ਬਠਿੰਡਾ/08 ਮਈ:ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਸਾਨਾਂ ਨੂੰ ਕਣਕ ਸਸਤੇ ਭਾਅ ਵੇਚਣ ਲਈ ਮਜ਼ਬੂਰ ਕਰਨ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਖ਼ਤ ਝਾੜ ਪਾਉਂਦਿਆਂ ਕਿਹਾ ਕਿ ਇਸ ਨਾਲ ਮਾਲਵਾ ਖੇਤਰ ਅੰਦਰ ਬਠਿੰਡਾ, ਮਾਨਸਾ, ਫਰੀਦਕੋਟ ਅਤੇ ਫਿਰੋਜ਼ਪੁਰ ਦੇ ਕਿਸਾਨਾਂ ਦਾ 25 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਬੇਮੌਸਮੀ ਬਾਰਿਸ਼ਾਂ ਨੇ ਮਾਲਵਾ ਖੇਤਰ ਵਿਚ ਕਣਕ ਦਾ ਕਾਫੀ ਨੁਕਸਾਨ ਕਰ ਦਿੱਤਾ ਸੀ, ਜਿਸ ਕਰਕੇ ਇਸ ਦਾ ਦਾਣਾ ਬਦਰੰਗ ਹੋ ਗਿਆ। ਉਹਨਾਂ ਕਿਹਾ ਕਿ ਫੂਡ ਕਾਰੋਰੇਸ਼ਨ ਆਫ ਇੰਡੀਆ (ਐਫਸੀਆਈ) ਨੂੰ ਛੱਡ ਕੇ ਸੂਬਾ ਸਰਕਾਰ ਦੇ ਕੰਟਰੋਲ ਵਾਲੀਆਂ ਸਾਰੀਆਂ ਖਰੀਦ ਏਜੰਸੀਆਂ ਦਾਣਾ ਬਦਰੰਗ ਹੋਣ ਦਾ ਬਹਾਨਾ ਬਣਾ ਕੇ ਫਸਲ ਦਾ ਪੂਰਾ ਭਾਅ ਨਹੀਂ ਦੇ ਰਹੀਆਂ ਹਨ ਜਦਕਿ ਐਫਸੀਆਈ ਦੀਆਂ ਉੱਚ ਗੁਣਵੱਤਾ ਵਾਲੀ ਫਸਲ ਦੀਆਂ ਸਾਰੀਆਂ ਸ਼ਰਤਾਂ ਨੂੰ ਕਿਸਾਨਾਂ ਦੀ ਫਸਲ ਪੂਰਾ ਕਰਦੀ ਹੈ।
ਕਿਸਾਨਾਂ ਦੀ ਮੰਡੀਆਂ ਵਿਚ ਦਿਨ ਦਿਹਾੜੇ ਹੋ ਰਹੀ ਲੁੱਟ ਲਈ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਖਰੀਦ ਏਜੰਸੀਆਂ ਘੱਟੋ ਘੱਟ ਸਮਰਥਨ ਮੁੱਲ ਤੋਂ ਕਿਸਾਨਾਂ ਨੂੰ 4æ60 ਰੁਪਏ ਪ੍ਰਤੀ ਕੁਇੰਟਲ ਘੱਟ ਭਾਅ ਦੇ ਕੇ ਉਹਨਾਂ ਨੂੰ ਸ਼ਰੇਆਮ ਲੁੱਟ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸਾਨਾ ਕੋਲ ਹੋਰ ਕੋਈ ਰਾਹ ਨਹੀਂ ਹੈ ਅਤੇ ਉਹਨਾਂ ਨੂੰ ਇਹਨਾਂ ਖਰੀਦ ਏਜੰਸੀਆਂ ਦੀ ਧੱਕੇਸ਼ਾਹੀ ਅਤੇ ਅੰਨ੍ਹੀ ਲੁੱਟ ਨੂੰ ਸਬਰ ਦਾ ਘੁੱਟ ਭਰ ਕੇ ਬਰਦਾਸ਼ਤ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਗਰੀਬ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਇੱਕ ਪਾਸੇ ਤਾਂ ਖੇਤੀ ਦਾ ਧੰਦਾ ਤੇਜ਼ੀ ਨਾਲ ਗੈਰ-ਮੁਨਾਫੇæਯੋਗ ਹੁੰਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਹਨਾਂ ਨੂੰ ਫਸਲ ਦਾ ਸਰਕਾਰ ਵੱਲੋਂ ਮਿੱਥਿਆ ਸਰਕਾਰੀ ਭਾਅ (ਐਮਐਸਪੀ) ਵੀ ਨਹੀਂ ਦਿੱਤਾ ਜਾ ਰਿਹਾ ਹੈ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਅਮਰਿੰਦਰ ਸਿੰਘ ਮੰਡੀਆਂ ਵਿਚ ਕਣਕ ਦੀ ਖਰੀਦ ਦੇ ਢੁੱਕਵੇਂ ਪ੍ਰਬੰਧ ਕਰਨ ਵਿਚ ਵੀ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਉਹਨਾਂ ਕਿਹਾ ਕਿ ਸਾਰੇ ਖਰੀਦ ਕੇਂਦਰਾਂ ਵਿਚ ਅਜੇ ਤੀਕ ਬਾਰਦਾਨਾ ਨਹੀਂ ਪਹੁੰਚਿਆ, ਜਿਸ ਕਰਕੇ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਗਏ ਹਨ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੂਬਾ ਸਰਕਾਰ ਦੀ ਲਾਪਰਵਾਹੀ ਅਤੇ ਨਲਾਇਕੀ ਸਦਕਾ ਪੈਦਾ ਹੋਈ ਬਾਰਦਾਨੇ ਦੀ ਕਮੀ ਦੀ ਸਮੱਿਸਆ ਲਈ ਅਮਰਿੰਦਰ ਸਿੰਘ ਕੇਂਦਰ ਸਰਕਾਰ ਉਤੇ ਦੋਸ਼ ਮੜ੍ਹ ਰਿਹਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਅਤੇ ਚੁਕਾਈ ਸੰਬੰਧੀ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਫੌਰੀ ਯਤਨ ਕਰਨੇ ਚਾਹੀਦੇ ਹਨ ਨਾ ਕਿ ਸੁਬਾਈ ਪ੍ਰਸਾਸ਼ਨ ਦੇ ਨਿਕੰਮੇਪਣ ਸਦਕਾ ਪੈਦਾ ਹੋਈਆਂ ਇਹਨਾਂ ਮੁਸ਼ਕਿਲਾਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੰਡੀਆਂ ਵਿਚ ਕਿਸਮਤ ਦੇ ਆਸਰੇ ਛੱਡਣਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਮੰਡੀਆਂ ਵਿਚ ਲੱਗੇ ਕਣਕ ਦੀ ਫਸਲ ਦੇ ਅੰਬਾਰਾਂ ਲਈ ਵੀ ਅਮਰਿੰਦਰ ਸਿੰਘ ਸਰਕਾਰ ਦੀ ਨਲਾਇਕੀ ਨੂੰ ਜ਼ਿੰਮੇਵਾਰ ਠਹਿਰਾਇਆ, ਕਿਉਂਕਿ ਬਾਰਦਾਨੇ ਦੀ ਘਾਟ ਕਰਕੇ ਖਰੀਦੀ ਹੋਈ ਕਣਕ ਦੀ ਵੀ ਚੁਕਾਈ ਨਹੀਂ ਹੋ ਰਹੀ ਹੈ। ਉਹਨਾਂ ਕਿਹਾ ਕਿ ਖਰੀਦੀ ਕਣਕ ਦੀ ਚੁਕਾਈ ਨਾਲ ਹੋਣ ਕਰਕੇ ਮੰਡੀਆਂ ਅੰਦਰ ਹੋਰ ਫਸਲ ਲਿਆਉਣ ਲਈ ਜਗ੍ਹਾ ਨਹੀਂ ਬਚੀ ਹੈ, ਜਿਸ ਕਰਕੇ ਮਜ਼ਬੂਰ ਹੋਏ ਕਿਸਾਨਾਂ ਨੂੰ ਖਰੀਦ ਏਜੰਸੀਆਂ ਅੱਗੇ ਗੋਡੇ ਟੇਕਦਿਆਂ ਆਪਣੀ ਫਸਲ ਸਸਤੇ ਭਾਅ ਵੇਚਣੀ ਪੈ ਰਹੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਖੁਦ ਕੜਕਦੀ ਧੁੱਪ ਵਿਚ ਮੰਡੀਆਂ ਵਿਚ ਜਾਂਦੇ ਸਨ ਅਤੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਅਤੇ ਚੰਡੀਗੜ੍ਹ ਵਿਖੇ ਤਾਇਨਾਤ ਸੀਨੀਅਰ ਸਕੱਤਰਾਂ ਨੂੰ ਸਾਰੇ ਸੂਬੇ ਅੰਦਰ ਫਸਲਾਂ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਦੇ ਹੁਕਮ ਦਿੰਦੇ ਸਨ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੀ ਕੋਈ ਚਿੰਤਾ ਹੀ ਨਹੀਂ ਹੈ। ਚੋਣਾਂ ਦੇ ਸੀਜ਼ਨ ਵਿਚ ਵੀ ਉਹ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਅੱਖਾਂ ਬੰਦ ਕਰੀ ਬੈਠਾ ਹੈ।