ਚੰਡੀਗੜ•/14 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀਆਂ ਗਲਤ ਆਰਥਿਕ ਨੀਤੀਆਂ ਰਾਹੀਂ ਬੇਲੋੜੇ ਟੈਕਸ ਲਗਾ ਨਾ ਸਿਰਫ ਆਮ ਆਦਮੀ ਉੱਤੇ ਆਰਥਿਕ ਬੋਝ ਵਧਾਇਆ ਹੈ, ਸਗੋਂ ਸੂਬੇ ਆਰਥਿਕ ਹਾਲਤ ਨੂੰ ਵੀ ਖਸਤਾ ਕਰ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਹੈ ਕਿ ਮਨਪ੍ਰੀਤ ਬਾਦਲ ਆਦਤਨ ਹੀ ਇੱਕ ਗਰੀਬ-ਵਿਰੋਧੀ ਵਿਅਕਤੀ ਹੈ। ਉਹ ਆਪਣਾ ਜੋ ਅਕਸ ਪੇਸ਼ ਕਰਦਾ ਹੈ, ਉਹ ਉਸ ਦੀ ਸਿਆਸੀ ਵਿਚਾਰਧਾਰਾ ਦੇ ਬਿਲਕੁੱਲ ਉਲਟ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹੁੰਦਿਆਂ ਵੀ ਬਤੌਰ ਵਿੱਤ ਮੰਤਰੀ ਵੀ ਉਹ ਹਮੇਸ਼ਾਂ ਹੀ ਸਮਾਜ-ਭਲਾਈ ਸਕੀਮਾਂ ਅਤੇ ਗਰੀਬ ਪੱਖੀ ਸਕੀਮਾਂ ਦਾ ਵਿਰੋਧ ਕਰਦਾ ਸੀ। ਉਹ ਸਾਰੀਆਂ ਸਬਸਿਡੀਆਂ ਖਤਮ ਕਰਨ ਦੀ ਵਕਾਲਤ ਕਰਦਾ ਹੁੰਦਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਤਿਉਹਾਰਾਂ ਦਾ ਸੀਜ਼ਨ ਸਿਰ ਉੱਤੇ ਹੈ ਅਤੇ ਸਰਕਾਰੀ ਕਰਮਚਾਰੀ ਤਨਖਾਹਾਂ ਲਈ ਤਰਸ ਰਹੇ ਹਨ। ਉਹਨਾਂ ਕਿਹਾ ਕਿ ਬਿਜਲੀ ਦੀਆਂ ਦਰਾਂ ਵਧਾ ਕੇ, ਵਿਭਿੰਨ ਸਮਾਜ ਭਲਾਈ ਸਕੀਮਾਂ ਬੰਦ ਕਰਕੇ ਅਤੇ ਸਾਡੇ ਸਰਕਾਰੀ ਸਕੂਲਾਂ ਖਾਸ ਕਰਕੇ ਆਦਰਸ਼ ਸਕੂਲਾਂ ਨੂੰ ਮਜ਼ਾਕ ਦਾ ਵਿਸ਼ਾ ਬਣਾ ਕੇ ਮਨਪ੍ਰੀਤ ਬਾਦਲ ਨੇ ਆਪਣੀ ਅਸਲੀ ਜਗੀਰੂ ਸੋਚ ਵਿਖਾ ਦਿੱਤੀ ਹੈ, ਜਿਸ ਅੰਦਰ ਗਰੀਬ ਅਤੇ ਲਿਤਾੜੇ ਵਰਗਾਂ ਲਈ ਕੋਈ ਥਾਂ ਨਹੀਂ ਹੈ। ਉਹਨਾਂ ਕਿਹਾ ਕਿ ਡੂਨ ਸਕੂਲ ਵਿਚ ਪੜ•ੇ ਇਸ ਵਿੱਤ ਮੰਤਰੀ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਇੱਕ ਕਿਸਾਨ ਅਤੇ ਮਜ਼ਦੂਰ ਦੇ ਬੱਚੇ ਨੂੰ ਪੜ•ਣ ਦਾ ਅਧਿਕਾਰ ਹੁੰਦਾ ਹੈ। ਉਹਨਾਂ ਕਿਹਾ ਕਿ ਇਹਨਾਂ ਗਰੀਬ ਬੱਚਿਆਂ ਲਈ ਆਦਰਸ਼ ਸਕੂਲ ਸਭ ਤੋਂ ਵੱਡਾ ਸੁਫਨਾ ਹੁੰਦਾ ਹੈ। ਉਹਨਾਂ ਕਿਹਾ ਕਿ ਦੁਸਹਿਰੇ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੇ ਮੌਕੇ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਰੋਕਣਾ ਜਾਂ ਲੇਟ ਕਰਨਾ ਇਕ ਬੇਹੱਦ ਕਠੋਰਤਾ ਭਰਿਆ ਵਤੀਰਾ ਹੈ, ਜਿਸ ਦੀ ਆਸ ਸਿਰਫ ਇੱਕ ਗਰੀਬ-ਵਿਰੋਧੀ ਮਾਨਸਿਕਤਾ ਵਾਲੇ ਵਿੱਤ ਮੰਤਰੀ ਤੋਂ ਹੀ ਕੀਤੀ ਜਾ ਸਕਦੀ ਹੈ।
ਮਨਪ੍ਰੀਤ ਬਾਦਲ ਦੀਆਂ ਆਰਥਿਕ ਨੀਤੀਆਂ ਉੱਤੇ ਸਵਾਲ ਉਠਾਉਂਦਿਆਂ ਬੀਬੀ ਉਪਿੰਦਰਜੀਤ ਕੌਰ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਆਪਣੇ ਵਿੱਤ ਮੰਤਰੀ ਦੀ ਲਗਾਮ ਖਿੱਚਣ ਜਾਂ ਫਿਰ ਉਸ ਦੀ ਛੁੱਟੀ ਕਰਨ ਦੀ ਲੋੜ ਹੈ, ਕਿਉਂਕਿ ਜਲਦੀ ਹੀ ਪੰਜਾਬ ਦੇ ਲੋਕ ਇਸ 'ਲੋਕਾਂ ਦੇ ਖੂਨ ਪੀਣੇ ਵਿਅਕਤੀ' ਖਿਲਾਫ ਅੰਦੋਲਨ ਸ਼ੁਰੂ ਕਰ ਦੇਣਗੇ।
ਉਹਨਾਂ ਕਿਹਾ ਕਿ ਖਜ਼ਾਨਾ ਖਾਲੀ ਹੋਣ ਦਾ ਦੋਸ਼ ਪਿਛਲੀ ਸਰਕਾਰ ਉੱਤੇ ਮੜ•ਣਾ ਸਭ ਤੋਂ ਸੌਖਾ ਹੁੰਦਾ ਹੈ। ਉਹਨਾਂ ਕਿਹਾ ਕਿ ਦਰਅਸਲ ਸਰਕਾਰੀ ਖਜ਼ਾਨਾ ਨਹੀਂ, ਸਗੋਂ ਵਿੱਤ ਮੰਤਰੀ ਦਾ ਦਿਮਾਗ ਖਾਲੀ ਹੈ, ਜਿਸ ਕੋਲ ਆਪਣੇ ਵਿਭਾਗ ਨੂੰ ਵੀ ਕੁਸ਼ਲਤਾ ਨਾਲ ਚਲਾਉਣ ਦੀ ਵੀ ਸੂਝ ਨਹੀਂ ਹੈ। ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਉਦਾਰਹਣ ਦਿੰਦਿਆਂ ਉਹਨਾਂ ਕਿਹਾ ਕਿ ਜਦੋਂ ਉਹ ਵਿੱਤ ਮੰਤਰੀ ਸਨ ਤਾਂ ਸਰਦਾਰ ਬਾਦਲ ਵੱਲੋਂ ਸਪੱਸ਼ਟ ਨਿਰਦੇਸ਼ ਦਿੱਤੇ ਹੋਏ ਸਨ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਤੋਂ ਵਾਂਝੇ ਨਹੀਂ ਰੱਖਣਾ ਹੈ। ਉਹਨਾਂ ਕਿਹਾ ਕਿ ਆਗੂ ਦਿਆਲੂ, ਸੰਵੇਦਨਸ਼ੀਲ ਅਤੇ ਅਗਾਂਹਵਧੂ ਸੋਚ ਵਾਲੇ ਹੋਣੇ ਚਾਹੀਦੇ ਹਨ। ਬਦਕਿਸਮਤੀ ਨਾਲ ਸਾਡੇ ਉੱਤੇ ਅਜਿਹੇ ਲੋਕ ਸਾਸ਼ਨ ਕਰ ਰਹੇ ਹਨ, ਜਿਹਨਾਂ ਨੂੰ ਗਰੀਬਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਰੋਮ ਜਲ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ, ਇਹੀ ਕੁੱਝ ਮੌਜੂਦਾ ਸਮੇਂ ਪੰਜਾਬ ਵਿਚ ਹੋ ਰਿਹਾ ਹੈ।