ਕੇਂਦਰ ਨੇ ਸੁਨਹਿਰੀ ਮੌਕਾ ਗੁਆ ਕੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ ; ਦਿੱਲੀ ਮੀਟਿੰਗ ’ਚ ਭਾਜਪਾ ਨੇ ਕਿਸਾਨਾਂ ਸਮੇਤ ਸਮੂਹ ਪੰਜਾਬੀਆਂ ਨੂੰ ਜ਼ਲੀਲ ਕੀਤਾ
ਭਾਜਪਾ ਤੇ ਅਮਰਿੰਦਰ ਵਿਚਾਲੇ ਕਿਸਾਨਾਂ ਖ਼ਿਲਾਫ਼ ਸਾਜ਼ਿਸ਼ੀ ਗੰਢ-ਤੁਪ, ਕਿਸਾਨਾਂ ਨੂੰ ਹਫਾ ਹਫਾ ਕੇ ਮਾਰਨ ਦੀ ਸਾਜ਼ਿਸ਼
ਸ਼੍ਰੋਮਣੀ ਅਕਾਲੀ ਦਲ ਏ ਪੀ ਐਮ ਸੀ ਐਕਟ 2017 ਨੂੰ ਖ਼ਾਰਜ ਕਰ ਕੇ ਪੰਜਾਬ ਨੂੰ ਨੋਟੀਫਾਈਡ ਮੰਡੀ ਐਲਾਨਣ ਦੀ ਮੰਗ ਕਰੇਗਾ
ਚੰਡੀਗੜ੍ਹ, 14 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਵਿਚ ਭਾਜਪਾ ਸਰਕਾਰ ਵੱਲੋਂ ਅਖੌਤੀ ਗੱਲਬਾਤ ਕਰਨ ਦੇ ਬਹਾਨੇ ਕਿਸਾਨਾਂ ਤੇ ਉਨ੍ਹਾਂ ਦੇ ਸੰਗਠਨਾਂ ਦੀ ਪਿੱਠ ’ਚ ਛੁਰਾ ਮਾਰਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਮਰਿੰਦਰ ਤੇ ਭਾਜਪਾ ਦੀ ਸਾਜ਼ਿਸ਼ੀ ਗੰਢ ਤੁੱਪ ਕਿਸਾਨਾਂ ਨੂੰ ਧੋਖਾ ਦੇਣ ਤੇ ਉਨ੍ਹਾਂ ਦੇ ਸੰਘਰਸ਼ ਨੂੰ ਹਰਾਉਣ ਵਾਸਤੇ ਕੰਮ ਕਰ ਰਹੀ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਭਾਜਪਾ ਸਰਕਾਰ ਵੀ ਉਹੀ ਵੱਡੀਆਂ ਗ਼ਲਤੀਆਂ ਦੁਹਰਾ ਰਹੀ ਹੈ ਜੋ ਬੀਤੇ ਸਮੇਂ ਵਿਚ ਪੰਜਾਬ ਵਿਚ ਕਾਂਗਰਸ ਨੇ ਕੀਤੀਆਂ ਹਨ ਤੇ ਇਹ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਸਾਜ਼ਿਸ਼ਾਂ ਘੜ ਕੇ ਕਿਸਾਨਾਂ ਤੇ ਨੌਜਵਾਨਾਂ ਨੂੰ ਭੜਕਾ ਰਹੀ ਹੈ। ਇਸ ਦੇ ਸਰਹੱਦੀ ਸੂਬੇ ਪੰਜਾਬ ਤੇ ਦੇਸ਼ ਵਿਚ ਸ਼ਾਂਤੀ ਵਾਸਤੇ ਗੰਭੀਰ ਨਤੀਜੇ ਨਿਕਲ ਸਕਦੇ ਹਨ ਕਿਉਂਕਿ ਕਿਸਾਨ ਇਕ ਕੌਮੀ ਮੁੱਦੇ ’ਤੇ ਸੰਘਰਸ਼ ਕਰ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਮਾਂ ਕੱਢ ਕੇ ਦੇਸ਼ ਦੇ ਅੰਨਦਾਤੇ ਨੂੰ ਮਿਲਣਾ ਚਾਹੀਦਾ ਸੀ ਨਾ ਕਿ ਇਕ ਚੇਹਰੇਹੀਣ ਅਫ਼ਸਰ ਨੂੰ ਕਿਸਾਨਾਂ ਨੂੰ ਮੱਤਾਂ ਦੇਣ ਵਾਸਤੇ ਭੇਜਣਾ ਚਾਹੀਦਾ ਸੀ। ਜੇਕਰ ਅੱਜ ਦੇ ਦਿਨ ਪ੍ਰਧਾਨ ਮੰਤਰੀ ਦੇ ਬਹੁਤ ਰੁਝੇਵੇਂ ਸਨ ਤਾਂ ਫਿਰ ਇਹ ਮੀਟਿੰਗ ਮੁੜ ਰੱਖੀ ਜਾ ਸਕਦੀ ਸੀ। ਕਿਸਾਨਾਂ ਨੇ ਮੀਟਿੰਗ ਵਿਚੋਂ ਬਾਹਰ ਆ ਕੇ ਸਾਜ਼ਿਸ਼ ਵਿਚੋਂ ਨਿਕਲ ਕੇ ਬਹੁਤ ਚੰਗਾ ਕਾਰਜ ਕੀਤਾ ਹੈ। ਸ੍ਰੀ ਬਾਦਲ ਅੱਜ ਦੁਪਹਿਰ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਬਾਦਲ ਨੇ ਮੁੜ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਸੰਘਰਸ਼ ਨਾਲ ਬਿਨਾਂ ਸ਼ਰਤ ਡੱਟ ਕੇ ਖੜ੍ਹਾ ਹੈ ਤੇ ਇਸ ਸੰਘਰਸ਼ ਵਿਚ ਕਿਸਾਨ ਯੂਨੀਅਨਾਂ ਜੋ ਵੀ ਹੁਕਮ ਸਾਨੂੰ ਸੁਣਾਉਣਗੀਆਂ, ਅਸੀਂ ਉਨ੍ਹਾਂ ਦੀ ਪਾਲਣਾ ਕਰਾਂਗੇ। ਅਸੀਂ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹਾਂ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਖ਼ਿਲਾਫ਼ ਸਾਰੇ ’ਕਾਲੇ ਕਾਨੂੰਨਨ’ ਰੱਦ ਕੀਤੇ ਜਾਣ ਅਤੇ ਅੱਗੇ ਦੇ ਸਫ਼ਰ ਵਾਸਤੇ ਕਿਸਾਨ ਸੰਗਠਨਾਂ ਨਾਲ ਰਾਇ ਮਸ਼ਵਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਨੁਕਸਾਨ ਸਾਰੇ ਦੇਸ਼ ਦਾ ਨੁਕਸਾਨ ਹੈ। ਕਾਲੇ ਕਾਨੂੰ ਸਿਰਫ਼਼਼ ਕਿਸਾਨਾਂ ਦੇ ਹੀ ਨਹੀਂ ਬਲਕਿ ਖੇਤ ਮਜ਼ਦੂਰਾਂ, ਮੰਡੀ ਮਜ਼ਦੂਰਾਂ, ਆੜ੍ਹਤੀਆਂ, ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਦੇ ਨਾਲ ਨਾਲ ਸਾਰੇ ਵਪਾਰ ਤੇ ਉਦਯੋਗ ਲਈ ਨੁਕਸਾਨਦੇਹ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਸੰਘਰਸ਼ ਨੂੰ ਸਾਬੋ ਤਾਜ ਕਰਨ ਵਾਸਤੇ ਭਾਜਪਾ ਸਰਕਾਰ ਦੇ ਇਸ਼ਾਰਿਆਂ ਮੁਤਾਬਿਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਸਿਰਫ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਭੇਜੇ ਤਾਂ ਕਿ ਉਹ ਆਪਣੇ ਵਾਜਬ ਸੰਘਰਸ਼ ਤੇ ਸੜਕ ਤੇ ਰੇਲ ਰੋਕੋ ਨੂੰ ਵਾਪਸ ਲੈ ਲੈਣ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਕ ਵੱਡਾ ਮੌਕਾ ਖੁੰਝਾ ਲਿਆ ਹੈ। ਕਿਸਾਨ ਸੰਗਠਨਾਂ ਨੇ ਵੱਡਾ ਦਿਲ ਵਿਖਾ ਕੇ ਤੇ ਕੇਂਦਰ ਦੇ ਸੱਦੇ ਪ੍ਰਤੀ ਉਸਾਰੂ ਹੁੰਗਾਰਾ ਭਰ ਕੇ ਮੌਕਾ ਪੈਦਾ ਕੀਤਾ ਸੀ ਪਰ ਕੇਂਦਰ ਨੇ ਦੋਗਲਾਪਣ ਤੇ ਖੇਡਾਂ ਖੇਡਣ ਦਾ ਰਾਹ ਚੁਣਿਆ। ਉਨ੍ਹਾਂ ਕਿਹਾ ਕਿ ਇਸ ਗੱਲਬਾਤ ਦਾ ਸਾਰਾ ਮੰਤਵ ਹੀ ਭਾਜਪਾ ਵੱਲੋਂ ਸੀਨੀਅਰ ਤੇ ਤਾਕਤਵਰ ਮੰਤਰੀਆਂ ਨੂੰ ਪੰਜਾਬ ਭੇਜਣ ਤੇ ਭਾਰਤ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਐਕਟਾਂ ਦੇ ਮਾਮਲੇ ਵਿਚ ਤਬਦੀਲੀ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਗ਼ਲਤ ਸਾਬਤ ਕਰਨ ਦੇ ਯਤਨਾਂ ਵਿਚ ਹੀ ਢਹਿ ਢੇਰੀ ਹੋ ਗਿਆ।
ਸ੍ਰੀ ਬਾਦਲ ਨੇ ਕਿਹਾ ਕਿ ਇਸ ਗੱਲਬਾਤ ਦੇ ਸਫਲ ਹੋਣ ਦੀਆਂ ਸੰਭਾਵਨਾਵਾਂ ਹੀ ਸਰਕਾਰ ਵੱਲੋਂ ਪੰਜਾਬ ਵਿਚ ਕਿਸਾਨਾਂ ਨੂੰ ਅਨਪੜ੍ਹ ਸਮਝਦਿਆਂ ਉਨ੍ਹਾਂ ਨੂੰ ’ਸਿੱਖਿਅਤ ਕਰਨ’ ਦੇ ਯਤਨਾਂ ਨਾਲ ਢਹਿ ਢੇਰੀ ਹੋ ਗਈਆਂ। ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਨੂੰ ਕਿਸਾਨਾਂ ਨਾਲੋਂ ਵੱਧ ਕੇ ਕੌਣ ਚੰਗੀ ਤਰ੍ਹਾਂ ਜਾਣਦਾ ਹੋ ਸਕਦਾ ਹੈ ? ਇਹ ਕੇਂਦਰ ਹੈ ਜਿਸ ਨੂੰ ਸਿੱਖਿਆਵਾਂ ਦੀ ਲੋੜ ਹੈ ਨਾ ਕਿ ਕਿਸਾਨਾਂ ਨੂੰ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਦੋਗਲਾਪਣ ਸਾਬਤ ਕਰਦਾ ਹੈ ਕਿ ਤੁਸੀਂ ਕਿਸਾਨਾਂ ਪ੍ਰਤੀ ਕਿੰਨੀ ਅਪਮਾਨ ਭਾਵਨਾ ਰੱਖਦੇ ਹੋ। ਜੇਕਰ ਤੁਸੀਂ ਇਹ ਮੰਨਦੇ ਹਨ ਕਿ ਕਿਸਾਨ ਐਕਟਾਂ ਬਾਰੇ ਗ਼ਲਤ ਹਨ ਤਾਂ ਫਿਰ ਤੁਸੀਂ ਵਾਹਨਾਂ ਨਾਲ ਕੀ ਗੱਲ ਕਰਨ ਵਾਸਤੇ ਮੀਟਿੰਗ ਸੱਦੀ ਸੀ ? ਤੁਸੀਂ ਸਿਰਫ ਉਨ੍ਹਾਂ ਨੂੰ ਐਕਟਾਂ ਬਾਰੇ ਪ੍ਰਚਾਰਨ ਵਾਸਤੇ ਸੱਦਿਆ ਸੀ ? ਇਸ ਸਭ ਕੁਝ ਤੋਂ ਸਪਸ਼ਟ ਹੋ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਾਮਲੇ ਨੂੰ ਲੈ ਕੇ ਸੰਜੀਦਾ ਅਤੇ ਗੰਭੀਰ ਨਹੀਂ ਹੈ।