ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ
ਚੰਡੀਗੜ੍ਹ, 26 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੀ ਫੈਸਲੇ ਲੈਣ ਵਾਲੀ ਸਰਵਉਚ ਕੋਰ ਕਮੇਟੀ ਨੇ ਅੱਜ ਰਾਤ ਹੋਈ ਐਮਰਜੰਸੀ ਮੀਟਿੰਗ ਦੌਰਾਨ ਅੱਜ ਫੈਸਲਾ ਕੀਤਾ ਕਿ ਉਹ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਗਠਜੋੜ ਤੋਂ ਬਾਹਰ ਹੋਵੇਗੀ ਕਿਉਂਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਿਣਸਾਂ ਦੇ ਘੱਟੋ ਤੋਂ ਘੱਟ ਸਮਰਥਨ ਮੁੱਲ ’ਤੇ ਖਰੀਦ ਨੂੰ ਕਾਨੂੰਨੀ ਰੂਪ ਦੇਣ ਅਤੇ ਪੰਜਾਬੀ ਤੇ ਸਿੱਖ ਮਸਲਿਆਂ ਨੂੰ ਜਿਵੇਂ ਪੰਜਾਬੀ ਨੂੰ ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦੇ ਦਰਜੇ ਵਿਚੋਂ ਬਾਹਰ ਰੱਖਣ ਵਰਗੇ ਫੈਸਲਿਆਂ ’ਤੇ ਅੜਬ ਰੁੱਖ ਅਪਣਾਇਆ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਦੇਰ ਰਾਤ ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਬਿੱਲਾਂ ’ਤੇ ਫੈਸਲੇ ਨਾਲ ਨਾ ਸਿਰਫ ਕਿਸਾਨਾਂ ਦੇ ਹਿੱਤਾਂ ਨੂੰ ਡੂੰਘੀ ਸੱਟ ਵੱਜੀ ਹੈ ਬਲਕਿ ਖੇਤ ਮਜ਼ਦੂਰਾਂ, ਵਪਾਰੀਆਂ, ਆੜ੍ਹਤੀਆਂ ਤੇ ਦਲਿਤਾਂ ਨੂੰ ਵੀ ਸੱਟ ਵੱਜੀ ਹੈ ਜੋ ਕਿ ਖੇਤੀਬਾੜੀ ’ਤੇ ਹੀ ਨਿਰਭਰ ਸਨ।
ਪਾਰਟੀ ਮੁੱਖ ਦਫਤਰ ਵਿਚ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੀ ਮੀਟਿੰਗ ਮਗਰੋਂ ਇਹ ਫੈਸਲੇ ਲਏ ਗਏ ਹਨ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਸਿਧਾਂਤਾਂ ਪ੍ਰਤੀ ਦ੍ਰਿੜ੍ਹ ਸੰਕਲਪ ਰਹੇਗਾ ਅਤੇ ਪੰਜਾਬ, ਪੰਜਾਬੀਆਂ ਤੇ ਖਾਸ ਤੌਰ ’ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਡਟਿਆ ਰਹੇਗਾ।
ਉਹਨਾਂ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਲੋਕਾਂ ਖਾਸ ਤੌਰ ’ਤੇ ਪਾਰਟੀ ਵਰਕਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ, ਆੜ੍ਹਤੀਆਂ ਤੇ ਸਮਾਜ ਦੇ ਹੋਰ ਗਰੀਬ ਵਰਗਾਂ ਨਾਲ ਡੂੰਘਾਈ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਖੇਤੀਬਾੜੀ ਮੰਡੀਕਰਣ ਬਾਰੇ ਲਿਆਂਦੇ ਗਏ ਬਿੱਲ, ਪਹਿਲਾਂ ਹੀ ਕਸੂਤੀ ਫਸੀ ਕਿਸਾਨੀ ਵਾਸਤੇ ਤਬਾਹਕੁੰਨ ਹਨ। ਉਹਨਾਂ ਕਿਹਾ ਕਿ ਇਹ ਕਾਲੇ ਕਾਨੂੰਨ ਹਨ ਤੇ ਅਕਾਲੀ ਦਲ ਨੇ ਇਹਨਾਂ ਬਿੱਲਾਂ ਖਿਲਾਫ ਪਹਿਲਾਂ ਹੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਅਜਿਹੀ ਕਿਸੇ ਵੀ ਸਰਕਾਰ ਤੇ ਗਠਜੋੜ ਦਾ ਹਿੱੋਸਾ ਨਹੀਂ ਹੋ ਸਕਦੀ ਜਿਹਨਾਂ ਦਾ ਵਿਰੋਧ ਕਿਸਾਨ, ਖੇਤ ਮਜ਼ਦੂਰ, ਆੜ੍ਹਤੀਏ ਤੇ ਸਮਾਜ ਤੇ ਹੋਰ ਗਰੀਬ ਤੇ ਦਬੇ ਕੁਚਲੇ ਵਰਗ ਕਰ ਰਹੇ ਹਨ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਅਸਤੀਫਾ ਦੇਣ ਤੋਂ ਬਾਅਦ ਵੀ ਅਕਾਲੀ ਦਲ ਨੂੰ ਆਸ ਸੀ ਕਿ ਕੇਂਦਰ ਸਰਕਾਰ ਗਰੀਬ ਕਿਸਾਨਾਂ ਤੇ ਖੇਤੀਬਾੜੀ ਤੇ ਵਪਾਰ ’ਤੇ ਨਿਰਭਰ ਹੋਰ ਕਮਜ਼ੋਰ ਵਰਗਾਂ ਦੇ ਕਤਲ ਵਰਗੇ ਹਮਲੇ ਕਰਨ ਵੱਲ ਸੇਧਤ ਬਿੱਲਾਂ ਨੂੰ ਪਾਸ ਕਰਨ ’ਤੇ ਜ਼ੋਰ ਨਹੀਂ ਦੇਵੇਗੀ ਪਰ ਅਜਿਹਾ ਜਾਪਦਾ ਹੈ ਕਿ ਭਾਜਪਾ ਜ਼ਮੀਨੀ ਹਕੀਕਤਾਂ ਤੋਂ ਬਹੁਤ ਦੂਰ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਹੈ ਪਰ ਸਰਕਾਰ ਤੇ ਗਠਜੋੜ ਨੂੰ ਚਲਾਉਣ ਲਈ ਮੁੱਖ ਸਿਧਾਂਤ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਬਣਾਈ ਰੱਖਣ ਤੇ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਦੇ ਮਾਣ ਸਨਮਾਨ ਨੂੰ ਬਹਾਲ ਰੱਖਣ ਪ੍ਰਤੀ ਵਚਨਬੱਧਤਾ ਹੈ ਜੋ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਲਗਾਤਾਰ ਫੈਸਲੇ ਲੈ ਕੇ ਮੌਜੂਦਾ ਸਰਕਾਰ ਨੇ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਪ੍ਰਤੀ ਬੇਰੁਖੀ ਵਿਖਾਈ ਤੇ ਉਹ ਦੇਸ਼ ਖਾਸ ਤੌਰ ’ਤੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਲੋੜ ਪ੍ਰਤੀ ਵੀ ਬੇਰੁਖ ਵਿਖਾਈ ਦਿੱਤੀ।
ਉਹਨਾਂ ਕਿਹਾ ਕਿ ਸਾਡੇ ਬਹੁਤ ਯਤਨਾਂ ਦੇ ਬਾਵਜੂਦ ਭਾਜਪਾ ਸਰਕਾਰ ਨੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਨਹੀਂ ਕੀਤਾ। ਉਹਨਾਂ ਕਿਹਾ ਕਿ ਕਿਸਾਨ ਦੇਸ਼ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਹ ਕੌਮੀ ਹਿੱਤਾਂ ਵਿਚ ਸਰਕਾਰ ਨੂੰ ਇਹਨਾਂ ਦੇ ਨਾਲ ਡੱਟਣਾ ਚਾਹੀਦਾ ਸੀ ਪਰ ਮੌਜੂਦਾ ਸਰਕਾਰ ਦੀਆਂ ਨੀਤੀਆਂ ਕੌਮੀ ਹਿੱਤਾਂ ਦੇ ਖਿਲਾਫ ਹਨ।
ਕੋਰ ਕਮੇਟੀ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਬਿਕਰਮ ਸਿੰਘ ਮਜੀਠੀਆ, ਹੀਰਾ ਸਿੰਘ ਗਾਬੜੀਆ, ਜਗਮੀਤ ਸਿੰਘ ਬਰਾੜ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ ਤੇ ਮਨਜਿੰਦਰ ਸਿੰਘ ਸਿਰਸਾ ਨੇ ਸ਼ਮੂਲੀਅਤ ਕੀਤੀ।