ਚੰਡੀਗੜ੍ਹ, 18 ਨਵੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਆਖਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਕੀਤੀ ਗਈ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਦਾ ਨੋਟਿਸ ਲਵੇ ਅਤੇ ਯਕੀਨੀ ਬਣਾਵੇ ਕਿ ਸਿੱਖਾਂ ਦੀ ਸਰਵਉਚ ਸੰਸਥਾ ਦੇ ਮੁਖੀ ਦਾ ਮਾਣ ਸਨਮਾਨ ਕਿਸੇ ਵੀ ਤਰੀਕੇ ਹੇਠਾਂ ਨਾਲ ਲਾਇਆ ਜਾਵੇ।
ਭਾਜਪਾ ਦੇ ਸੂਬਾਈ ਆਗੂ ਹਰਜੀਤ ਸਿੰਘ ਗਰੇਵਾਲ ਦੇ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਗਰੇਵਾਲ ਨੇ ਨਾ ਸਿਰਫ ਸਿੰਘ ਸਾਹਿਬ ਦੀ ਬੇਇਜ਼ਤੀ ਕੀਤੀ ਬਲਕਿ ਦੁਨੀਆਂ ਭਰ ਦੇ ਸਿੰਖਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਮਾਰੀ ਹਾਲਾਂਕਿ ਸਿੰਘ ਸਾਹਿਬ ਨੇ ਤਾਂ ਕੱਲ੍ਹ ਸ਼੍ਰੋਮਣੀ ਕਮੇਟੀ ਦੇ 100ਵੇਂ ਸਥਾਪਨਾ ਦਿਵਸ ਮੌਕੇ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਦੀ ਹੀ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਰਡਸ਼ਿਪ ਨੂੰ ਤੁਰੰਤ ਹਰਜੀਤ ਗਰੇਵਾਲ ਦੀ ਝਾੜ ਝੰਬ ਕਰਨੀ ਚਾਹੀਦੀ ਹੈ ਤੇ ਗਰੇਵਾਲ ਨੂੰ ਵੀ ਆਪਣਾ ਬਿਆਨ ਵਾਪਸ ਲੈ ਕੇ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਭਾਜਪਾ ਆਗੂ ਨੇ ਸਿੰੰਘ ਸਾਹਿਬ ਬਾਰੇ ਮੰਦੀ ਬਿਆਨਬਾਜ਼ੀ ਕੀਤੀ ਹੈ ਹਾਲਾਂਕਿ ਸਿੰਘ ਸਾਹਿਬ ਨੇ ਤਾਂ ਸਿਰਫ ਸਿੱਖ ਭਾਈਚਾਰੇ ਨੂੰ ਸਿੰਖ ਵਿਰੋਧੀ ਤਾਕਤਾਂ ਵੱਲੋਂ ਸਿੱਖੀ ਸਿਧਾਂਤਾਂ, ਸਿੱਖ ਧਾਰਮਿਕ ਅਸਥਾਨਾਂ ਤੇ ਸੰਸਥਾਵਾ ’ਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਰੇ ਹੀ ਚੌਕਸ ਕੀਤਾ ਸੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹਰਜੀਤ ਗਰੇਵਾਲ ਨੇ ਖੁਦ ਨੂੰ ਹੀ ਅਜਿਹੀਆਂ ਤਾਕਤਾਂ ਮੰਨ ਲਿਆ ਤੇ ਆਪਣੀ ਬਿਆਨਬਾਜ਼ੀ ਨਾਲ ਇਸਦਾ ਪਾਜ਼ ਆਪ ਹੀ ਖੋਲ੍ਹ ਦਿੱਤਾ।
ਅਕਾਲੀ ਆਗੂ ਨੇ ਕਿਹਾ ਕਿ ਗਰੇਵਾਲ ਜਾਂ ਭਾਜਪਾ ਦਾ ਕੋਈ ਵੀ ਆਗੂ ਸਿੱਖਾਂ ਦੀ ਸਰਵ ਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਦਾ ਯਤਨ ਨਾ ਕਰੇ ਤੇ ਸ਼੍ਰੋਮਣੀ ਅਕਾਲੀ ਦਲ ਸਿੰਘ ਸਾਹਿਬ ਵੱਲੋਂ ਕੱਲ੍ਹ ਪੰਥਕ ਇਕੱਠ ਵਿਚ ਦਿੱਤੇ ਗਏ ਬਿਆਨ ਦਾ ਪੂਰੇ ਦਿਲੋਂ ਸਵਾਗਤ ਕਰਦਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਘੱਟ ਗਿਣਤੀਆਂ ਬਾਰੇ ਬੋਲ ਕੇ ਅਤੇ ਸਮੇਂ ਦੀਆਂ ਕੇਂਦਰ ਸਰਕਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਯਤਨ ਕਿਵੇਂ ਕੀਤੇ, ਇਸ ਬਾਰੇ ਗੱਲ ਕਰ ਕੇ ਸਾਰੇ ਸਿੱਖ ਭਾਈਚਾਰੇ ਦਾ ਸਤਿਕਾਰ ਹਾਸਲ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸਿੱਖ ਪੰਥਕ ਨੂੰ ਚੌਕਸ ਕੀਤਾ ਹੈ ਕਿ ਅਜਿਹੇ ਯਤਨ ਮੁੜ ਕੀਤੇ ਜਾ ਰਹੇ ਹਨ ਅਤੇ ਸਾਰੇ ਸਿੱਖਾਂ ਨੂੰ ਇਕਜੁੱਟ ਹੋ ਕੇ ਇਸਦਾ ਟਾਕਰਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੰਘ ਸਾਹਿਬ ਨੇ ਪੂਰੇ ਅਧਿਕਾਰ ਨਾਲ ਆਪਣੇ ਇਤਿਹਾਸਕ ਵੇਰਵੇ ਦੇ ਕੇ ਆਪਣਾ ਭਾਸ਼ਣ ਦੇ ਕੇ ਸੰਗਤ ਨੂੰ ਸ਼੍ਰੋਮਣੀ ਕਮੇਟੀ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ। ਉਹਨਾਂ ਕਿਹਾ ਕਿ ਸਿੰਘ ਸਾਹਿਬ ਨੇ ਤਾਂ ਮੀਰੀ ਪੀਰੀ ਦੇ ਸਿਧਾਂਤ ਬਾਰੇ ਵੀ ਸਹੀ ਤਰੀਕੇ ਜਾਣਕਾਰੀ ਦਿੱਤੀ ਹੈ ਜੋ ਕਿ ਸਿੱਖਾਂ ਵਿਚ ਦੁਨੀਆਂ ਤੇ ਅਧਿਆਤਮਕ ਤਾਕਤ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਇਸ ਤੋਂ ਕਿਸੇ ਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਬਲਕਿ ਹਰ ਕਿਸੇ ਨੂੰ ਸਿੰਘ ਸਾਹਿਬ ਅਤੇ ਜਿਸ ਦੇ ਉਹ ਜਥੇਦਾਰ ਹਨ, ਉਸ ਥਾਂ ਦਾ ਸਤਿਕਾਰ ਦੇਣਾ ਚਾਹੀਦਾ ਹੈ।