ਚੰਨੀ ਸਰਕਾਰ ਵੱਲੋਂ ਵਾਅਦੇ ਕਰਨ ਤੋਂ ਇਨਕਾਰੀ ਰਵੱਈਏ ਕਾਰਨ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ 4 ਦਿਨਾਂ ਵਿਚ 5 ਕਿਸਾਨਾਂ ਨੇ ਖੁਦਕੁਸ਼ੀ ਕੀਤੀ
ਚੰਡੀਗੜ੍ਹ, 2 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਭਾਰੀ ਘਾਟੇ ਝਲੱਣ ਵਾਲੇ ਕਪਾਹ ਪੱਟੀ ਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਨਾਕਾਮ ਰਹਿਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰ ਦੇ ਕਿਸਾਨਾਂ ਨਾਲ ਵਾਅਦੇ ਪੁਗਾਉਣ ਤੋਂ ਇਨਕਾਰ ਹੋਣ ਦੇ ਰਵੱਈਏ ਕਾਰਨ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਪਿਛਲੇ 4 ਦਿਨਾਂ ਵਿਚ 5 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦ ਸਿੰਘ ਰੰਧਾਵਾ ਨੇ ਗੁਲਾਬੀ ਸੁੰਡੀ ਨਾਲ ਹੋਏ ਫਸਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਪਾਹ ਪੱਟੀ ਦੇ ਦੌਰੇ ਸਮੇਂ ਡਰਾਮੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਨਾ ਤਾਂ ਸਰਕਾਰ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਕੀਤੀ ਤੇ ਨਾ ਹੀ ਇਸਨੇ ਫਸਲ ਤਬਾਹ ਹੋਣ ਨਾਲ ਭਾਰੀ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਕੋਈ ਤੁਰੰਤ ਰਾਹਤ ਪ੍ਰਦਾਨ ਕੀਤੀ।
ਸਰਦਾਰ ਮਲੂਕਾ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਨਾਲ ਹਜ਼ਾਰਾਂ ਏਕੜ ਕਪਾਹ ਦੀ ਫਸਲ ਤਬਾਹ ਹੋ ਗਈ ਹੈ। ਉਹਨਾਂ ਕਿਹਾ ਕਿ ਮਾਯੁਸ ਕਿਸਾਨ ਖੁਦਕੁਸ਼ੀ ਦੇ ਰਾਹ ਪੈ ਗਏ ਹਨ ਕਿਉਂਕਿ ਕਾਂਗਰਸ ਸਰਕਾਰ ਆਪਣੀ ਅੰਦਰੂਨੀ ਲੜਾਈ ਵਿਚ ਰੁੱਝੀ ਹੈ ਤੇ ਉਸ ਕੋਲ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਮਾਂ ਨਹੀਂ ਹੈ।
ਉਹਨਾਂ ਕਿਹਾ ਕਿ ਸੈਂਕੜੇ ਏਕੜ ਕੀੜਨਾਸ਼ਕ ਛਿੜਕਣ ਦੇ ਬਾਵਜੂਦ ਕਿਸਾਨਾਂ ਨੁੰ ਬਿਮਾਰੀ ਤੋਂ ਮੁਕਤੀ ਨਹੀਂ ਮਿਲੀ ਤੇ ਸਰਕਾਰ ਉਹਨਾਂ ਦੀ ਰਾਹਤ ਵਿਚ ਨਹੀਂ ਬਹੁੜੀ। ਉਹਨਾਂ ਕਿਹਾ ਕਿ ਹੋਰ ਤਾਂ ਹੋਰ ਸਰਕਾਰ ਉਹਨਾਂ ਖਿਲਾਫ ਵੀ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਜਿਹਨਾਂ ਨੇ ਕਿਸਾਨਾਂ ਨੂੰ ਨਕਲੀ ਬੀਜ ਪ੍ਰਦਾਨ ਕੀਤੇ।
ਉਹਨਾਂ ਨੇ ਸਰਕਾਰ ਨੁੰ ਅਪੀਲ ਕੀਤੀ ਕਿ ਉਹ ਮਾਮਲੇ ਵਿਚ ਤੁਰੰਤ ਕਾਰਵਾਈ ਕਰੇ ਤਾਂ ਜੋ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਣ ਕਿਉਂਕਿ ਭਾਰੀ ਘਾਟਿਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਦੇ ਰਾਹ ਪੈ ਗਏ ਹਨ ਤੇ ਵੱਡੀ ਪੱਧਰ ’ਤੇ ਖੁਦਕੁਸ਼ੀਆਂ ਦਾ ਦੌਰ ਮੁੜ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਨੂੰ ਲੰਬਾ ਸਮਾਂ ਪਹਿਲਾਂ ਚੌਕਸ ਕੀਤਾ ਸੀ ਪਰ ਚੰਨੀ ਸਰਕਾਰ ਸਮੇਂ ਸਿਰ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ।