ਬਠਿੰਡਾ ਸਾਂਸਦ ਨੇ ਕੇਂਦਰੀ ਦਿਹਾਤੀ ਵਿਕਾਸ ਮੰਤਰਾਲੇ ਨੂੰ ਇਹਨਾਂ ਬੇਨਿਯਮੀਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ
ਬਠਿੰਡਾ/31 ਜੁਲਾਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਖੁਲਾਸਾ ਕੀਤਾ ਕਿ ਕੇਂਦਰੀ ਦਿਹਾਤੀ ਵਿਕਾਸ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮਨਰੇਗਾ ਸਕੀਮ ਨੂੰ ਲਾਗੂ ਕਰਨ ਵਿਚ ਵਰਤੀਆਂ ਜਾ ਰਹੀਆਂ ਬੇਨਿਯਮੀਆਂ ਲਈ ਦੋਸ਼ੀ ਸਟਾਫ ਨੂੰ ਤੁਰੰਤ ਨੋਟਿਸ ਜਾਰੀ ਕਰੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਬਾਦਲ ਨੇ ਦੱਸਿਆ ਕਿ ਮਨਰੇਗਾ ਫੰਡਾਂ ਦੀ ਦੁਰਵਰਤੋਂ ਦਾ ਮਾਮਲਾ ਦਾ ਸਾਹਮਣੇ ਆਉਣ ਮਗਰੋਂ ਉਹਨਾਂ ਨੇ ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ੍ਰੀ ਨਰੇਂਦਰ ਤੋਮਰ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਸੰਬੰਧ ਵਿਚ ਗਿੱਦੜਬਾਹਾ ਦੇ ਅਕਾਲੀ ਆਗੂ ਹਰਦੀਪ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਕਰਵਾਉਣ। ਬਠਿੰਡਾ ਸਾਂਸਦ ਨੇ ਇਸ ਸੰਬੰਧੀ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਸੀ ਕਿ ਗਿੱਦੜਬਾਹਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਬੀਡੀਪੀਓ ਗੁਰਜਿੰਦਰ ਸਿੰਘ ਅਤੇ ਏਡੀਓ ਹਰਪ੍ਰੀਤ ਸਿੰਘ ਮਨਰੇਗਾ ਨੇ ਸਕੀਮ ਨੂੰ ਲਾਗੂ ਕਰਨ ਸਮੇਂ ਗੰਭੀਰ ਹੇਰਾਫੇਰੀਆਂ ਕੀਤੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਦੱਸਿਆ ਕਿ ਉਹਨਾਂ ਨੂੰ ਕੇਂਦਰੀ ਦਿਹਾਤੀ ਵਿਕਾਸ ਮੰਤਰੀ ਵੱਲੋਂ ਹਾਲ ਹੀ ਵਿਚ ਇੱਕ ਚਿੱਠੀ ਮਿਲੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਮੰਤਰਾਲੇ ਨੇ ਮੁਕਤਸਰ ਜ਼ਿਲ੍ਹੇ ਦੇ ਗੁਰੂਸਰ ਅਤੇ ਗਿਲਜ਼ਾਵਾਲਾ ਪਿੰਡਾਂ ਵਿਚੋਂ ਆਈ ਮਨਰੇਗਾ ਫੰਡਾਂ ਦੀ ਹੇਰਾਫੇਰੀ ਦੀ ਸ਼ਿਕਾਇਤ ਨੂੰ ਪੰਜਾਬ ਸਰਕਾਰ ਕੋਲ ਉਠਾਇਆ ਹੈ। ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਗੁਰੂਸਰ ਅਤੇ ਗਿਲਜ਼ਾਵਾਲਾ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦਾ ਰਿਕਾਰਡ ਵੇਖਣ ਮਗਰੋ ਵੱਡੀਆਂ ਹੇਰਾਫੇਰੀਆਂ ਸਾਹਮਣੇ ਆਈਆਂ ਹਨ। ਬੀਬਾ ਬਾਦਲ ਨੇ ਦੱਸਿਆ ਕਿ ਗੁਰੂਸਰ ਪਿੰਡ ਵਿਚੋਂ 1.64 ਲੱਖ ਰੁਪਏ ਅਤੇ ਗਿਲਜ਼ਾਵਾਲਾ ਵਿਚੋਂ 9,469 ਰੁਪਏ ਦੀ ਰਿਕਵਰੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ 1.74 ਲੱਖ ਰੁਪਏ ਦੀ ਇਹ ਰਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਮੁਕਤਸਰ ਦਫ਼ਤਰ ਦੇ ਮਨਰੇਗਾ ਸਕੀਮ ਖਾਤੇ ਵਿਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਦੋਸ਼ੀ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਨ ਸੰਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਕਿ ਉਹਨਾਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ।
ਬਠਿੰਡਾ ਸਾਂਸਦ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਦੋਸ਼ੀ ਅਧਿਕਾਰੀਆਂ ਖ਼ਿਲਾਫ ਕਾਰਵਾਈ ਤੋਂ ਬਾਅਦ ਇਸ ਸਾਰੇ ਘੁਟਾਲੇ ਦਾ ਸੱਚ ਸਾਹਮਣੇ ਆ ਜਾਵੇਗਾ ਅਤੇ ਇਸ ਵਿਚ ਗਿੱਦੜਬਾਹਾ ਵਿਧਾਇਕ ਰਾਜਾ ਵੜਿੰਗ ਦੀ ਭੂਮਿਕਾ ਦਾ ਵੀ ਪਰਦਾਫਾਸ਼ ਹੋ ਜਾਵੇਗਾ। ਉਹਨਾਂ ਕਿਹਾ ਕਿ ਮ੍ਰਿਤਕ ਵਿਅਕਤੀਆਂ ਨੂੰ ਮਨਰੇਗਾ ਗਤੀਵਿਧੀਆਂ ਵਿਚ ਭਾਗ ਲੈਂਦੇ ਵਿਖਾ ਕੇ ਕੇਂਦਰੀ ਫੰਡਾਂ ਦੀ ਵੱਡੇ ਪੱਧਰ ਉਤੇ ਕੀਤੀ ਹੇਰਾਫੇਰੀ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਉਹਨਾਂ ਕਿਹਾ ਕਿ ਇਹ ਘੁਟਾਲਾ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲ ਰਿਹਾ ਸੀ। ਉਹਨਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਜਿੱਥੇ ਵੀ ਮਨਰੇਗਾ ਫੰਡਾਂ ਦੀ ਹੇਰਾਫੇਰੀ ਹੁੰਦੀ ਵੇਖਣ ਤਾਂ ਇਸ ਦੀ ਸੂਚਨਾ ਦੇਣ ਤਾਂ ਕਿ ਅਸਲੀ ਲਾਭਪਾਤਰੀਆਂ ਦਾ ਹੱਕ ਨਾ ਮਾਰਿਆ ਜਾਵੇ ਅਤੇ ਉਹਨਾਂ ਨੂੰ ਇਸ ਸਕੀਮ ਦਾ ਲਾਭ ਮਿਲੇ।