ਚੰਡੀਗੜ੍ਹ/25 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੰਸਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਲਨਾ ਇੱਕ ਮਨੁੱਖ ਨਾਲ ਕਰਨ ਲਈ ਆਪ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਸਖ਼ਤ ਨਿਖੇਧੀ ਕੀਤੀ ਹੈ । ਇਸ ਤੋਂ ਇਲਾਵਾ ਪਾਰਟੀ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਪੰਜਾਬੀ ਸ਼ਹੀਦਾਂ ਦਾ ਨਿਰਾਦਰ ਕਰਨ ਲਈ ਆਪ ਸਾਂਸਦ ਨੂੰ ਤੁਰੰਤ ਮੁਆਫੀ ਮੰਗਣ ਲਈ ਕਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਨੇ ਅੱਜ ਇਹ ਕਿਹਾ ਹੈ ਕਿ ਸਿੱਖਾਂ ਦੇ 300 ਸਾਲਾਂ ਦੇ ਇਤਿਹਾਸ ਵਿਚ ਸਿਰਫ ਦੋ ਸ਼ਹੀਦ ਹੋਏ ਹਨ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਰਦਾਰ ਭਗਤ ਸਿੰਘ। ਉਹਨਾਂ ਕਿਹਾ ਕਿ ਇਸ ਬਿਆਨ ਨੇ ਪੂਰੀ ਦੁਨੀਆਂ ਵਿਚ ਰਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਾਰੇ ਸਿੱਖਾਂ ਨੂੰ ਇਸ ਗੱਲ ਤੋਂ ਬਹੁਤ ਚੋਟ ਪਹੁੰਚੀ ਹੈ ਕਿ ਮਾਨ ਨੇ ਬੜੀ ਲਾਪਰਵਾਹੀ ਨਾਲ ਗੁਰੂ ਸਾਹਿਬ ਦੀ ਤੁਲਨਾ ਇੱਕ ਮਨੁੱਖ ਨਾਲ ਕਰ ਦਿੱਤੀ ਹੈ।
ਇਹ ਟਿੱਪਣੀ ਕਰਦਿਆਂ ਕਿ ਭਗਤ ਸਿੰਘ ਵੱਲੋਂ ਦਿੱਤੀ ਕੁਰਬਾਨੀ ਦਾ ਸਾਰੇ ਬੇਹੱਦ ਸਤਿਕਾਰ ਕਰਦੇ ਹਨ, ਸਰਦਾਰ ਗਰੇਵਾਲ ਨੇ ਕਿਹਾ ਕਿ ਪਰ ਮਾਨ ਨੇ ਇਹ ਕਹਿ ਕੇ ਕਿ ਸਿੱਖਾਂ ਦੇ 300 ਸਾਲ ਦੇ ਇਤਿਹਾਸ ਵਿਚ ਸਿਰਫ ਦੋ ਸ਼ਹੀਦ ਹੋਏ ਹਨ, ਬਾਕੀ ਦੇ ਮਹਾਨ ਸ਼ਹੀਦਾਂ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਸੁਖਦੇਵ, ਰਾਜਗੁਰੂ ਆਦਿ ਦਾ ਅਪਮਾਨ ਨਹੀਂ ਕਰ ਸਕਦਾ।
ਅਕਾਲੀ ਆਗੂ ਨੇ ਮਾਨ ਨੂੰ ਤੁਰੰਤ ਸਿੱਖਾਂ, ਪੰਜਾਬੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਤੋਂ ਮੁਆਫੀ ਮੰਗਣ ਲਈ ਆਖਿਆ ਹੈ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਅਸੀਂ ਉਸ ਵਿਰੁੱਧ ਪ੍ਰਦਰਸ਼ਨ ਕਰਕੇ ਉਸ ਨੂੰ ਮੁਆਫੀ ਮੰਗਣ ਲਈ ਮਜ਼ਬੂਰ ਕਰ ਦਿਆਂਗੇ।