ਡਾਕਟਰ ਦਲਜੀਤ ਸਿੰਘ ਚੀਮਾ ਨੇ ਸਮੁੱਚੀ ਘਟਨਾ ਦੀ ਇੱਕ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ
ਕਿਹਾ ਕਿ ਅਕਾਲੀ ਦਲ ਨੇ ਸ਼ਰਧਾਲੂਆਂ ਦੀ ਵਾਪਸੀ ਲਈ ਰਾਹ ਖੁਲਵਾ ਕੇ ਆਪਣਾ ਫਰਜ਼ ਨਿਭਾਇਆ ਸੀ ਅਤੇ ਪੰਜਾਬ ਸਰਕਾਰ ਨੇ ਲੋੜੀਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਕੇ ਸ਼ਰਧਾਲੂਆਂ ਨੂੰ ਸੰਕਟ 'ਚ ਪਾਇਆ ਹੈ
ਚੰਡੀਗੜ੍ਹ/02 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਜੁਆਬ ਦੇਣ ਕਿ ਸਰਕਾਰ ਉਹਨਾਂ ਸ਼ਰਧਾਲੂਆਂ ਦੀ ਤਕਲੀਫਾਂ ਪ੍ਰਤੀ ਖਾਮੋਸ਼ ਅਤੇ ਬੇਧਿਆਨੀ ਕਿਉਂ ਹੋਈ ਬੈਠੀ ਹੈ, ਜਿਹਨਾਂ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਂਦਾ ਗਿਆ ਹੈ। ਪਾਰਟੀ ਨੇ ਕਿਹਾ ਕਿ ਸਰਕਾਰ ਨੇ ਸਰਕਾਰੀ ਏਕਾਂਤਵਾਸ ਕੇਂਦਰਾਂ ਵਿਚ ਸ਼ਰਧਾਲੂਆਂ ਨਾਲ ਹੋਈ ਬਦਸਲੂਕੀ ਦੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸ਼ਰਧਾਲੂਆਂ ਨੂੰ ਗੰਦਗੀ ਭਰੇ ਏਕਾਂਤਵਾਸ ਕੇਂਦਰਾਂ ਵਿਚ ਰੱਖੇ ਜਾਣ ਪ੍ਰਤੀ ਲੋਕਾਂ ਵੱਲੋਂ ਉਠਾਏ ਇਤਰਾਜ਼ਾਂ ਦੇ ਬਾਵਜੂਦ ਮੁੱਖ ਮੰਤਰੀ ਨੇ ਇਸ ਸਮੁੱਚੇ ਮਾਮਲੇ ਦੀ ਜਾਂਚ ਕਰਵਾਉਣ ਲਈ ਹੁਕਮ ਜਾਰੀ ਕਰਨਾ ਵੀ ਜਰੂਰੀ ਨਹੀਂ ਸਮਝਿਆ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਤਕਲੀਫਾਂ ਪ੍ਰਤੀ ਵਿਖਾਈ ਅਜਿਹੀ ਕਠੋਰਤਾ ਕਰਕੇ ਹੀ ਪੰਜਾਬ ਦਾ ਹਰ ਵਰਗ ਦੁੱਖ ਭੋਗ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸ਼ਰਧਾਲੂਆਂ ਦੀ ਵਾਪਸੀ ਦੇ ਪ੍ਰਬੰਧਾਂ ਵਿਚ ਵਰਤੀ ਗਈ ਲਾਪਰਵਾਹੀ ਦੀ ਇੱਕ ਉੱਚ ਪੱਧਰੀ ਜਾਂਚ ਕਰਵਾਏ ਜਾਣ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਾ ਹੈ। ਉਹਨਾਂ ਕਿਹਾ ਕਿ ਜਦ ਤਕ ਇਹ ਜਾਂਚ ਨਹੀਂ ਹੁੰਦੀ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ, ਕਿਉਂਕਿ ਉਹ ਸਾਰੇ ਮੁਕਾਮਾਂ ਉੱੱਤੇ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ ਅਤੇ ਉਸ ਨੇ ਆਪਣੀ ਆਪਰਾਧਿਕ ਲਾਪਰਵਾਹੀ ਦਾ ਦੋਸ਼ ਦੂਜਿਆਂ ਸਿਰ ਮੜ੍ਹਣ ਦੀ ਕੋਸ਼ਿਸ਼ ਕੀਤੀ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਤੁਰੰਤ ਇਹ ਸਾਰੇ ਤੱਥ ਜਨਤਕ ਕਰਨੇ ਚਾਹੀਦੇ ਹਨ ਕਿ ਗੰਦਗੀ ਵਾਲੀਆਂ ਇਮਾਰਤਾਂ ਅੰਦਰ ਸ਼ਰਧਾਲੂਆਂ ਨੂੰ ਰੱਖਣ ਦਾ ਫੈਸਲਾ ਕਿਸੇ ਨੇ ਲਿਆ ਸੀ, ਜਿੱਥੇ ਕਿ ਸਾਫ ਸਫਾਈ ਦੀਆਂ ਬੁਨਿਆਦੀ ਸਹੂਲਤਾਂ ਵੀ ਮੌਜੂਦ ਨਹੀਂ ਹਨ। ਉਹਨਾਂ ਕਿਹਾ ਕਿ ਇਹਨਾਂ ਏਕਾਂਤਵਾਸ ਕੇਂਦਰਾਂ ਦੀਆਂ ਆ ਰਹੀਆਂ ਵੀਡਿਓਜ਼ ਨੇ ਸੂਬੇ ਅਤੇ ਪੂਰੀ ਦੁਨੀਆਂ ਅੰਦਰ ਪੰਜਾਬੀਆਂ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰ ਕੋਈ ਸੂਬਾ ਸਰਕਾਰ ਵੱਲੋਂ ਕੀਤੀ ਅਪਰਾਧਿਕ ਲਾਪਰਵਾਹੀ ਬਾਰੇ ਗੱਲਾਂ ਕਰ ਰਿਹਾ ਹੈ। ਲੋਕ ਇਹ ਪੁੱਛ ਰਹੇ ਹਨ ਕਿ ਇਹਨਾਂ ਸ਼ਰਧਾਲੂਆਂ ਨੂੰ ਐਸਜੀਪੀਸੀ ਦੀਆਂ ਸਰਾਂਵਾਂ ਅੰਦਰ ਏਕਾਂਤਵਾਸ ਕਿਉਂ ਨਹੀਂ ਕੀਤਾ ਗਿਆ। ਕੀ ਉਹ ਕਾਂਗਰਸ ਪਾਰਟੀ ਦੀ ਘਟੀਆ ਰਾਜਨੀਤੀ ਦੇ ਸ਼ਿਕਾਰ ਹਨ?
ਹੋਰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਨੇ ਦੱਸਿਆ ਕਿ ਅਕਾਲੀ ਦਲ ਨੇ ਸੰਗਤ ਦੀ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸੀ ਦਾ ਮੁੱਦਾ ਉਠਾਇਆ ਸੀ ਅਤੇ ਇਸ ਵਾਸਤੇ ਕੇਂਦਰ ਅਤੇ ਮਹਾਂਰਾਸ਼ਟਰ ਦੀ ਸਰਕਾਰ ਕੋਲ ਪਹੁੰਚ ਕੀਤੀ ਸੀ। ਉਹਨਾਂ ਦੱਸਿਆ ਕਿ ਤੀਰਥ ਅਸਥਾਨ ਦੀ ਯਾਤਰਾ ਦੌਰਾਨ ਸ੍ਰੀ ਹਜ਼ੂਰ ਸਾਹਿਬ ਵਿਖੇ ਜਾ ਕੇ ਫਸੇ ਆਪਣੇ ਭਰਾਵਾਂ ਲਈ ਅਸੀਂ ਘੱਟੋ ਘੱਟ ਇੰਨਾ ਤਾਂ ਕਰ ਸਕਦੇ ਸੀ। ਬਾਕੀ ਸੁਬਿਆਂ ਅਤੇ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਆਪਣੇ ਨਾਗਰਿਕਾਂ ਲਈ ਇਹੀ ਕੁੱਝ ਕੀਤਾ ਹੈ, ਜੋ ਕਿ ਤਾਲਾਬੰਦੀ ਦੌਰਾਨ ਵੱਖ ਵੱਖ ਥਾਂਵਾਂ ਉਤੇ ਫਸ ਗਏ ਸਨ। ਉਹਨਾਂ ਕਿਹਾ ਕਿ ਸਮੱਸਿਆ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਰਸਤੇ ਵਿਚ ਸ਼ੁਰੂ ਹੋਈ ਜਦੋਂ ਸੂਬਾ ਸਰਕਾਰ ਦੁਆਰਾ ਸਿਹਤ ਸੁਰੱਖਿਆ ਸੰਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਸੇ ਵਜ੍ਹਾ ਕਰਕੇ ਕੁੱਝ ਸ਼ਰਧਾਲੂ ਵਾਇਰਸ ਦੀ ਲਪੇਟ ਵਿਚ ਆ ਗਏ। ਉਹਨਾਂ ਅੱਗੇ ਦੱਸਿਆ ਕਿ ਏਕਾਂਤਵਾਸ ਅਤੇ ਇਲਾਜ ਦੇ ਢੁੱਕਵੇਂ ਪ੍ਰਬੰਧ ਨਾ ਕਰਨ ਕਰਕੇ ਇਹ ਸਮੱਸਿਆ ਹੋਰ ਵਿਕਰਾਲ ਰੂਪ ਧਾਰਨ ਕਰ ਗਈ। ਉਹਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਆਪਣੀਆਂ ਗਲਤੀਆਂ ਮੰਨਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਸ਼ਰਧਾਲੂਆਂ ਨਾਲ ਇਨਸਾਫ ਕਰਨਾ ਚਾਹੀਦਾ ਹੈ, ਜੋ ਪਹਿਲਾਂ ਹੀ ਬਹੁਤ ਦੁੱਖ ਭੋਗ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ਉੱਤੇ ਰਾਜਨੀਤੀ ਨਾ ਕਰਕੇ ਇਸ ਨੂੰ ਪੇਸ਼ਾਵਰ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਹੈ। ਅਕਾਲੀ ਦਲ ਇਸ ਸੰਬੰਧੀ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਤਿਆਰ ਹੈ।