ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਗਾਂਧੀ ਪਰਿਵਾਰ ਨੂੰ ਬਚਾਉਣ ਦੇ ਆਪਣੇ ਸਿਆਸੀ ਏਜੰਡੇ ਨੂੰ ਪੂਰਾ ਕਰਨ ਵਾਸਤੇ ਪੰਜਾਬੀਆਂ ਨੂੰ ਡਰਾ ਰਿਹਾ ਹੈ
ਕਿਹਾ ਕਿ ਕੈਪਟਨ ਅਮਰਿੰਦਰ ਸੂਬੇ ਅੰਦਰ ਰਾਜੀਵ ਗਾਂਧੀ ਦੇ ਬੁੱਤਾਂ ਦੀ ਰਾਖੀ ਕਰਕੇ ਅਪਰਾਧੀਆਂ ਦੀ ਪੁਸ਼ਤਪਨਾਹੀ ਦੀ ਕਾਂਗਰਸੀ ਰਵਾਇਤ ਨੂੰ ਕਾਇਮ ਰੱਖ ਰਿਹਾ ਹੈ
ਚੰਡੀਗੜ•/29 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਹੈ ਕਿ ਉਹ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਖਾਸ ਕਰਕੇ ਗਾਂਧੀ ਪਰਿਵਾਰ ਨੂੰ ਕਲੀਨ ਚਿਟਾਂ ਕਿਉਂ ਦੇ ਰਿਹਾ ਹੈ ਅਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਕਰਨ ਵਾਲਿਆਂ ਪੰਜਾਬੀਆਂ ਨੂੰ ਜੇਲ•ਾਂ ਵਿਚ ਕਿਉਂ ਸੁੱਟ ਰਿਹਾ ਹੈ? ਪਾਰਟੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸੂਬੇ ਅੰਦਰ ਦੋਸ਼ੀਆਂ ਦੇ ਬੁੱਤਾਂ ਦੀ ਰਾਖੀ ਕਰਕੇ ਮੁੱਖ ਮੰਤਰੀ ਅਪਰਾਧੀਆਂ ਦੀ ਪੁਸ਼ਤਪਨਾਹੀ ਦੀ ਕਾਂਗਰਸੀ ਰਵਾਇਤ ਨੂੰ ਜਾਰੀ ਰੱਖ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਸਾਂਸਦ ਅਤੇ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਗਾਂਧੀ ਪਰਿਵਾਰ ਨੂੰ 1984 ਸਿੱਖ ਕਤਲੇਆਮ ਕੇਸ ਵਿਚੋਂ ਬਚਾਉਣ ਦਾ ਆਪਣਾ ਸਿਆਸੀ ਏਜੰਡਾ ਪੰਜਾਬੀਆਂ ਨੂੰ ਡਰਾ ਕੇ ਪੂਰਾ ਕਰਨ ਦੇ ਰੌਂਅ ਵਿਚ ਜਾਪਦਾ ਹੈ। ਉਹਨਾਂ ਕਿਹਾ ਕਿ ਜਦੋਂ ਪੰਜਾਬੀਆਂ ਦੇ ਅਚਾਨਕ ਫੁੱਟੇ ਗੁੱਸੇ ਕਰਕੇ ਪੰਜਾਬ ਅਤੇ ਦੇਸ਼ ਦੀ ਰਾਜਧਾਨੀ ਰਾਜੀਵ ਗਾਂਧੀ ਦੇ ਬੁੱਤਾਂ ਉੱਤੇ ਕਾਲਖ਼ ਮਲਣ ਦੀਆਂ ਘਟਨਾਵਾਂ ਵਾਪਰ ਲੱਗੀਆਂ ਤਾਂ ਕੈਪਟਨ ਅਮਰਿੰਦਰ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਇਕਦਮ ਡੂੰਘੀ ਨੀਂਦ ਵਿਚੋਂ ਛਾਲ ਮਾਰ ਕੇ ਬਾਹਰ ਆ ਗਿਆ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਸਿੱਖ ਸੰਗਤ ਦੇ ਫੁੱਟੇ ਗੁੱਸੇ ਦੀਆਂ ਇਹਨਾਂ ਘਟਨਾਵਾਂ ਨੂੰ ਸੂਬੇ ਅੰਦਰ ਅਮਨ ਅਤੇ ਫਿਰਕੂ ਸਦਭਾਵਨਾ ਦਾ ਮਾਹੌਲ ਵਿਗਾੜਣ ਵਾਲੀਆਂ ਕਰਾਰ ਦੇ ਕੇ ਪੰਜਾਬੀਆਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ 1984 ਦੇ ਦੋਸ਼ੀਆਂ ਖ਼ਿਲਾਫ ਉਪਜੇ ਜਨਤਾ ਦੇ ਗੁੱਸੇ ਨੂੰ ਭੰਨ-ਤੋੜ ਦੀਆਂ ਕਾਰਵਾਈਆਂ ਵਜੋਂ ਪੇਸ਼ ਕਰਕੇ ਮੁੱਖ ਮੰਤਰੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਲਈ ਇਨਸਾਫ ਮੰਗ ਰਹੀਆਂ ਆਵਾਜ਼ਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਿਹਾ ਹੈ।
ਮੁੱਖ ਮੰਤਰੀ ਨੂੰ ਇਹ ਪੁੱਛਦਿਆਂ ਕਿ ਉਹ ਕਾਤਿਲਾਂ ਦਾ ਸਾਥ ਅਤੇ 1984 ਪੀੜਤਾਂ ਲਈ ਇਨਸਾਫ ਮੰਗਣ ਵਾਲੇ ਲੋਕਾਂ ਨੂੰ ਜੇਲ• ਵਿਚ ਕਿਉਂ ਸੁੱਟ ਰਿਹਾ ਹੈ, ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ 34 ਸਾਲ ਮਗਰੋਂ ਉਹਨਾਂ ਪੀੜਤ ਪਰਿਵਾਰਾਂ ਨੂੰ ਇੱਕ ਆਸ ਦੀ ਕਿਰਨ ਨਜ਼ਰ ਆਈ ਹੈ, ਜਿਹੜੇ ਇੰਨੇ ਸਾਲਾਂ ਤੋਂ ਸਿਆਸੀ ਤੌਰ ਤੇ ਤਾਕਤਵਰ ਦੋਸ਼ੀਆਂ ਨੂੰ ਜੇਲ• ਭੇਜਣ ਦੀ ਲੜਾਈ ਲੜ ਰਹੇ ਸਨ। ਉਹਨਾਂ ਕਿਹਾ ਕਿ ਹੁਣ ਤੁਸੀਂ ਗਾਂਧੀ ਪਰਿਵਾਰ ਦੀ ਸ਼ਰੇਆਮ ਹਮਾਇਤ ਕਰਕੇ ਆਪਣਾ ਅਸਲੀ ਚਿਹਰਾ ਵਿਖਾ ਦਿੱਤਾ ਹੈ ਜਦਕਿ ਤੁਹਾਨੂੰ ਇਸ ਜਰੂਰਤ ਦੀ ਘੜੀ ਵਿਚ 1984 ਪੀੜਤਾਂ ਨਾਲ ਖੜ•ੇ ਹੋਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਨਸਲਕੁਸ਼ੀ ਪੀੜਤਾਂ ਲਈ ਇਨਸਾਫ ਮੰਗਣ ਵਾਲੇ ਲੋਕ ਹਨ, ਜਿਹੜੇ ਸਿੱਖਾਂ ਦੇ ਸਮੂਹਿਕ ਕਤਲੇਆਮ ਦੀ ਸਾਜ਼ਿਸ ਰਚਣ ਵਾਲੇ ਇੱਕ ਦੋਸ਼ੀ ਦੇ ਬੁੱਤਾਂ ਉਤੇ ਕਾਲਖ ਮਲ ਕੇ ਆਪਣਾ ਗੁੱਸਾ ਕੱਢ ਰਹੇ ਹਨ ਅਤੇ ਦੂਜੇ ਪਾਸੇ ਉਹ ਕਾਂਗਰਸੀ ਆਗੂ ਹਨ, ਜਿਹੜੇ ਗਾਂਧੀ ਪਰਿਵਾਰ ਪ੍ਰਤੀ ਆਪਣੀ ਵਫਾਦਾਰੀ ਵਿਖਾਉਣ ਲਈ ਰਾਜੀਵ ਗਾਂਧੀ ਦੇ ਬੁੱਤ ਨੂੰ ਦੁੱਧ ਨਾਲ ਧੋਣ ਵਿਚ ਰੁੱਝੇ ਹਨ। ਉਹਨਾਂ ਕਿਹਾ ਕਿ ਸਿੱਖ ਸੰਗਤ ਦੇ ਗੁੱਸੇ ਪ੍ਰਗਟਾਵਾ ਕਰਨ ਵਾਲਿਆਂ ਨੂੰ ਜੇਲ• ਵਿਚ ਬੰਦ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਜਾਂ ਤਾਂ ਗਾਂਧੀ-ਪੂਜਕਾਂ ਦੇ ਟੋਲੇ ਵਿਚ ਸ਼ਾਮਿਲ ਹੋ ਜਾਵੋ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੋ, ਕਿਉਂਕਿ ਗਾਂਧੀ ਪਰਿਵਾਰ ਨੂੰ ਕਿਸੇ ਵੀ ਅਪਰਾਧ ਦਾ ਦੋਸ਼ੀ ਠਹਿਰਾਉਣ ਵਾਲਿਆਂ ਨੂੰ ਬਿਲਕੁੱਲ ਨਹੀਂ ਬਖ਼ਸ਼ਿਆ ਜਾਵੇਗਾ।
ਸਿਰਫ ਆਪਣੀ ਕੁਰਸੀ ਬਚਾਉਣ ਖਾਤਿਰ ਗਾਂਧੀ ਪਰਿਵਾਰ ਦੀ ਮਨੁੱਖਤਾ ਖ਼ਿਲਾਫ ਕੀਤੇ ਘਿਣਾਉਣੇ ਅਪਰਾਧਾਂ ਵਿਚ ਹਮਾਇਤ ਕਰਕੇ ਸਿੱਖਾਂ ਨਾਲ ਵਿਸ਼ਵਾਸ਼ਘਾਤ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸੇਧਦਿਆਂ ਅਕਾਲੀ ਆਗੂ ਨੇ ਕਿਹਾ ਕਿ ਦਿੱਲੀ ਹਾਈ ਕੋਰਟ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿਚ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਂਦਿਆਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦੋਸ਼ੀ ਇਸ ਕਰਕੇ 34 ਸਾਲ ਕਾਨੂੰਨ ਤੋਂ ਬਚਦੇ ਰਹੇ, ਕਿਉਂਕਿ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਪੰਜਾਬ ਵਿਚ ਦੋਸ਼ੀਆਂ ਦੇ ਬੁੱਤਾਂ ਦੀ ਰਾਖੀ ਕਰਕੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਂਡ ਨੂੰ ਇਹੀ ਵਿਖਾਉਣਾ ਚਾਹੁੰਦਾ ਹੈ ਕਿ ਉਹ 1984 ਨਸਲਕੁਸ਼ੀ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਦੀ ਕਾਂਗਰਸੀ ਰਵਾਇਤ ਨੂੰ ਕਾਇਮ ਰੱਖ ਰਿਹਾ ਹੈ।