ਅੰਮ੍ਰਿਤਸਰ, 29 ਜੂਨ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਮਿਸ਼ਨਰ ਪੁਲਿਸ ਨੂੰ ਕਿਹਾ ਕਿ ਉਹ ਆਪ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਸਕਾਏ ਨਿਊਜ਼ ਟੈਲੀਵਿਜ਼ਨ ਦੇ ਅਮਲੇ ਜੋਕਿ ਦੋ ਦਿਨ ਪਹਿਲਾਂ ਆਈ ਜੀ ਵੱਲੋਂ ਰੱਖੇ ਪ੍ਰੋਗਰਾਮ ਦੀਕਵਰੇਜ ਕਰਨ ਗਏ ਸਨ, ’ਤੇ ਹਮਲਾ ਕਰਨ ਤੇ ਉਹਨਾਂ ਦਾ ਸਾਜ਼ੋ ਸਮਾਨ ਤੋੜਨ ਦੇ ਮਾਮਲੇ ਵਿਚ ਉਹਨਾਂ ਖਿਲਾਫ ਕੇਸ ਦਰਜ ਕਰ ਕੇ ਲੋਕਤੰਤਰ ਦੇਚੌਥੇ ਥੰਮ ਦਾ ਮਾਣ ਸਨਮਾਨ ਬਰਕਰਾਰ ਰੱਖਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣਾ ਫਰਜ਼ ਨਿਭਾ ਰਹੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਤੇ ਆਪਣੇ ਨੇੜਲਿਆਂ ਨੂੰ ਉਹਨਾਂ ’ਤੇ ਹਮਲਾ ਕਰਨ ਵਾਸਤੇ ਉਤਸ਼ਾਹਿਤ ਵੀ ਕੀਤਾ ਤੇ ਇਹਨਾਂ ਨੇ ਟੀਮ ਦਾ ਕੈਮਰਾ ਤੇ ਮਾਈਕ ਖੋਹ ਲਿਆ। ਉਹਨਾਂ ਕਿਹਾ ਕਿ ਲੋਕਤੰਤਰ ਵਿਚ ਜਨਤਕ ਜੀਵਨ ਵਿਚ ਵਿਚਰ ਰਹੇ ਵਿਅਕਤੀ ਤੋਂ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਹਰ ਕਿਸੇ ਲਈ ਸਮਾਨ ਕਾਨੁੰਨ ਤੋਂ ਜਾਣੂ ਹਨ ਤੇ ਉਹਨਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਸਾਬਕਾ ਪੁਲਿਸ ਅਫਸਰ ਹੋਣ ਦੇ ਨਾਅਤੇ ਉਹ ਗੁੰਡਾਗਰਦੀ ਕਰ ਸਕਦੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਜਦੋਂ ਮੀਡੀਆ ਨੇ 15 ਕਰੋੜ ਰੁਪਏ ਦੇ ਨਸ਼ਾ ਤਸਕਰੀ ਮਾਮਲੇ ਵਿਚ ਉਹਨਾਂ ਦੇ ਚਹੇਤੇ ਰਾਜੀਵ ਭਗਤ ਬਾਰੇ ਉਹਨਾਂ ਨੂੰ ਸਵਾਲ ਕੀਤਾ ਤਾਂ ਕੁੰਵਰ ਵਿਜੇ ਪ੍ਰਤਾਪ ਤੇਸ਼ ਵਿਚ ਆ ਗਏ ਤੇ ਬੁਖਲਾ ਗਏ। ਉਹਨਾਂ ਕਿਹਾ ਕਿ ਬਜਾਏ ਭਗਤ ਨਾਲ ਆਪਣੀ ਨੇੜਤਾ ਬਾਰੇ ਗੱਲ ਕਰਨ ਅਤੇ ਭਗਤ ਦੀ ਪੁਸ਼ਤ ਪਨਾਹੀ ਕਰਨ ਬਾਰੇ ਸਵਾਲਾਂ ਦੇ ਜਵਾਬ ਦੇਣ ਦੇ, ਸਾਬਕਾ ਆਈ ਜੀ ਨੇ ਮੀਡੀਆ ਟੀਮ ਨੁੰ ਧਮਕਾਉਣ ਤੇ ਆਪਣੇ ਸਮਰਥਕਾਂ ਨੁੰ ਉਹਨਾਂ ’ਤੇ ਹਮਲਾ ਕਰਨ ਦੀ ਆਗਿਆ ਦੇ ਦਿੱਤੀ ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਕਾਏਨਿਊਜ਼ ਦੀ ਟੀਮ ਦੇ ਮਾਈਕ ਅਤੇ ਕੈਮਰੇ ਨੁੰ ਪਹੁੰਚਾਏ ਨੁਕਸਾਨ ਦੀ ਸਾਰੀ ਵੀਡੀਓ ਲੋਕਾ ਦੇ ਸਾਹਮਣੇ ਹੈ। ਉਹਨਾਂ ਨੇ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੁੰ ਆਖਿਆ ਕਿ ਉਹ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦੇਣ ਤਾਂ ਜੋ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਸਾਨੂੰ ਸਭ ਨੁੰ ਪ੍ਰੈਸ ਦੀ ਆਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੇ ਪ੍ਰਭਾਵਤ ਪੱਤਰਕਾਰਾਂ ਨਾਲ ਇਕਜੁੱਟਤਾ ਦਾ ਪ੍ਰਗਟਾ ਕੀਤਾ ਤੇ ਉਹਨਾਂ ਨੁੰ ਭਰੋਸਾ ਦੁਆਇਆ ਕਿ ਉਹ ਉਹਨਾਂ ਨੂੰ ਨਿਆਂ ਦੁਆਉਣ ਵਾਸਤੇ ਪੁਰਜ਼ੋਰ ਯਤਨ ਕਰਨਗੇ।