ਡਾਕਟਰ ਚੀਮਾ ਨੇ ਕਿਹਾ ਮੁੱਖ ਮੰਤਰੀ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਦਾਵਾ ਦੇਣਾ ਚਾਹੁੰਦਾ ਹੈ
ਮੁੱਖ ਮੰਤਰੀ ਵੱਲੋਂ ਬੀਬਾ ਹਰਸਿਮਰਤ ਬਾਦਲ ਵਰਤੀ ਅਸੰਜਮੀ ਭਾਸ਼ਾ ਦੀ ਨਿਖੇਧੀ ਕੀਤੀ
ਚੰਡੀਗੜ੍ਹ/16 ਸਤੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਨੂੰ ਸਾਂਝੇ ਤੌਰ ਤੇ ਮਨਾਉਣ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਨੂੰ ਨਾ ਮੰਨ ਕੇ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਦੀ ਅਵੱਗਿਆ ਕਰ ਰਿਹਾ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਉਹ ਵੱਖਰਾ ਕਾਂਗਰਸ ਸ਼ੋਅ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਦਾਵਾ ਦੇਣਾ ਚਾਹੁੰਦਾ ਹੈ ਜਾਂ ਸਿੱਖ ਦੀ ਸਰਬਉੱਚ ਧਾਰਮਿਕ ਸੰਸਥਾ ਦਾ ਹੁਕਮ ਮੰਨਣਾ ਚਾਹੁੰਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ਸਾਰੀ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਰਹੇ ਹਨ, ਜੋ ਕਿ ਹੈਰਾਨ ਹਨ ਕਿ ਅਮਰਿੰਦਰ ਬਿਲਕੁੱਲ ਇੰਦਰਾ ਗਾਂਧੀ ਵਾਂਗ ਸ੍ਰੀ ਅਕਾਲੀ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ ਨੂੰ ਮੰਨਣ ਤੋਂ ਕੀਤੇ ਇਨਕਾਰ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਚੋਟ ਪਹੁੰਚਾਈ ਹੈ ਅਤੇ ਇਹ ਫੈਸਲਾ ਗੁਰੂ ਸਾਹਿਬ ਵੱਲੋਂ ਦਿੱਤੇ ਏਕਤਾ ਦੇ ਸੰਦੇਸ਼ ਦੇ ਵੀ ਖ਼ਿਲਾਫ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਿੱਖਾਂ ਨੂੰ ਸਾਰੇ ਮਤਭੇਦ ਭੁਲਾ ਕੇ ਦੁਨੀਆਂ ਦੇ ਸਾਹਮਣੇ ਇੱਕ ਤਾਕਤ ਬਣ ਕੇ ਪੇਸ਼ ਹੋਣ ਲਈ ਸ਼ਤਾਬਦੀ ਸਮਾਗਮਾਂ ਨੂੰ ਸਾਂਝੇ ਰੂਪ ਵਿਚ ਮਨਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਤਿੰਨ ਕਾਂਗਰਸੀ ਮੰਤਰੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਾ ਕੇ ਇਸ ਪ੍ਰਸਤਾਵ ਨਾਲ ਸਹਿਮਤੀ ਜਤਾ ਚੁੱਕੇ ਹਨ। ਉਹਨਾਂ ਕਿਹਾ ਕਿ ਪਰ ਹੁਣ 550ਵੇਂ ਪਰਕਾਸ਼ ਪੁਰਬ ਸਮਾਗਮਾਂ ਦੇ ਆਖਰੀ ਪੜਾਅ ਵਿਚ ਇੱਕ ਕਾਂਗਰਸੀ ਸ਼ੋਅ ਕਰਨ ਦੀਆਂ ਤਿਆਰੀਆਂ ਕੀਤੀਆਂ ਜਾਣ ਲੱਗੀਆਂ ਹਨ।
ਡਾਕਟਰ ਚੀਮਾ ਨੇ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਪਹਿਲੀ ਸਿੱਖ ਮਹਿਲਾ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਖ਼ਿਲਾਫ ਵਰਤੀ ਅਸੰਜਮੀ ਭਾਸ਼ਾ ਦਾ ਵੀ ਸਖ਼ਤ ਨੋਟਿਸ ਲਿਆ। ਉਹਨਾਂ ਕਿਹਾ ਕਿ ਅਜਿਹੇ ਪਵਿੱਤਰ ਮੌਕੇ ਉੱਤੇ ਅਜਿਹੀ ਭਾਸ਼ਾ ਦਾ ਇਸਤੇਮਾਲ ਬਰਦਾਸ਼ਤਯੋਗ ਨਹੀਂ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਗੁਰੂ ਸਾਹਿਬ ਦਾ ਸ਼ਬਦ " ਸੋ ਕਿਓ ਮੰਦਾ ਆਖੀਐ ਜਿਤੁ ਜੰਮੈ ਰਾਜਾਨਿ" ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੀਬਾ ਬਾਦਲ ਨੇ ਸਿਰਫ ਇੱਕ ਨਿਮਰ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਨਿਰਦੇਸ਼ਾਂ ਨੂੰ ਮੰਨਣ ਲਈ ਆਖਿਆ ਸੀ। ਉੁਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਨੂੰ ਮੰਨਣਾ ਹਰ ਸਿੱਖ ਲਈ ਲਾਜ਼ਮੀ ਹੁੰਦਾ ਹੈ। ਪਰ ਤੁਸੀਂ ਸਿਰਫ ਇਹਨਾਂ ਨਿਰਦੇਸ਼ਾਂ ਦੀ ਅਵੱਗਿਆ ਨਹੀਂ ਕਰ ਰਹੇ ਹੋ, ਸਗੋਂ 550ਵੇਂ ਪਰਕਾਸ਼ ਪੁਰਬ ਸਮਾਗਮਾਂ ਦਾ ਸਿਆਸੀਕਰਨ ਕਰਕੇ ਸਿੱਖ ਕੌਮ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਬਹੁਤ ਹੀ ਨਿੰਦਣਯੋਗ ਹੈ। ਤੁਹਾਡਾ ਵਿਵਹਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਦਾਵਾ ਦੇਣ ਦੇ ਸਮਾਨ ਹੈ, ਤੁਹਾਨੂੰ ਇਸ ਨੂੰ ਤੁਰੰਤ ਬਦਲਣਾ ਚਾਹੀਦਾ ਹੈ।