ਅਦਾਲਤ ਵੱਲੋਂ ਬੈਂਸ ਖਿਲਾਫ ਕਾਰਵਾਈ ਦੀਆਂ ਹਦਾਇਤਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ : ਵਿਰਸਾ ਸਿੰਘ ਵਲਟੋਹਾ
ਕਿਹਾ ਕਿ ਉਸ ਪੁਲਿਸ ਅਫਸਰ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਿਸਨੇ ਜਬਰ ਜਨਾਹ ਦੀ ਪੀੜਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਤੋਂ ਇਨਕਾਰ ਕੀਤਾ
ਅੰਮ੍ਰਿਤਸਰ, 8 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਖਿਆ ਕਿ ਉਹ ਦੱਸਣ ਕਿ ਉਹ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਦਾ ਜਬਰ ਜਨਾਹ ਕੇਸ ਵਿਚ ਬਚਾਅ ਕਿਉਂ ਕਰ ਰਹੇ ਸਨ ਤੇ ਉਹਨਾਂ ਪੁੱਛਿਆ ਕਿ ਕੀ ਅਜਿਹਾ ਇਸ ਕਰ ਕੇ ਕੀਤਾ ਜਾ ਰਿਹਾ ਸੀ ਕਿ ਲੋਕ ਇਨਸਾਫ ਪਾਰਟੀ ਦੇ ਆਗੂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਲਈ ਸਹਿਮਤੀ ਦੇ ਦਿੱਤੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਇਕ ਮਹਿਲਾ ਵੱਲੋਂ ਸੱਤ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਸਿਮਰਜੀਤ ਬੈਂਸ ਖਿਲਾਫ ਦਿੱਤੀ ਜਬਰ ਜਨਾਹ ਤੇ ਜਿਣਸ਼ੀ ਸੋਸ਼ਣ ਸ਼ਿਕਾਇਤ ’ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਇਹ ਗੱਲ ਅਦਾਲਤਾਂ ’ਤੇ ਛੱਡ ਦਿੱਤੀ ਗਈ ਕਿ ਉਹ ਪੁਲਿਸ ਨੂੰ ਬੈਂਸ ਖਿਲਾਫ ਤੁਰੰਤ ਕੇਸ ਦਾਇਰ ਕਰਨ ਦੀਆਂ ਹਦਾਇਤਾਂ ਦੇਣ ਹਾਲਾਂਕਿ ਇਸ ਹਦਾਇਤ ਦੀ ਇੰਨ ਬਿਨ ਪਾਲਣਾ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਅਦਾਲਤ ਵੱਲੋਂ ਲੁਧਿਆਣਾ ਪੁਲਿਸ ਨੁੰ ਹਦਾਇਤ ਦਿੱਤਿਆਂ ਨੁੰ ਇਕ ਦਿਨ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਹਾਲੇ ਤੱਕ ਪੁਲਿਸ ਨੇ ਕੋਈ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਇਸ ਸਭ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਮੁੱਖ ਮੰਤਰੀ ਤੇ ਲੁਧਿਆਣਾ ਦੇ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਸਮੇਤ ਕਾਂਗਰਸ ਸਰਕਾਰ ਬੈਂਸ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਤੇ ਪੁਲਿਸ ਨੂੰ ਉਸਦੇ ਖਿਲਾਫ ਕਾਰਵਾਈ ਨਹੀਂ ਕਰਨ ਦੇ ਰਹੀ।
ਸਰਦਾਰ ਵਲਟੋਹਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਗੁਨਾਹਕਾਰਾਂ ਦੀ ਪੁਸ਼ਤ ਪਨਾਹੀ ਦੀ ਥਾਂ ’ਤੇ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਲੁਧਿਆਣਾ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਪੀੜਤ ਤੋਂ ਸ਼ਿਕਾਇਤ ਪ੍ਰਾਪਤ ਹੋਣ ਤੋਂ ਤੁਰੰਤ ਬਾਅਦ ਸਿਮਰਜੀਤ ਬੈਂਸ ਦੇ ਖਿਲਾਫ ਕੇਸ ਦਰਜ ਕਰਦੀ। ਪਰ ਉਸਨੇ ਅਜਿਹਾ ਨਹੀਂ ਕੀਤਾ ਤੇ ਆਪਣਾ ਫਰਜ਼ ਨਿਭਾਉਦ ਵਿਚ ਕੁਤਾਹੀ ਕੀਤੀ। ਉਹਨਾਂ ਕਿਹਾ ਕਿ ਅਸੀਂ ਢੁਕਵੀਂਆਂ ਅਦਾਲਤਾਂ ਕੋਲ ਅਪੀਲ ਕਰਾਂਗੇ ਕਿ ਜਿਹੜੇ ਅਫਸਰਾਂ ਨੇ ਪੀੜਤ ਦੇ ਮਾਣ ਸਨਮਾਨ ਦੀ ਰਾਖੀ ਨਹੀਂ ਕੀਤੀ, ਉਹਨਾਂ ਨੁੰ ਸਜ਼ਾ ਦਿੱਤੀ ਜਾਵੇ।
ਸਰਦਾਰ ਵਲਟੋਹਾ ਨੇ ਕਿਹਾ ਕਿ ਇਹ ਸਭ ਕੁਝ ਬੈਂਸ, ਉਸਦੀ ਪਾਰਟੀ ਤੇ ਕਾਂਗਰਸ ਵਿਚ ਹੋਏ ਸਮਝੌਤੇ ਦੇ ਤਹਿਤ ਹੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਲੋਕਾਂ ਨੇ ਵੇਖਿਆ ਹੈ ਕਿ ਕਿਵੇਂ ਭੁਲੱਥ ਦੇ ਵਿਘਾਇਕ ਸੁਖਪਾਲ ਖਹਿਰਾ ਨੇ ਕਾਂਗਰਸ ਪਾਰਟੀ ਦੀ ਆਲੋਚਨਾ ਕਰਨੀ ਬੰਦ ਕਰ ਦਿੱਤੀ ਤੇ ਉਹ ਕਾਂਗਰਸ ਵਿਚ ਸ਼ਾਮਲ ਹੋਣ ਲਈ ਤਿਆਰ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਸਿਮਰਜੀਤ ਬੈਂਸ ਵੀ ਕਾਂਗਰਸ ਦੇ ਨੇੜੇ ਲੱਗ ਗਿਆ ਹੈ ਤੇ ਪਾਰਟੀ ਵਿਚ ਸ਼ਾਮਲ ਹੋਣ ਲਈ ਤਿਆਰ ਹੈ ਬਦਲੇ ਵਿਚ ਉਸਦੇ ਖਿਲਾਫ ਮਹਿਲਾ ਵੱਲੋਂ ਦਾਇਰ ਕੇਸ ਵਿਚ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਬੈਂਸ ਨੁੰ ਇਸ ਗੁਨਾਹ ਦੀ ਸਜ਼ਾ ਜ਼ਰੂਰ ਮਿਲੇਗੀ।