ਕਿਹਾ ਕਿ ਮੁੱਖ ਮੰਤਰੀ ਭਾਜਪਾ ਆਗੂਆਂ ਖਿਲਾਫ ਬੋਲਣ ਵਾਲੇ ਪੰਜਾਬੀਆਂ ਨੂੰ ਦਬਾਉਣ ਲਈ ਸਿੱਧਾ ਗ੍ਰਹਿ ਮੰਤਰਾਲੇ ਤੋਂ ਹੁਕਮ ਲੈ ਰਹੇ ਹਨ
ਮੁੱਖਮੰਤਰੀ ਨੂੰ ਪੁੱਛਿਆ ਕਿ ਉਹਨਾਂ ਨੇ ਆਪਣੇ ਵੱਲੋਂ 2017 ਵਿਚ ਪਾਸ ਕੀਤਾ ਏ ਪੀ ਐਮ ਸੀ ਐਕਟ ਰੱਦ ਕਿਉਂ ਨਹੀਂ ਕੀਤਾ ਜਿਸ ਵਿਚ ਨਫਰਤ ਭਰੇ ਕੇਂਦਰੀ ਖੇਤੀ ਕਾਨੂੰਨਾਂ ਵਾਲੀਆਂ ਸਾਰੀਆਂ ਮੱਦਾਂ ਹਨ
ਜਲੰਧਰ, 8 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਕਠਪੁਤਲੀ ਬਣ ਗਏ ਹਨ ਅਤੇ ਤਿੰਨ ਨਫਰਤ ਪਰੇ ਖੇਤੀ ਕਾਨੂੰਨਾਂ ਖਿਲਾਫ ਬੋਲਣ ਵਾਲਿਆਂ ਦੀ ਆਵਾਜ਼ ਦਬਾ ਰਹੇ ਹਨ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਦੀ ਕਮਜ਼ੋਰੀ ਜਾਣਦਾ ਹੈ ਤੇ ਇਸੇ ਲਈ ਮੁੱਖ ਮੰਤਰੀ ਸਿੱਧਾ ਮੰਤਰਾਲੇ ਤੋਂ ਹੁਕਮ ਲੈ ਰਹੇ ਹਨ ਅਤੇ ਭਾਜਪਾ ਆਗੂਆਂ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਪੰਜਾਬੀਆਂ ਖਿਲਾਫ ਇਰਾਦਾ ਕਤਲ ਦੇ ਕੇਸ ਦਰਜ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਗੀਤ ਲੇਖਕ ਤੇ ਗਾਇਕ ਜਿਹਨਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਗੀਤ ਗਾਏ ਹਨ, ਨੂੰ ਵੀ ਵਿਸ਼ੇਸ਼ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਪ੍ਰਤੀ ਆਪਣੇ ਫਰਜ਼ ਪੂਰੇ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਤੁਹਾਨੂੰ ਯਾਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਦੀ ਲੜਾਈ ਵਿਚ ਅੱਗੇ ਲੱਗਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਤੁਹਾਨੂੰ ਸੰਘਰਸ਼ ਦੀ ਅਗਵਾਈ ਕਰਨੀ ਚਾਹੀਦੀ ਸੀ ਬਲਕਿ ਇਸ ਲਈ ਬਲਿਦਾਨ ਦੇਣ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਥਾਂ ਤੁਸੀਂ ਆਪਣੇ ਫਾਰਮ ਹਾਵੂਸ ਵਿਚ ਆਰਾਮ ਫਰਮਾਰ ਹੇ ਹੋ ਅਤੇ ਕਿਸਾਨਾਂ ਨਾਲ ਹਮਦਰਦੀ ਦਾ ਵਿਖਾਵਾ ਕਰ ਕੇ ਦੋਗਲੀਆਂ ਖੇਡਾਂ ਖੇਡ ਰਹੇ ਹੋ ਜਦਕਿ ਅਸਲ ਵਿਚ ਤੁਸੀਂ ਕੇਂਦਰ ਸਰਕਾਰ ਦੇ ਹੁਕਮ ਵਜਾ ਰਹੇ ਹੋ ਅਤੇ ਪੁਲਿਸ ਅਫਸਰਾਂ ਦੀ ਮਾਇਨਾਤ ਵੀ ਦਿੱਲੀ ਦੇ ਹੁਕਮਾਂ ਮੁਤਾਬਕ ਕਰ ਰਹੇ ਹੋ ਤਾਂ ਜੋ ਕਿਸਾਨ ਜਥੇਬੰਦੀਆਂ ਨੁੰ ਡਰਾਇਆ ਜਾ ਸਕੇ।
ਸ੍ਰੀ ਬਾਦਲ ਨੇ ਮੁੱਖ ਮੰਤਰੀ ਵੱਲੋਂ ਏ ਪੀ ਐਮ ਸੀ ਐਕਟ ਵਾਪਸ ਲੈਣ ਵਿਚ ਅਸਫਲ ਰਹਿਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਅਮਰਿੰਦਰ ਸਿੰਘ ਨੇ 2017 ਵਿਚ ਇਸ ਐਕਟ ਵਿਚ ਸੋਧ ਕਰ ਕੇ ਉਹੀ ਤਜਵੀਜ਼ਾਂ ਇਸ ਵਿਚ ਸ਼ਾਮਲ ਕੀਤੀਆਂ ਸਨ ਜੋ ਤਿੰਨ ਖੇਤੀ ਕਾਨੂੰਨਾਂ ਵਿਚ ਹਨ। ਉਹਨਾਂ ਕਿਹਾ ਕਿ ਮੌਜੂਦਾ ਹਾਲਾਤ ਇਹ ਹਨ ਕਿ ਜੇਕਰ ਕੇਂਦਰ ਸਰਕਾਰ ਆਪਣੇ ਤਿੰਨ ਕਾਨੂੰਨ ਖਾਰਜ ਵੀ ਕਰ ਦਿੰਦਾ ਹੈ ਤਾਂ ਵੀ ਇਹ ਪੰਜਾਬ ਵਿਚ ਲਾਗੂ ਰਹਿਣਗੇ ਕਿਉਂਕਿ ਕਾਂਗਰਸ ਸਰਕਾਰ ਨੇ ਏ ਪੀ ਐਮ ਸੀ ਐਕਟ ਵਿਚ ਕੀਤੀਆਂ ਤਬਦੀਲੀਆਂ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੁੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਕੀ ਚਾਰ ਸਾਲਾਂ ਵਿਚ ਉਹਨਾਂ ਨੇ ਵਿਕਾਸ ਦਾ ਇਕ ਵੀ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੇ ਚਾਰ ਸਾਲ ਸੂਬੇ ਲਈ ਸਭ ਤੋਂ ਮਾੜੇ ਰਹੇ ਹਨ। ਉਹਨਾਂ ਕਿਹਾ ਕਿ ਇਕ ਵੀ ਮੁੱਖ ਸੜਕ ਨਹੀਂ ਬਣਾਈ ਗਈ ਤੇ ਨਾ ਹੀ ਸੂਬੇ ਵਿਚ ਕੋਈ ਸਮਾਜ ਭਲਾਈ ਸਕੀਮ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗ ਤਾਂ ਇਸ ਦੌਰ ਵਿਚ ਔਖਿਆਈ ਵਿਚ ਰਹੇ ਹਨ। ਸ਼ਗਨ ਤੇ ਆਟਾ ਦਾਲ ਸਕੀਮ ਠੱਪ ਪਈਆਂ ਹਨ ਤੇ ਐਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੀ ਰਾਸ਼ੀ ਵਿਚ ਵੀ ਘਪਲਾ ਕੀਤਾ ਗਿਆ।
ਦੋਆਬਾ ਖੇਤਰ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਗੰਨਾ ਉਤਪਾਦਕ ਇਸ ਕਰ ਕੇ ਦੁਖੀ ਹਨ ਕਿਉਂਕਿ ਉਹਨਾਂ ਦੇ 2019-20 ਦੇ ਸੀਜ਼ਨ ਸਮੇਤ ਹੁਣ ਤੱਕ ਦੇ 284 ਕਰੋੜ ਰੁਪਏ ਦੇ ਬਕਾਏ ਕਿਸਾਨਾਂ ਨੂੰ ਅਦਾ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਗੰਨੇ ਦੀ ਯਕੀਨੀ ਸਰਕਾਰੀ ਖਰੀਦ ਕੀਮਤ ਵਿਚ ਕੋਈ ਵਾਧਾ ਨਹੀਂ ਕੀਤਾ ਜਿਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਗੰਨੇ ਦਾ ਭਾਅ 310 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ ਜਦਕਿ ਹਰਿਆਣਾ ਤੇ ਯੂ ਪੀ ਦੇ ਕਿਸਾਨਾਂ ਨੁੰ 350 ਰੁਪਏ ਪ੍ਰਤੀ ਕੁਇੰਟਲ ਮਿਲ ਰਹੇ ਹਨ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅਕਾਲੀ 1967 ਤੋਂ ਐਮ ਐਸ ਪੀ ਸ਼ੁਰੂਆਤ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਵਿਚ ਮੰਡੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਤੇ ਕਿਸਾਨਾਂ ਲਈ ਸਿੰਜਾਈ ਸਹੂਲਤਾਂ ਦੀ ਸਿਰਜਣਾ ਕੀਤੀ ਅਤੇ ਟਿਊਬਵੈਲ ਕੁਨੈਕਸ਼ਨ ਦੇਣੇ ਸ਼ੁਰੂ ਕੀਤੇ ਤੇ ਫਿਰ ਕਿਸਾਨਾਂ ਲਈ ਮੁਫਤ ਬਿਜਲੀ ਦੀ ਸਹੂਲਤ ਸ਼ੁਰੂ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਜਗੀਰ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਟੀਨੂੰ ਅਤੇ ਸਰਬਜੀਤ ਸਿੰਘ ਮੱਕੜ ਵੀ ਹਾਜ਼ਰ ਸਨ।