ਖੇਤੀ ਐਕਟ ਖਾਰਜ ਕੀਤੇ ਜਾਣ : ਸੰਕਟ ਦੇ ਹੱਲ ਲਈ ਕਿਸਾਨ ਜਥੇਬੰਦੀਆਂ ਤੇ ਜਿਹਨਾਂ ਦੇ ਹਿੱਤ ਜੁੜੇ, ਉਹਨਾਂ ਦੀ ਮੀਟਿੰਗ ਸੱਦੀ ਜਾਵੇ : ਅਕਾਲੀ ਦਲ ਕੋਰ ਕਮੇਟੀ
ਅਕਾਲੀ ਦਲ ਨੇ ਕਿਸਾਨੀ ਸੰਘਰਸ਼ 'ਤੇ ਹੋਰ ਜਥੇਬੰਦੀਆਂ ਨਾਲ ਤਾਲਮੇਲ ਵਾਸਤੇ ਕਮੇਟੀ ਬਣਾਈ
ਸ਼ਾਂਤੀ ਤੇ ਫਿਰਕੂ ਸਦਭਾਵਨਾ ਹਰ ਕੀਮਤ 'ਤੇ ਬਣਾਈ ਰੱਖੀ ਜਾਵੇਗੀ ; ਸ਼੍ਰੋਮਣੀ ਅਕਾਲੀ ਦਲ ਸ਼ਾਂਤੀ ਬਣਾਈ ਰੱਖਣੀ ਯਕੀਨੀ ਬਣਾਉਣ ਵਾਸਤੇ ਸਰਵਉਚ ਕੁਰਬਾਨੀ ਦੇਣ ਨੂੰ ਤਿਆਰ
ਪਾਰਟੀ ਨੇ ਐਸ ਸੀ ਵਿਦਿਆਰਥੀਆਂ ਦਾ ਪੈਸਾ ਲੁੱਟਣ ਤੇ ਦੋਸ਼ੀ ਮੰਤਰੀ ਨੂੰ ਬਚਾਉਣ ਲਈ ਮੁੱਖ ਮੰਤਰੀ ਦੀ ਕੀਤੀ ਨਿਖੇਧੀ
ਚੰਡੀਗੜ•, 4 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਚਲ ਰਹੇ ਕਿਸਾਨੀ ਸੰਘਰਸ਼ ਬਾਰੇ ਕਿਸਾਨਾਂ, ਖੇਤ ਮਜ਼ਦੂਰਾਂ, ਦੁਕਾਨਦਾਰਾਂ ਤੇ ਸਾਰੀ ਸਿਆਸੀ ਪਾਰਟੀਆਂ ਸਮੇਤ ਉਹਨਾਂ ਨਾਲ ਤੁਰੰਤ ਮੀਟਿੰਗ ਸੱਦੇ ਜਿਹਨਾਂ ਦੇ ਹਿੱਤ ਇਸ ਮਸਲੇ ਨਾਲ ਜੁੜੇ ਹਨ ਤਾਂ ਜੋ ਸੰਸਦ ਵੱਲੋਂ ਪਾਸ ਕੀਤੇ ਵਿਵਾਦਗ੍ਰਸਤ ਐਕਟ ਕਾਰਨ ਉਪਜਿਆ ਸੰਕਟ ਹੱਲ ਕੀਤਾ ਜਾ ਸਕੇ।
ਪਾਰਟੀ ਦੀ ਕੋਰ ਕਮੇਟੀ ਨੇ ਤਿੰਨ ਮੈਂਬਰੀ ਉਚ ਤਾਕਤੀ ਕਮੇਟੀ ਦਾ ਵੀ ਗਠਨ ਕੀਤਾ ਜੋ ਕਿਸਾਨ ਜਥੇਬੰਦੀਆਂ ਤੇ ਹੋਰਨਾਂ ਨਾਲ ਤਾਲਮੇਲ ਕਰਨਗੀਆਂ ਤਾਂ ਜੋ ਭਵਿੱਖ ਦੀ ਰਣਨੀਤੀ ਉਲੀਕੀ ਜਾ ਸਕੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਵਾਈਆਂ ਜਾ ਸਕਣ।
ਹੋਰ ਵੇਰਵੇ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਥੇਦਾਰ ਸਿਕੰਦਰ ਸਿੰਘ ਮਲੂਕਾ ਇਸ ਕਮੇਟੀ ਦੇ ਮੈਂਬਰ ਹੋਣਗੇ ਜੋ ਕਿਸਾਨਾਂ ਦੀ ਮੰਗਾਂ ਤੇ ਸੰਘਰਸ਼ ਬਾਰੇ ਤਾਲਮੇਲ ਕਰੇਗੀ। ਸ੍ਰੀ ਬੈਂਸ ਨੇ ਦੱਸਿਆ ਕਿ ਕੋਰ ਕਮੇਟੀ ਦਾ ਵਿਚਾਰ ਸੀ ਕਿ ਕਿਸਾਨ ਸੰਘਰਸ਼ ਸਾਰੇ ਪੰਜਾਬੀਆਂ ਦਾ ਸਾਂਝਾ ਸੰਘਰਸ਼ ਹੈ ਅਤੇ ਇਸਦਾ ਅਸਰ ਸਾਰੇ ਸੂਬੇ ਤੇ ਦੇਸ਼ ਦੇ ਅਰਥਚਾਰੇ ਦੇ ਭਵਿੱਖ 'ਤੇ ਪੈਂਦਾ ਹੈ। ਉਹਨਾਂ ਕਿਹਾ ਕਿ ਇਸੇ ਲਈ ਇਸ ਸੰਘਰਸ਼ ਵਾਸਤੇ ਏਕੇ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਸੇ ਲਈ ਪਾਰਟੀ ਨੇ ਤਾਲਮੇਲ ਕਮੇਟੀ ਗਠਿਤ ਕੀਤੀ ਹੈ ਤਾਂ ਜੋ ਕੇਂਦਰ ਸਰਕਾਰ ਦੇ ਫੈਸਲਿਆਂ ਕਾਰਨ ਬਣੀਚੁਣੌਤੀ ਦੇ ਟਾਕਰੇ ਲਈ ਉਹਨਾਂ ਸਾਰਿਆਂ ਨਾਲ ਰਲ ਕੇ ਸਾਂਝਾ ਸੰਘਰਸ਼ ਕੀਤਾ ਜਾ ਸਕੇ ਜੋ ਇਸ ਫੈਸਲੇ ਨਾਲ ਪ੍ਰਭਾਵਤ ਹੁੰਦੇ ਹਨ। ਸ੍ਰੀ ਬਾਦਲ ਨੇ ਇਸ ਸਬੰਧ ਵਿਚ ਕਿਸਾਨ ਜਥੇਬੰਦੀਆਂ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦੀ ਪੇਸ਼ਕਸ਼ ਵੀ ਕੀਤੀ।
ਕੋਰ ਕਮੇਟੀ ਨੇ ਮੰਗ ਕੀਤੀ ਕਿ ਹਾਲ ਵਿਚ ਪਾਸ ਕੀਤੇ ਤਿੰਨ ਐਕਟ ਜੋ ਕਿਸਾਨਾਂ ਦੀ ਜਿਣਸ ਦੇ ਮੰਡੀਕਰਣ ਬਾਰੇ ਹਨ, ਨੂੰ ਰੱਦ ਕੀਤਾ ਜਾਵੇ ਤੇ ਕਿਹਾ ਕਿ ਕਿਸਾਨਾਂ ਦੀ ਜਿਣਸ ਦੀ ਘੱਟੋ ਘੱਟ ਸਮਰਥਨ ਮੁੱਲ 'ਤੇ ਯਕੀਨੀ ਖਰੀਦ ਲਈ ਸੰਵਿਧਾਨਕ ਗਰੰਟੀ ਦੀ ਵਿਵਸਣਾ ਹੋਣੀ ਜ਼ਰੂਰੀ ਹੈ।
ਕੋਰ ਕਮੇਟੀ ਨੇ ਪੰਜਾਬੀਆਂ, ਕਿਸਾਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ 1 ਅਕਤੂਬਰ ਨੂੰ ਪਾਰਟੀ ਵੱਲੋਂ ਕੱਢੇ ਕਿਸਾਨ ਮਾਰਚ ਦੀ ਸਫਲਤਾ ਦੀ ਵਧਾਈ ਦਿੱਤੀ ਤੇ ਮਾਰਚ ਦੀ ਸਮਾਪਤੀ 'ਤੇ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰਨ ਵਾਲਿਆਂ 'ਤੇ ਪੁਲਿਸ ਵੱਲੋਂ ਜ਼ਬਰ ਢਾਹੁਣ ਦੀ ਨਿਖੇਧੀ ਕੀਤੀ।
ਇਕ ਵੱਡੇ ਮਤੇ ਵਿਚ ਪਾਰਟੀ ਦੀ ਕੋਰ ਕਮੇਟੀ ਨੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਨੂੰ ਉਚ ਤਰਜੀਹ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਪਾਰਟੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਕਿਸੇ ਵੀ ਸਾਜ਼ਿਸ਼ ਨੂੰ ਅਸਫਲ ਬਣਾਉਣ ਵਾਸਤੇ ਸਰਵਉਚ ਕੁਰਬਾਨੀ ਦੇਣ ਲਈ ਤਿਆਰ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਬਹੁਤ ਮੁਸ਼ਕਿਲ ਨਾਲ ਮਿਲੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ।
ਪਾਰਟੀ ਨੇ ਸੂਬੇ ਦੇ ਕਾਂਗਰਸੀ ਆਗੂਆਂ ਤੇ ਹੋਰਨਾਂ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਗੁੰਡਾਗਰਦੀ ਕਰਾਰ ਦੇਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਕ ਹੋਰ ਮਤੇ ਵਿਚ ਕੋਰ ਕਮੇਟੀ ਨੇ ਪੰਜਾਬ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਕਿਉਂਕਿ ਉਹਨਾਂ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਪੈਸੇ ਦਾ ਹੈਰਾਨੀਕੁੰਨ ਘੁਟਾਲਾ ਕੀਤਾ ਹੈ। ਮੰਤਰੀ ਨੇ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਆਇਆ ਕਰੋੜਾਂ ਰੁਪਿਆ ਹੜੱਪ ਲਿਆ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਨਤਾ ਦੇ ਇਸ ਪੈਸੇ ਦੀ ਲੁੱਟ ਦੀ ਆਗਿਆ ਦੇ ਰਹੇ ਹਨ । ਪਾਰਟੀ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਆਪਣੇ ਹੀ ਅਫਸਰ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਰੱਦ ਕਰ ਦਿੱਤੀ ਹੈ ਤੇ ਦੋਸ਼ੀ ਮੰਤਰੀ ਨੂੰ ਸਜ਼ਾ ਦੇਣ ਦੀ ਥਾਂ ਅਫਸਰ ਨੂੰ ਸਜ਼ਾ ਦਿੱਤੀ ਗਈ ਹੈ।
ਪਾਰਟੀ ਨੇ ਇਹ ਵੀ ਕਿਹਾ ਕਿ ਹੁਣ ਜੂਨੀਅਰ ਅਫਸਰਾਂ ਤੋਂ ਮਾਮਲੇ ਦੀ ਜਾਂਚ ਕਰਵਾ ਕੇ ਸੀਨੀਅਰ ਅਫਸਰਾਂ ਦੀ ਜਾਂਚ ਨੂੰ ਗਲਤ ਠਹਿਰਾਇਆਗਿਆ ਹੈ। ਪਾਰਟੀ ਨੇ ਕਿਹਾ ਕਿ ਪੰਜਾਬ ਸਰਕਾਰ ਵਿਚ ਜੋ ਵੀ ਵਾਪਰ ਰਿਹਾ ਹੈ, ਉਹ ਮੰਨਣਯੋਗ ਨਹੀਂ ਹਨ ਤੇ ਇਹ ਕਿਸੇ ਡਰਾਮੇ ਤੋਂ ਘੱਟ ਨਹੀਂ ਹੈ।
ਕੋਰ ਕਮੇਟੀ ਨੇ ਹਾਥਰਸ ਤ੍ਰਾਸਦੀ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਮਨੁੱਖਤਾ ਖਿਲਾਫ ਅਪਰਾਧ ਹੈ ਤੇ ਸਾਡੇ ਦੇਸ਼ ਦੀ ਭਾਵਨਾ ਦਾ ਅਪਮਾਨ ਹੈ। ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਸਪੀਕਰ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਚਰਨਜੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਇਕ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ। ਇਹ ਕਮੇਟੀ ਦਲਿਤਾਂ ਤੇ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਤੇ ਲੁੱਟ ਖਸੁੱਟ ਦਾ ਸ਼ਿਕਾਰ ਹੋਏ ਵਰਗਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਏਗੀ। ਕਮੇਟੀ ਵਿਚ 10 ਹੋਰ ਮੈਂਬਰ ਸ਼ਾਮਲ ਕੀਤੇ ਗਏ ਹਨ।