ਅਕਾਲੀ ਦਲ ਨੂੰ ਮਿਲਿਆ ਹੁਲਾਰਾ, ਇਕ ਦਰਜਨ ਤੋਂ ਵੱਧ ਆਗੂ ਆਪ ਆਗੂ ਅਕਾਲੀ ਦਲ ਵਿਚ ਹੋਏ ਸ਼ਾਮਲ
ਕਾਂਗਰਸ ਦੀ ਅੰਦਰੂਲੀ ਲੜਾਈ ਮੁੱਖ ਮੰਤਰੀ ਦੀ ਕੁਰਸੀ ਦੀ ਨਾ ਕਿ ਜਨਤਕ ਮੁੱਦਿਆਂ ਦੀ
ਅੰਮ੍ਰਿਤਸਰ, 27 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ ਆਖਿਆ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਮਾਲੀ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨ ਕਿਉਂਕਿ ਉਹਨਾਂ ਨੇ ਕਸ਼ਮੀਰ ’ਤੇ ਭਾਰਤ ਵੱਲੋਂ ਜਬਰੀ ਕਬਜ਼ਾ ਕੀਤੇ ਜਾਣ ਦੀ ਗੱਲ ਕੀਤੀ ਹੈ ਤੇ ਆਪਣੇ ਹੀ ਦੇਸ਼ ਦੇ ਲੋਕਾਂ ਨੁੰ ਦੇਸ਼ ਖਿਲਾਫ ਭੜਕਾਇਆ ਹੈ।
ਇਥੇ ਆਮ ਆਦਮੀ ਪਾਰਟੀ ਦੇ ਇਕ ਦਰਜਨ ਦੇ ਕਰੀਬ ਸੀਨੀਅਰ ਆਗੂਆਂ ਨੁੰ ਅਕਾਲੀ ਦਲ ਵਿਚ ਸ਼ਾਮਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਆਈ ਐਸ ਆਈ ਦੇ ਦੱਸੇ ਅਨੁਸਾਰ ਆਪਣੇ ਸਲਾਹਕਾਰ ਚੁੱਦੇ। ਉਹਨਾਂ ਕਿਹਾ ਕਿ ਇਹੀ ਕਾਰਨ ਹੈ Ç ਉਹਨਾਂ ਦੇ ਸਲਾਹਕਾਰ ਨੇ ਆਈ ਐਸ ਆਈ ਦੀ ਸੋਚ ਅਨੁਸਾਰ ਬਿਆਨਬਾਜ਼ੀ ਕੀਤੀ ਤੇ ਕਸ਼ਮੀਰ ਨੁੰ ਸੁਤੰਤਰ ਦੇਸ਼ ਦੱਸਿਆ। ਉਹਨਾਂ ਕਿਹਾ ਕਿ ਸਲਾਹਕਾਰਾਂ ਦੀਆਂ ਟਿੱਪਣੀਆਂ ਪਾਕਿਸਤਾਨ ਨਾਲ ਰੋਜ਼ਾਨਾ ਸਰਹੱਦਾਂ ’ਤੇ ਸ਼ਹੀਦ ਹੋ ਰਹੇ ਸਾਡੇ ਜਵਾਨਾਂ ਦਾ ਅਪਮਾਨ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਮਾਲੀ ਦਾ ਅਸਤੀਫਾ ਹੀ ਕਾਫੀ ਨਹੀਂ ਹੈ ਤੇ ਕਿਹਾ ਕਿ ਅਜਿਹਾ ਸਪਸ਼ਟ ਸੁਨੇਹਾ ਦੇਣ ਦੀ ਜ਼ਰੂਰਤ ਹੈ ਤਾਂ ਜੋ ਕਿਸੇ ਨੁੰ ਵੀ ਦੇਸ਼ ਦੀ ਅਖੰਡਤਾ ਨਾਲ ਖੇਡਣ ਤੇ ਪ੍ਰਭੂਸ਼ਤਾ ਖਤਰੇ ਵਿਚ ਪਾਉਣ ਦੀ ਆਗਿਆ ਨਾ ਮਿਲੇ। ਉਹਨਾਂ ਕਿਹਾ ਕਿ ਮਾਲੀ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਅਤੇ ਜੇਕਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਇਸਦੇ ਹੁਕਮ ਨਹੀਂ ਦਿੰਦੇ ਤਾਂ ਫਿਰ ਇਹ ਸਪਸ਼ਟ ਹੋ ਜਾਵੇਗਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਸੋਚ ਤਾਲਿਬਾਨ ਨਾਲ ਰਲੀ ਹੈ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਧੂ ਚੋਣਾਂ ਮੌਕੇ ਪੰਜਾਬੀਆਂ ਨੁੰ ਮੂਰਖ ਨਹੀਂ ਬਣਾ ਸਕਦਾ। ਉਹਨਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਇਹ ਲੋਕ ਕਿਥੇ ਸਨ? ਉਹਨਾਂ ਕਿਹਾ ਕਿ ਇਹਨਾਂ ਪਹਿਲਾਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਮੀਟਿੰਗ ਕਿਉਂ ਨਹੀਂ ਕੀਤੀ। ਉਹਨਾਂ ਨੇ ਸਿੱਧੂ ਨੁੰ ਬਤੌਰ ਮੰਤਰੀ ਤੇ ਐਮ ਪੀ ਇਕ ਵੀ ਪ੍ਰਾਪਤੀ ਲੋਕਾਂ ਨੂੰ ਦੱਸਣ ਵਾਸਤੇ ਵੀ ਆਖਿਆ।
ਕਾਂਗਰਸ ਪਾਰਟੀ ਵਿਚ ਤਾਜ਼ਾ ਘਟਨਾਕ੍ਰਮ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਧੂ ਨੇ ਇਕ ਵਾਰ ਫਿਰ ਤੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲੈ ਲਿਆ ਹੈ। ਉਹਨਾਂ ਕਿਹਾ ਕਿ ਉਹ ਪਾਰਟੀ ਹਾਈ ਕਮਾਂਡਰ ਵੱਲੋਂ ਝਾੜ ਝੰਬ ਕਰਨ ਤੇ ਆਪਣੇ ਸਲਾਹਕਾਰਾਂ ਨੁੰ ਕੱਢਣ ਦੀ ਹਦਾਇਤ ਬਰਦਾਸ਼ਤ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਹੁਣ ਕੁਝ ਹੀ ਸਮੇਂ ਦੀ ਗੱਲ ਹੈ ਕਿ ਸਿੱਧੂ ਫਿਰ ਤੋਂ ਕਾਂਗਰਸ ਪ੍ਰਧਾਨ ਤੇ ਰਾਹੁਲ ਗਾਂਧੀ ਦੇ ਖਿਲਾਫ ਬਿਆਨਬਾਜ਼ੀ ਸ਼ੁਰੂ ਕਰ ਦੇਵੇਗਾ।
ਉਹਨਾਂ ਇਹ ਵੀ ਕਿਹਾ ਕਿ ਸਿੱਧੂ ਪਹਿਲਾਂ ਸਾਫ ਸੁਥਰੀ ਰਾਜਨੀਤੀ ਦੇ ਦਾਅਵੇ ਕਰਦੇ ਸਨ ਪਰ ਉਸਦੇ ਨਵੇਂ ਸਾਥੀ ਉਹ ਵਿਧਾਇਕ ਹਨ ਜੋ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਰੇਤ ਤੇ ਸ਼ਰਾਬ ਦੇ ਨਜਾਇਜ਼ ਕਾਰੋਬਾਰ ਵਿਚ ਸ਼ਾਮਲ ਰਹੇ ਹਨ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੁੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਇਕ ਦਰਜਨ ਤੋਂ ਵੱਧ ਆਗੂ ਪਾਰਟੀ ਛੱਡ ਕੇ ਸਰਦਾਰ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਬਟਾਲਾ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੇ ਇੰਚਾਰਜ ਅਤੇ ਬੁਲਾਰੇ ਸੁਖਬਾਜ਼ ਪਰਵਾਨਾ, ਲੀਗਲ ਸੈਲ ਦੇ ਵਾਈਸ ਚੇਅਰਮੈਨ ਸਤਸਿਮਰਨ ਸਿੰਘ ਗਿੱਲ ਤੇ ਉਹਨਾਂ ਦੇ ਸਾਥੀ ਗੁਰਦੀਪ ਸਿੰਘ ਕਾਹਲੋਂ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਚੇਤਨ ਕੁਮਾਰ, ਰਿਪੁਦਮਨ ਸਿੰਘ, ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ, ਸੋਨੂੰ, ਗੁਰਪ੍ਰਤੀਕ ਸਿੰਘ, ਐਡਵੋਕੇਟ ਗੁਰਇਕਬਾਲ ਸਿੰਘ ਉਪੱਲ, ਐਡਵੋਕੇਟ ਕਿਰਨਜੋਤ ਸਿੰਘ ਬੋਪਾਰਾਏ, ਐਡਵੋਕੇਟ ਓਮ ਪ੍ਰਕਾਸ਼ ਬੰਦੀ, ਸਾਹਿਲ ਅਵਸ਼ੇਸ਼ ਢਿੱਲੋਂ, ਐਡਵੋਕੇਟ ਸਿਮਰਨਜੀਤ ਸਿੰਘ ਸੰਧੂ ਅਤੇ ਐਡਵੋਕੇਟ ਸਤਿੰਦਰਪਾਲ ਸਿੰਘ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਵੀ ਸ਼ਾਮਲ ਸਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹਨਾਂ ਆਗੂਆਂ ਨੇ ਮਹਿਸੂਸ ਕਰ ਲਿਆ ਹੈ ਕਿ ਪੰਜਾਬ ਦੀ ਇਕਲੌਤੀ ਪਾਰਟੀ ਅਕਾਲੀ ਦਲ ਹੈ ਜੋ ਸੂਬੇ ਦਾ ਭਲਾ ਕਰ ਸਕਦੀ ਹੈ ਅਤੇ ਬਾਕੀ ਸਾਰੇ ਤਾਂ ਸੂਬੇ ਨੁੰ ਲੁੱਟਣ ਵਿਚ ਦਿਲਚਸਪੀ ਰੱਖਦੇ ਹਨ।
ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਪਹਿਲਾਂ ਹੀ ਐਸ ਵਾਈ ਐਲ, ਪੰਜਾਬ ਦੇ ਥਰਮਲ ਪਲਾਂਟਾਂ ਦੇ ਖਿਲਫਾ ਪਟੀਸ਼ਨ ਪਾਉਣ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਝੂਠੇ ਕੇਸ ਦਰਜ ਕਰਨ ਤੇ ਇਕ ਇਕ ਕਰੋੜ ਦਾ ਜ਼ੁਰਮਾਨਾ ਕਰਨ ਕਾਰਨ ਬੇਨਕਾਬ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਦਿੱਲੀ ਦਾ ਫੇਲ੍ਹ ਹੋਇਆ ਮਾਡਲ ਪੰਜਾਬੀਆਂ ’ਤੇ ਮੜ੍ਹਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਦਿੱਲੀ ਵਿਚ ਕੋਈ ਮੁਹੱਲਾ ਕਲੀਨਿਕ ਨਹੀਂ ਖੋਲ੍ਹਿਆ ਗਿਆ ਪਰ ਕੇਜਰੀਵਾਲ ਨੇ ਸੈਂਕੜੇ ਕਰੋੜ ਰੁਪਏ ਖਰਚ ਕੇ ਇਸਦੀ ਝੂਠੀ ਇਸ਼ਤਿਹਾਰਬਾਜ਼ੀ ਕੀਤੀ। ਉਹਨਾਂ ਕਿਹਾ ਕਿ ਕੇਜਰੀਵਾਲ ਤਾਂ ਕੌਮੀ ਰਾਜਧਾਨੀ ਵਿਚ ਕੋਰੋਨਾ ਨਾਲ ਨਜਿੱਠਣ ਵਿਚ ਵੀ ਫੇਲ੍ਹ ਰਿਹਾ ਹੈ ਤੇ ਹੋਰ ਅਸਫਲਤਾਵਾਂ ਵੱਖਰੀਆਂ ਹਨ।