ਕਿਹਾ ਕਿ ਔਰਤਾਂ ਨੇ ਸ਼ਿਕਾਇਤ ਕੀਤੀ ਹੈ ਕਿ ਆਟਾ ਦਾਲ ਅਤੇ ਦੂਜੀਆਂ ਸਮਾਜ ਭਲਾਈ ਸਕੀਮਾਂ ਦੇ ਹਜ਼ਾਰਾਂ ਲਾਭਪਾਤਰੀਆਂ ਦੇ ਕਾਰਡਾਂ ਕੱਟ ਦਿੱਤੇ ਗਏ ਹਨ
ਤਲਵਡੀ ਸਾਬੋ/06 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਉਹ ਜੁਆਬ ਦੇਣ ਕਿ ਉਹਨਾਂ ਨੇ ਗਰੀਬਾਂ ਨਾਲ ਵਿਤਕਰਾ ਕਿਉਂ ਕੀਤਾ ਹੈ ਅਤੇ ਉਹਨਾਂ ਕੋਲੋਂ ਸਾਰੀਆਂ ਸਮਾਜ ਭਲਾਈ ਸਕੀਮਾਂ ਦੇ ਲਾਭ ਖੋਹ ਕੇ ਗਰੀਬਾਂ ਦੀ ਜ਼ਿੰਦਗੀ ਨਰਕ ਕਿਉਂ ਬਣਾ ਦਿੱਤੀ ਹੈ?
ਬੀਬੀ ਬਾਦਲ ਨੇ ਭਾਗੀਵਾਂਦਰ, ਸ਼ੇਖਪੁਰਾ, ਜਗ੍ਹਾ ਰਾਮ ਤੀਰਥ ਅਤੇ ਨਾਂਗਲਾ ਵਿਖੇ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜਾ ਸਾਹਬ ! ਪੰਜਾਬ ਦਾ ਗਰੀਬ ਤੁਹਾਡੇ ਕੋਲੋਂ ਹਿਸਾਬ ਮੰਗਦਾ ਹੈ। ਬੀਬੀ ਬਾਦਲ ਨੇ ਉਹਨਾਂ ਕੋਲ ਆਪਣੇ ਰੱਦ ਕੀਤੇ ਆਟਾ ਦਾਲ, ਬੁਢਾਪਾ ਪੈਨਸ਼ਨ ਦੇ ਕਾਰਡ ਅਤੇ ਰਾਸ਼ਨ ਕਾਰਡ ਲੈ ਕੇ ਪਹੁੰਚੀਆਂ ਔਰਤਾਂ ਦੀਆਂ ਸ਼ਿਕਾਇਤਾਂ ਸੁਣਨ ਮਗਰੋਂ ਉਪਰੋਕਤ ਟਿੱਪਣੀਆਂ ਕੀਤੀਆਂ।
ਬਠਿੰਡਾ ਸਾਂਸਦ ਨੇ ਕਿਹਾ ਕਿ ਬਠਿੰਡਾ ਹਲਕੇ ਵਿਚ ਆਟਾ-ਦਾਲ ਦੇ ਹਜ਼ਾਰਾਂ ਕਾਰਡਾਂ ਨੂੰ ਨਾਜਾਇਜ਼ ਢੰਗ ਨਾਲ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਅੰਦਰ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਮੁੱਖ ਮੰਤਰੀ ਨੇ ਸੂਬੇ ਦਾ ਕਾਰਜਭਾਰ ਸੰਭਾਲਦੇ ਹੀ ਵਿਧਵਾ ਪੈਨਸ਼ਨ ਰੱਦ ਕਰਨ ਵਾਲੀ ਫਾਇਲ ਉਤੇ ਦਸਤਖ਼ਤ ਕੀਤੇ ਸਨ। ਉਹਨਾਂ ਕਿਹਾ ਕਿ ਗਰੀਬਾਂ ਕੋਲੋਂ ਸਮਾਜ ਭਲਾਈ ਸਕੀਮਾਂ ਦੇ ਲਾਭ ਖੋਹ ਲਏ ਗਏ ਹਨ ਅਤੇ ਉਲਟਾ ਉੁਹਨਾਂ ਉੱਤੇ ਵੱਡੇ ਬਿਜਲੀ ਬਿਲਾਂ ਦਾ ਬੋਝ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਉਹੀ ਲੋਕ ਹਨ, ਜਿਹਨਾਂ ਨੂੰ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੇਲੇ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਮਿਲਦੀ ਹੁੰਦੀ ਸੀ।
ਬੀਬੀ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਪਾਰਟੀ ਦਾ ਸੇਵਾ ਵਿਚ ਕੋਈ ਯਕੀਨ ਹੀ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਵਾਅਦੇ ਕੀਤੇ ਸਨ। ਆਪਣੇ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਤੁਸੀਂ ਮੈਨੂੰ 10 ਸਾਲ ਤੋਂ ਜਾਣਦੇ ਹੋ। ਮੈਂ ਤੁਹਾਡੇ ਪਿੰਡਾਂ ਵਿਚ ਕਈ ਵਾਰ ਆਈ ਹਾਂ।ਮੈਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਉਹ ਚਾਹੇ ਸਿੰਚਾਈ ਸਹੂਲਤਾਂ ਸ਼ੁਰੂ ਕਰਵਾਉਣਾ ਹੋਵੇ, ਆਰਓ ਪਲਾਂਟ ਲਗਵਾਉਣਾ ਹੋਵੇ, ਧਰਮਸ਼ਾਲਾਵਾਂ ਲਈ ਗਰਾਂਟ ਦੇਣਾ ਹੋਵੇ ਜਾਂ ਹੋਰ ਕੰਮ ਹੋਣ, ਨੂੰ ਹੱਲ ਕੀਤਾ ਹੈ। ਅੱਜ ਸਾਰੇ ਵਿਕਾਸ ਕਾਰਜ ਰੁਕ ਗਏ ਹਨ। ਪ੍ਰਸ਼ਾਸ਼ਨ 'ਚ ਤੁਹਾਡੀ ਕੋਈ ਨਹੀਂ ਸੁਣਦਾ। ਇਸ ਭ੍ਰਿਸ਼ਟ ਕਾਂਗਰਸ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਮੈਂ ਤੁਹਾਨੂੰ ਅਕਾਲੀ ਦਲ ਦਾ ਸਮਰਥਨ ਕਰਨ ਦੀ ਅਪੀਲ ਕਰਦੀ ਹਾਂ।
ਇਸ ਮੌਕੇ ਉੱਪਰ ਬੋਲਦਿਆਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਤਲਵੰਡੀ ਸਾਬੋ ਦੇ ਕਿਸੇ ਵੀ ਪਿੰਡ ਵਿਚ ਇੱਕ ਵੀ ਸਾਂਝਾ ਕੰਮ ਨਹੀਂ ਕੀਤਾ ਹੈ। ਉਹਨਾਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਗੈਰਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਨ ਦਾ ਆਦੀ ਹੈ। ਉਹਨਾਂ ਕਿਹਾ ਕਿ ਪਹਿਲਾਂ ਉਸ ਨੇ ਪੰਜਾਬੀਆਂ ਨੂੰ ਝੋਨਾ ਬੀਜਣਾ ਬੰਦ ਕਰਕੇ ਬੱਕਰੀਆਂ ਪਾਲਣ ਵਾਸਤੇ ਕਿਹਾ ਸੀ। ਇੱਕ ਵਾਰ ਉਸ ਨੇ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਉਹਨਾਂ ਨੇ ਕਾਂਗਰਸ ਨੂੰ ਵੋਟ ਨਾ ਪਾਈ ਤਾਂ ਉਹ ਆਪਣੇ ਕੁੱਤੇ ਉਹਨਾਂ ਮਗਰ ਪਾ ਦੇਵੇਗਾ। ਉਹਨਾਂ ਕਿਹਾ ਕਿ ਤੁਸੀਂ ਅਜਿਹੇ ਵਿਅਕਤੀ ਉੱਤੇ ਭਰੋਸਾ ਨਹੀਂ ਕਰ ਸਕਦੇ। ਜੀਤ ਮਹਿੰਦਰ ਸਿੱਧੂ ਨੇ ਸਾਰੇ ਗਰੀਬਾਂ ਦੇ ਰੱਦ ਕੀਤੇ ਆਟਾ-ਦਾਲ ਕਾਰਡ ਦੁਬਾਰਾ ਬਣਵਾਉਣ ਲਈ ਇੱਕ ਅੰਦੋਲਨ ਸ਼ੁਰੂ ਕਰਨ ਦਾ ਪ੍ਰਣ ਲਿਆ।