ਕਿਹਾ ਕਿ 550ਵੇਂ ਪਰਕਾਸ਼ ਪੁਰਬ ਮੌਕੇ ਅਪਣਾਈ ਦਇਆ ਦੀ ਭਾਵਨਾ ਨੂੰ ਅਮਲ ਵਿਚ ਨਹੀਂ ਲਿਆਂਦਾ ਗਿਆ ਹੈ
ਕਿਹਾ ਕਿ ਅਕਾਲੀ ਦਲ ਦਾ ਵਫ਼ਦ ਗ੍ਰਹਿ ਮੰਤਰੀ ਨੂੰ ਮਿਲੇਗਾ ਅਤੇ ਭਾਈ ਰਾਜੋਆਣਾ ਨੂੰ ਰਾਹਤ ਦੇਣ ਦੀ ਅਪੀਲ ਕਰੇਗਾ
ਮੁੱਖ ਮੰਤਰੀ ਨੂੰ ਪੁੱਿਛਆ ਕਿ ਉਸ ਨੇ ਸਿੱਖ ਕੈਦੀਆਂ ਦੀਆਂ ਸਜ਼ਾਵਾਂ ਮੁਆਫ ਕਰਵਾਉਣ ਲਈ ਕੇਂਦਰ ਨੂੰ ਭੇਜੀ ਸੂਚੀ ਵਿਚ ਭਾਈ ਰਾਜੋਆਣਾ ਦਾ ਨਾਂ ਕਿਉਂ ਨਹੀਂ ਸ਼ਾਮਿਲ ਕੀਤਾ?
ਕਿਹਾ ਕਿ ਮੁੱਖ ਮੰਤਰੀ ਨੇ ਉਹਨਾਂ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਮੁਆਫੀ ਦਿਵਾਉਣ ਵਿਚ ਬਹੁਤ ਤੇਜ਼ੀ ਵਿਖਾਈ ਸੀ, ਜਿਹਨਾਂ ਮਸੀਂ ਦੋ ਸਾਲ ਜੇਲ੍ਹ ਵਿਚ ਗੁਜ਼ਾਰੇ ਸਨ, ਪਰੰਤੂ ਬਿਨਾਂ ਪੈਰੋਲ ਤੋਂ 23 ਸਾਲ ਜੇਲ੍ਹ ਵਿਚ ਕੱਟ ਚੁੱਕੇ ਭਾਈ ਰਾਜੋਆਣਾ ਲਈ ਰਾਹਤ ਦੀ ਵਕਾਲਤ ਨਹੀਂ ਕੀਤੀ
ਚੰਡੀਗੜ੍ਹ/03 ਦਸੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਬਿਆਨ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ ਗਈ ਹੈ, ਨੇ ਸਿੱਖਾਂ ਨੂੰ ਡਾਹਢੀ ਪੀੜ ਪਹੁੰਚਾਈ ਹੈ, ਜੋ ਕਿ ਇਹ ਮੰਨੀ ਬੈਠੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਮੌਕੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕੀਤੀ ਜਾ ਚੁੱਕੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ। ਜਦੋਂ ਪਿਛਲੇ ਮਹੀਨੇ ਅਖਬਾਰਾਂ 'ਚ ਇਹ ਖੁਲਾਸਾ ਕਰਨ ਵਾਲੇ ਬਿਆਨ ਛਪੇ ਸਨ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਹੈ ਤਾਂ ਅਸੀਂ ਸੋਚਿਆ ਸੀ ਕਿ ਅਸੀਂ ਅਤੀਤ 'ਚੋਂ ਬਾਹਰ ਆ ਗਏ ਹਾਂ। ਪਰ ਅੱਜ ਦੇ ਬਿਆਨ ਦੇ ਸਾਰਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕਾਂ ਅੰਦਰ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਹੈ ਅਤੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਉੱਤੇ ਅਪਣਾਈ ਦਇਆ ਦੀ ਭਾਵਨਾ ਨੂੰ ਅਮਲ ਵਿਚ ਨਹੀਂ ਲਿਆਂਦਾ ਗਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਨੂੰ 'ਮਨੁੱਖੀ ਹਮਦਰਦੀ' ਨਾਲ ਵੇਖਣ ਦੇ ਪੱਖ ਵਿਚ ਹੈ ਅਤੇ ਇਹ ਗੱਲ ਆਪਣੇ ਵੱਖ ਵੱਖ ਨੁੰਮਾਇਦਿਆਂ ਰਾਹੀਂ ਕੇਂਦਰ ਸਰਕਾਰ ਤਕ ਵੀ ਪਹੁੰਚਾ ਚੁੱਕਿਆ ਹੈ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਕੇਸ ਮੁਆਫੀ ਦਾ ਹੱਕਦਾਰ ਹੈ, ਕਿਉਂਕਿ ਭਾਈ ਰਾਜੋਆਣਾ ਬਿਨਾਂ ਪੈਰੋਲ ਤੋਂ 23 ਤੋਂ ਵੱਧ ਸਾਲ ਜੇਲ੍ਹ ਵਿਚ ਕੱਟ ਚੁੱਕੇ ਹਨ। ਇਸ ਤੋਂ ਇਲਾਵਾ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਢਾਹੇ ਅੱਤਿਆਚਾਰਾਂ ਖ਼ਿਲਾਫ ਭੜਕੀਆਂ ਭਾਵਨਾਵਾਂ ਦਾ ਵੀ ਇੱਕ ਮੁੱਦਾ ਹੈ, ਜਦੋਂ ਸਰਕਾਰ ਵੱਲੋਂ ਕੀਤੀ ਅੰਨ੍ਹੀ ਦਹਿਸ਼ਤਗਰਦੀ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਅਕਾਲੀ ਦਲ ਸਿਧਾਂਤਕ ਤੌਰ ਤੇ ਵੀ ਮੌਤ ਦੀ ਸਜ਼ਾ ਦੇ ਖ਼ਿਲਾਫ ਹੈ ਅਤੇ ਇਸ ਮੁੱਦੇ ਉੱਤੇ ਕੇਂਦਰ ਸਰਕਾਰ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਮਿਲ ਚੁੱਕਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਭਾਈ ਰਾਜੋਆਣਾ ਨੂੰ ਰਾਹਤ ਦਿਵਾਉਣ ਦੀ ਆਪਣੀ ਲੜਾਈ ਜਾਰੀ ਰੱਖੇਗਾ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇੱਕ ਉੱਚ ਪੱਧਰੀ ਵਫ਼ਦ ਜਲਦੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇਗਾ ਅਤੇ ਉਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਏਗਾ ਅਤੇ ਅਪੀਲ ਕਰੇਗਾ ਕਿ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ ਕਰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵੀ ਇਹੀ ਭਾਵਨਾ ਰੱਖਦੀ ਹੈ, ਜਿਹੜੀ ਕਿ ਇਸ ਸੰਬੰਧੀ ਸਰਬਸੰਮਤੀ ਨਾਲ ਮਤਾ ਵੀ ਪਾਸ ਕਰ ਚੁੱਕੀ ਹੈ, ਜਿਸ ਦੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਵੱਲੋਂ ਵੀ ਹਮਾਇਤ ਕੀਤੀ ਜਾ ਚੁੱਕੀ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਮੁੱਖ ਮੰਤਰੀ ਨੇ ਇਸ ਮੁੱਦੇ ਉੱਤੇ ਦੋਹਰੀ ਖੇਡ ਖੇਡੀ ਹੈ, ਜਿਸ ਨਾਲ ਉਸ ਨੇ ਕੇਂਦਰ ਦੇ ਫੈਸਲੇ ਨੂੰ ਵੀ ਪ੍ਰਭਾਵਿਤ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਿਆਰ ਕੀਤੀ ਉਹਨਾਂ ਸਿੱਖ ਕੈਦੀਆਂ ਦੀ ਸੂਚੀ ਵਿਚ ਭਾਈ ਰਾਜੋਆਣਾ ਦਾ ਨਾਂ ਨਹੀਂ ਸੀ ਪਾਇਆ, ਜਿਹੜੇ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਅੰਦਰ ਸੜ੍ਹ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਸਜ਼ਾ ਮੁਆਫੀ ਲਈ ਭਾਈ ਰਾਜੋਆਣਾ ਦੇ ਨਾਂ ਦੀ ਸਿਫਾਰਿਸ਼ ਕਿਉਂ ਨਹੀਂ ਕੀਤੀ?
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਸਿੱਖ ਵਿਰੋਧੀ ਮਾਨਸਿਕਤਾ ਇਸ ਤੱਥ ਵਿਚੋਂ ਵੀ ਝਲਕਦੀ ਹੈ ਕਿ ਇਸ ਨੇ ਉਹਨਾਂ ਚਾਰ ਕਾਤਿਲ ਪੁਲਿਸ ਅਧਿਕਾਰੀਆਂ ਦੀ ਸਜ਼ਾ ਮੁਆਫ ਕਰਵਾਉਣ ਵਿਚ ਬਹੁਤ ਫੁਰਤੀ ਵਿਖਾਈ ਸੀ, ਜਿਹਨਾਂ ਨੇ ਜਲਦੀ ਤਰੱਕੀਆਂ ਲੈਣ ਲਈ 1993 ਵਿਚ ਇੱਕ ਬੇਕਸੂਰ ਸਿੱਖ ਨੌਜਵਾਨ ਨੂੰ ਅਗਵਾ ਕਰਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਸੀ। ਉਹਨਾਂ ਕਿਹਾ ਕਿ ਕਾਤਿਲ ਪੁਲਿਸ ਅਧਿਕਾਰੀਆਂ ਪ੍ਰਤੀ ਅਜਿਹੀ ਮਿਹਰਬਾਨੀ ਵਿਖਾਉਣ ਦੀ ਮੰਗ ਕਰਨ ਵਾਲੇ ਹਾਲਾਤ ਨਾ ਹੋਣ ਦੇ ਬਾਵਜੂਦ ਇਹ ਸਭ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਤੱਥ ਦੇ ਬਾਵਜੂਦ ਕਿ ਪੀੜਤ ਪਰਿਵਾਰ ਨੂੰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ 18 ਸਾਲ ਲੱਗੇ ਸਨ, ਇਹਨਾਂ ਪੁਲਿਸ ਅਧਿਕਾਰੀਆਂ ਪ੍ਰਤੀ ਅਜਿਹੀ ਉਦਾਰਤਾ ਵਿਖਾਈ ਗਈ ਅਤੇ ਉਹਨਾਂ ਨੇ ਮਸੀਂ ਦੋ ਸਾਲ ਦੀ ਸਜ਼ਾ ਕੱਟੀ ਸੀ, ਜਦੋਂ ਉਹਨਾਂ ਨੂੰ ਮੁਆਫੀ ਦੇ ਦਿੱਤੀ ਗਈ।
ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਇਹਨਾਂ ਸਾਰੇ ਤੱਥਾਂ ਨੂੰ ਗ੍ਰਹਿ ਮੰਤਰੀ ਦੇ ਅੱਗੇ ਰੱਖੇਗਾ ਅਤੇ ਭਾਈ ਰਾਜੋਆਣਾ ਨੂੰ ਰਾਹਤ ਤੋਂ ਵਾਂਝਾ ਰੱਖਣ ਵਿਚ ਕਾਂਗਰਸ ਸਰਕਾਰ ਦੀ ਫਰੇਬੀ ਭੁਮਿਕਾ ਦਾ ਵੀ ਪਰਦਾਫਾਸ਼ ਕਰੇਗਾ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਦੀ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਜੋ ਕਿ ਅਤੀਤ ਦੇ ਰਿਸਦੇ ਜਖ਼ਮਾਂ ਨੂੰ ਬੰਦ ਕਰਨਾ ਚਾਹੁੰਦੇ ਹਨ, ਪਾਰਟੀ ਨੂੰ ਪੂਰੀ ਉਮੀਦ ਹੈ ਕਿ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫ ਹੋ ਜਾਵੇਗੀ। ਉਹਨਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਸਿੱਖਾਂ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਰੱਖੇਗੀ ਅਤੇ ਇੱਕ ਮਨੁੱਖਤਾਵਾਦੀ ਕਦਮ ਵਜੋਂ ਭਾਈ ਰਾਜੋਆਣਾ ਦੀ ਸਜ਼ਾ ਮੁਆਫ ਕਰ ਦੇਵੇਗੀ।