆਜ਼ਮ ਦੇ ਨਾਂ 'ਤੇ ਸਹੁੰ ਚੁੱਕੀ, ਅੱਜ ਉਹ ਉਸ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ ਜਿਸਦਾ ਭਗਤ ਸਿੰਘ ਨੇ ਵਿਰੋਧ ਕੀਤਾ ਸੀ ਤ ਇਸ ਤਰੀਕੇ ਉਹ ਸ਼ਹੀਦ ਏ ਆਜ਼ਮ ਦੇ ਨਾਂ ਦੀ ਬਦਨਾਮੀ ਕਰ ਰਹੇ ਹਨ।
ਉਹਨਾਂ ਕਿਹਾ ਕਿ ਖੱਟਕੜ ਕਲਾਂ ਵਿਖੇ ਅੱਜ ਜੋ ਸਿਆਸੀ ਨੌਟੰਕੀ ਹੋਈ ਉਹ ਅਸਲ ਵਿਚ ਸ਼ਹੀਦ ਏ ਆਜ਼ਾਦ ਦਾ ਅਪਮਾਨ ਹੈ ਕਿਉਂਕਿ ਇਹ ਲੋਕ ਉਹ ਸਭ ਕੁਝ ਕਰ ਰਹੇ ਹਨ ਜਿਸਦਾ ਸ਼ਹੀਦ ਏ ਆਜ਼ਮ ਨੇ ਵਿਰੋਧ ਕੀਤਾ ਸੀ।