ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਸ਼ਾ ਤਸਕਰਾਂ ਨਾਲ ਸੰਬੰਧਾਂ ਦੀ ਵੀ ਜਾਂਚ ਹੋਵੇ : ਵਿਰਸਾ ਸਿੰਘ ਵਲਟੋਹਾ
ਅੰਮ੍ਰਿਤਸਰ, 8 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਸਰਕਾਰ 300 ਕੁਇੰਟਲ ਹੈਰੋਇਨ ਫੜੇ ਜਾਣ ਦੇ ਮਾਮਲੇ ਵਿਚ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੀ ਭੂਮਿਕਾ ਦੀ ਜਾਂਚ ਕਿਉਂ ਨਹੀਂ ਕਰ ਰਹੀ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਕਿਉਂਕਿ ਪੰਜਾਬ ਪੁਲਿਸ ਸਿੱਕੀ ਦੀ ਕੇਸ ਦੇ ਮੁੱਖ ਦੋਸ਼ੀ ਨਾਲ ਨੇੜਤਾ ਦੀ ਜਾਂਚ ਕਰਨ ਦੇ ਆਪਣੇ ਫਰਜ਼ ਨੁੰ ਨਿਭਾਉਣ ਵਿਚ ਅਸਫਲ ਰਹੀ ਹੈ, ਇਸ ਲਈ ਮਾਮਲਾ ਜਾਂਚ ਵਾਸਤੇ ਕੌਮੀ ਜਾਂਚ ਬਿਊਰੋ ਯਾਨੀ ਐਨ ਸੀ ਬੀ ਹਵਾਲੇ ਕੀਤਾ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਪੂਮਿਕਾ ਦੀ ਜਾਂਚ ਵੀ ਡਾਇਰੈਕਟੋਰੇਟ ਰਵੈਨਿਊ ਇੰਟੈਲੀਜੈਂਸ ਦੇ ਹਵਾਲੇ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਪ੍ਰਚਾਰਕ ਦੇ ਤਰਨ ਤਾਰਨ ਜ਼ਿਲ੍ਹੇ ਦੇ ਚੋਹਲਾ ਸਾਹਿਬ ਦੇ ਵਾਸੀ ਮੁਲਜ਼ਮ ਪ੍ਰਭਵਜੀਤ ਸਿੰਘ ਦੇ ਪਰਿਵਾਰ ਨਾਲ ਨੇੜਲੇ ਸਬੰਧ ਹਨ। ਉਹਨਾਂ ਕਿਹਾ ਕਿ ਪ੍ਰਭਜੀਤ ਦਾ ਰਿਸ਼ਤੇਦਾਰ ਸਿੱਖ ਪ੍ਰਚਾਰਕ ਦਾ ਗੰਨਮੈਨ ਹੈ ਜਦਕਿ ਪਰਿਵਾਰ ਦਾ ਇਕ ਹੋਰ ਮੈਂਬਰ ਕੈਨੇਡਾ ਵਿਚ ਨਸ਼ਾ ਫੜੇ ਜਾਣ ਦੇ ਕੇਸ ਵਿਚ ਮੁਲਜ਼ਮ ਹੈ। ਉਹਨਾਂ ਕਿਹਾ ਕਿ ਢੱਡਰੀਆਂ ਵਾਲਾ ਸੱਤ ਤਾਰਾ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂਦਾ ਹੈ ਤੇ ਇਸ ਕੋਲ ਕਰੋੜਾਂ ਰੁਪਏ ਦੀਆਂ ਕਾਰਾਂ ਵੀ ਹਨ ਜਦਕਿ ਉਸ ਕੋਲ ਜੀਵਨ ਨਿਰਬਾਹ ਦਾ ਕੋਈ ਸਾਧਨ ਨਹੀਂ ਹੈ। ਉਹਨਾਂ ਕਿਹਾ ਕਿ ਨਸ਼ਾ ਸਮੱਗਲਰਾਂ ਦੀ ਪੁਸ਼ਤ ਪਨਾਹੀ ਵਿਚ ਉਸਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਢੱਡਰੀਆਂ ਵਾਲਾ ਇਸ ਮਾਮਲੇ ’ਤੇ ਪੰਜਾਬੀਆਂ ਨੁੰ ਜਵਾਬ ਦੇਵੇ।
ਹੋਰ ਵੇਰਵੇ ਸਾਂਝੇ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ 300 ਕੁਇੰਟਲ ਨਸ਼ਾ ਫੜੇ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਪ੍ਰਭਜੀਤ ਸਿੰਘ ਰਮਨਜੀਤ ਸਿੰਘ ਸਿੱਕੀ ਦੀ ਸੱਜੀ ਬਾਂਹ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬ ਪੁਲਿਸ ਪੰਜਾਬ ਦੇ ਇਸ ਕੇਸ ਵਿਚ ਕਿਸੇ ਦੀ ਪੈੜ ਨਹੀਂ ਨੱਪ ਰਹੀ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ ਜੀ ਪੀ ਦਿਨਕਰ ਗੁਪਤਾ ਦੋਵੇਂ ਇਸ ਕੇਸ ਬਾਰੇ ਚੁੱਪ ਹਨ ਹਾਲਾਂਕਿ ਉਹ ਜਾਣਦੇ ਹਨ ਕਿ ਪ੍ਰਭਜੀਤ ਸਿੰਘ ਪਾਕਿਸਤਸਾਨ ਤੋਂ ਜਿਪਸਨ ਦਰਾਮਦ ਕਰਦਾ ਸੀ ਅਤੇ ਇਸ ਗਿਰੋਹ ਵੱਲੋਂ ਸੈਂਕੜੇ ਕੁਇੰਟਲ ਨਸ਼ਾ ਪਾਕਿਸਤਾਨ ਤੋਂ ਭਾਰਤ ਲਿਆਂਦਾ ਹੋ ਸਕਦਾ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਮਨਜੀਤ ਸਿੱਕੀ ਤੇ ਢੱਡਰੀਆਂ ਵਾਲੇ ਦੇ ਖਿਲਾਫ ਜਾਂਚ ਦਾ ਹੁਕਮ ਨਾ ਦੇ ਕੇ ਨਸ਼ਾ ਸਮਗÇਲੰਗ ਦੀ ਆਪ ਪੁਸ਼ਤ ਪਨਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫਤਿਆਂ ਦੇ ਅੰਦਰ ਅੰਦਰ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ। ਹੁਣ ਤਾਂ ਸਾਢੇ ਚਾਰ ਸਾਲ ਦਾ ਸਮਾਂ ਬੀਤ ਗਿਆ ਹੈ ਤੇ ਨਸ਼ਾ ਤਸਕਰੀ ਕਈ ਗੁਣਾ ਵੱਧ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬੀਆਂ ਦੇ ਨਾਲ ਨਾਲ ਗੁਰੂ ਸਾਹਿਬ ਤੋਂ ਮੁਆਫੀ ਮੰਗਦੀ ਚਾਹੀਦੀ ਹੈ ਕਿ ਉਹਨਾਂ ਨੇ ਦਸਮ ਪਿਤਾ ਦੇ ਨਾਂ ’ਤੇ ਪੰਜਾਬ ਵਿਚੋਂ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦੀ ਝੂਠੀ ਸਹੁੰ ਚੁੱਕੀ ਹੈ। ਉਹਨਾਂ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਉਹਨਾਂ ਦਾ ਕਦੇ ਵੀ ਸਹੁੰ ਮੁਤਾਬਕ ਚੱਲਣ ਦਾ ਇਰਾਦਾ ਨਹੀਂ ਸੀ ਤੇ ਉਹਨਾਂ ਨੇ ਸਿਰਫ ਪੰਜਾਬੀਆਂ ਨੂੰ ਮੂਰਖ ਬਣਾਇਆ ਸੀ।
ਸਰਦਾਰ ਵਲਟੋਹਾ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬੀਆਂ ਨੂੰ ਧੋਖਾ ਦੇਣ ਲਈ ਨਸ਼ੇ ਦੇ ਮੁੱਦੇ ਦੀ ਵਰਤੋਂ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਸਭ ਕੁਝ ਇਕ ਸੋਚੀ ਸਮਝੀ ਸਾਜ਼ਿਸ਼ ਅਧੀਨ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ 2012 ਵਿਚ 70 ਫੀਸਦੀ ਪੰਜਾਬੀ ਨੌਜਵਾਨ ਨਸ਼ੇੜੀ ਹੋਣ ਦਾ ਬਿਆਨ ਦੇ ਕੇ ਇਸਦੀ ਸ਼ੁਰੂਆਤ ਕੀਤੀ ਸੀ ਤੇ ਕਾਂਗਰਸ ਪਾਰਟੀ ਨੇ ਪੰਜਾਬ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਸੋਚੀ ਸਮਝੀ ਸਾਜ਼ਿਸ਼ ਅਧੀਨ ਇਸ ਗੱਲ ਨੁੰ ਹੁਲਾਰਾ ਦਿੱਤਾ। ਉਹਨਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਬੇਨਕਾਬ ਹੋ ਗਈਹੈ ਜੋ ਨਾ ਸਿਰਫ ਨਸ਼ਾ ਖਤਮ ਕਰਨ ਵਿਚ ਨਾਕਾਮ ਹੋਈ ਹੈ ਬਲਕਿ ਸਿੱਧੇ ਤੌਰ ’ਤੇ ਇਸਦੀ ਪੁਸ਼ਤ ਪਨਾਹੀ ਲਈ ਜ਼ਿੰਮੇਵਾਰ ਹੈ।