ਕਿਹਾ ਕਿ ਉਹਨਾਂ ਦੀ ਮਾਤਾ ਨੇ ਕਦੇ ਵੀ ਸਕੀਮ ਲਈ ਅਪਲਾਈ ਨਹੀਂ ਕੀਤਾ ਅਤੇ ਨਾ ਹੀ ਲੋੜੀਂਦਾ ਹਲਫੀਆ ਬਿਆਨ ਦਿੱਤਾ
ਕਿਹਾ ਕਿ ਉਹ ਗਰੀਬ ਕਿਸਾਨਾਂ ਦੇ ਪੈਸੇ ਨੂੰ ਸਵੀਕਾਰ ਨਹੀਂ ਕਰਨਗੇ
ਚੰਡੀਗੜ•/04 ਫਰਵਰੀ: ਫਰੀਦਕੋਟ ਦੇ ਸਾਬਕਾ ਵਿਧਾਇਕ ਸਰਦਾਰ ਮਨਤਾਰ ਸਿੰਘ ਬਰਾੜ ਨੇ ਅੱਜ ਉਹਨਾਂ ਸਿਆਸਤਦਾਨਾਂ ਅਤੇ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਹਨਾਂ ਨੇ ਮਿਲੀ-ਭੁਗਤ ਨਾਲ ਉਹਨਾਂ ਦੀ ਮਾਤਾ ਦਾ ਨਾਂ ਕਾਂਗਰਸ ਸਰਕਾਰ ਦੀ ਅੰਸ਼ਿਕ ਕਰਜ਼ਾ ਮੁਆਫੀ ਯੋਜਨਾ ਤਹਿਤ ਲਾਭਪਾਤਰੀਆਂ ਦੀ ਸੂਚੀ ਵਿਚ ਪਾ ਦਿੱਤਾ, ਜਦਕਿ ਉਹ ਇਸ ਸਕੀਮ ਦੀਆਂ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੇ ਸਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਰਾੜ ਨੇ ਕਿਹਾ ਕਿ ਸੈਕਸ਼ਨ 420 ਤਹਿਤ ਫਰੀਦਕੋਟ ਦੇ ਉਹਨਾਂ ਸਿਆਸਤਦਾਨਾਂ ਅਤੇ ਅਧਿਕਾਰੀਆਂ ਖ਼ਿਲਾਫ ਧੋਖਾਧੜੀ ਦਾ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ, ਜਿਹਨਾਂ ਨੇ ਉਹਨਾਂ ਦੀ ਮਾਤਾ ਮਨਜੀਤ ਕੌਰ ਦਾ ਨਾਂ ਜਬਰਦਸਤੀ ਬਤੌਰ ਲਾਭਪਾਤਰੀ ਦਾਖ਼ਲ ਕਰ ਦਿੱਤਾ ਜਦਕਿ ਉਹ ਪੈਨਸ਼ਨ ਲੈ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮੇਰੇ ਮਾਤਾ ਜੀ ਨੇ ਨਾ ਤਾਂ ਕਦੇ ਇਸ ਸਕੀਮ ਲਈ ਅਪਲਾਈ ਕੀਤਾ ਸੀ ਅਤੇ ਨਾਲ ਸਕੀਮ ਵਾਸਤੇ ਲੋੜੀਂਦਾ ਹਲਫ਼ੀਆ ਬਿਆਨ ਦਿੱਤਾ ਸੀ। ਉਹ ਇਸ ਸਕੀਮ ਤਹਿਤ ਸਰਕਾਰ ਕੋਲੋਂ ਕੋਈ ਪੈਸਾ ਸਵੀਕਾਰ ਨਹੀਂ ਕਰਨਗੇ। ਸਾਡਾ ਪਰਿਵਾਰ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਮੁਕੰਮਲ ਕਰਜ਼ਾ ਮੁਆਫੀ ਲਾਗੂ ਕਰਨ ਤੋਂ ਬਚਣ ਲਈ ਅਜਿਹੇ ਘਟੀਆ ਹਥਕੰਡੇ ਅਪਣਾਉਣ ਦੀ ਥਾਂ ਹੱਕਦਾਰ ਲਾਭਪਾਤਰੀਆਂ ਤਕ ਇਸ ਰਾਹਤ ਨੂੰ ਪੁੱਜਦਾ ਕਰੇ। ਇਹ ਸਾਰੀ ਘਟਨਾ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਬੋਅ ਆਉਂਦੀ ਹੈ। ਇਸ ਧੋਖਾਧੜੀ ਦਾ ਪਰਦਾਫਾਸ਼ ਕਰਨ ਲਈ ਮੈਂ ਜਾਂਚ ਦੀ ਮੰਗ ਕਰਦਾ ਹਾਂ।ਉਹਨਾਂ ਕਿਹਾ ਕਿ ਮੈਂ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਿਖਾਂਗਾ ਅਤੇ ਇਸ ਸਮੁੱਚੇ ਮਸਲੇ ਦੀ ਤਹਿ ਤੀਕ ਜਾਂਚ ਦੀ ਮੰਗ ਕਰਾਂਗਾ।
ਅਕਾਲੀ ਆਗੂ ਨੇ ਕਿਹਾ ਕਿ ਇਸ ਜਾਂਚ ਵਿਚ ਫਰੀਦਕੋਟ ਦੇ ਕਾਂਗਰਸੀ ਆਗੂਆਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਜਿਹਨਾਂ ਨੇ ਮੀਡੀਆ ਅੱਗੇ ਇਹ ਰੌਲਾ ਪਾਇਆ ਸੀ ਕਿ ਉਹਨਾਂ ਦੀ ਮਾਤਾ ਜੋ ਕਿ ਉਹਨਾਂ ਦੇ ਸਵਰਗੀ ਪਿਤਾ ਅਤੇ ਸਾਬਕਾ ਵਿਧਾਇਕ ਜਸਵਿੰਦਰ ਸਿੰਘ ਬਰਾੜ ਦੀ ਪੈਨਸ਼ਨ ਲੈ ਰਹੇ ਹਨ, ਉਹ ਲਾਭਪਾਤਰੀਆਂ ਦੀ ਸੂਚੀ ਵਿਚ ਹਨ। ਉਹਨਾਂ ਕਿਹਾ ਕਿ ਐਸਜੀਪੀਸੀ ਮੈਂਬਰ ਸੁਖਦੇਵ ਸਿੰਘ ਬਾਠ ਸਣੇ ਕੁੱਝ ਹੋਰ ਅਕਾਲੀ ਆਗੂਆਂ ਨੇ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਜਾਣਕਾਰੀ ਤੋਂ ਬਗੈਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਨਾਂ ਲਾਭਪਾਤਰੀਆਂ ਦੀ ਸੂਚੀ ਵਿਚ ਸ਼ਾਮਿਲ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਨੂੰ ਇਸ ਤਰ•ਾਂ ਦੀਆਂ ਘਟੀਆ ਹਰਕਤਾਂ ਕਰਕੇ 90 ਹਜ਼ਾਰ ਕਰੋੜ ਰੁਪਏ ਦੀ ਮੁਕੰਮਲ ਕਰਜ਼ਾ ਮੁਆਫੀ ਨੂੰ ਲਾਗੂ ਕਰਨ 'ਚ ਆਪਣੀ ਨਾਕਾਮੀ ਉੱਤੇ ਪਰਦਾ ਨਹੀਂ ਪਾਉਣ ਦਿਆਂਗੇ। ਉਹਨਾਂ ਕਿਹਾ ਕਿ ਦਰਅਸਲ ਕਾਂਗਰਸੀ ਆਗੂਆਂ ਦੇ ਰਿਸ਼ਤੇਦਾਰਾਂ ਅਤੇ ਸਕੇ ਸੰਬੰਧੀਆਂ ਨੇ ਫਸਲੀ ਕਰਜ਼ਾ ਮੁਆਫੀ ਸਕੀਮ ਦਾ ਸਭ ਤੋਂ ਵੱਧ ਫਾਇਦਾ ਉਠਾਇਆ ਹੈ। ਉਹਨਾਂ ਨੂੰ ਅਯੋਗ ਹੋਣ ਦੇ ਬਾਵਜੂਦ ਇਸ ਸਕੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਮੈਂ ਜਲਦੀ ਹੀ ਉਹਨਾਂ ਆਗੂਆਂ ਦੀ ਸੂਚੀ ਲੈ ਕੇ ਆਵਾਂਗਾ ਅਤੇ ਉਹਨਾਂ ਦੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਭਾਂਡਾ ਚੌਰਾਹੇ ਭੰਨ ਦਿਆਂਗਾ।
ਸਰਦਾਰ ਬਰਾੜ ਨੇ ਕਾਂਗਰਸ ਪਾਰਟੀ ਨੂੰ ਵੀ ਕਿਹਾ ਕਿ ਉਹ ਅਜਿਹੇ ਧਿਆਨ-ਭਟਕਾਊ ਹਥਕੰਡਿਆਂ ਨਾਲ ਕਿਸਾਨਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਇਸ ਨੇ 90 ਹਜ਼ਾਰ ਕਰੋੜ ਰੁਪਏ ਦੀ ਮੁਕੰਮਲ ਕਰਜ਼ਾ ਮੁਆਫੀ ਨੂੰ ਕਿਉਂ ਨਹੀਂ ਲਾਗੂ ਕੀਤਾ ਹੈ, ਜਿਸ ਦਾ ਕਿ ਬਤੌਰ ਪੀਸੀਸੀ ਮੁਖੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਰਾਸ਼ਟਰੀਕ੍ਰਿਤ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਆੜ•ਤੀਆਂ ਕੋਲੋਂ ਲਏ ਗਏ ਕਰਜ਼ਿਆਂ ਨੂੰ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਪਰ ਅਜਿਹਾ ਕੁੱਝ ਨਹੀਂ ਵਾਪਰਿਆ। ਕਾਂਗਰਸੀਆਂ ਨੇ ਸਿਰਫ ਫੋਟੋਆਂ ਖਿਚਵਾਉਣ ਵਾਸਤੇ ਕਰਜ਼ਾ ਮੁਆਫੀ ਦੀ ਇੱਕ ਅੱਧ-ਪਚੱਧੀ ਜਿਹੀ ਸਕੀਮ ਤਿਆਰ ਕਰ ਲਈ, ਜਿਸ ਵਿਚੋਂ 90 ਫੀਸਦ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਬਾਹਰ ਕਰ ਦਿੱਤਾ ਗਿਆ ਤਾਂ ਕਿ ਉਹ ਕਿਸਾਨਾਂ ਨੂੰ ਮੂਰਖ ਬਣਾ ਸਕਣ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪਿਛਲੇ ਦੋ ਸਾਲਾਂ ਵਿਚ 500 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਕਾਂਗਰਸ ਸਰਕਾਰ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਵਾਅਦੇ ਮੁਤਾਬਕ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੇਣ ਵਿਚ ਵੀ ਨਾਕਾਮ ਰਹੀ ਹੈ, ਉਹਨਾਂ ਦੇ ਕਰਜ਼ੇ ਮੁਆਫ ਕਰਨ ਦੀ ਤਾਂ ਗੱਲ ਹੀ ਕੀ ਕਰੀਏ?