ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਘੁਟਾਲੇ ਦੀ ਜਾਂਚ ਕਰਵਾਈ ਜਾਵੇ : ਪਰਮਬੰਸ ਸਿੰਘ ਰੋਮਾਣਾ
ਕੇਜਰੀਵਾਲ ਤੋਂ ਮਾਨ ਨੂੰ ਕਿਸਾਨਾਂ ਦੇ ਹਿੱਤਾਂ ਨਾਲ ਧੋਖਾ ਕਰਨ ਲਈ ਆਪ ਵਿਚੋਂ ਕੱਢਣ ਲਈ ਆਖਿਆ
ਫਰੀਦਕੋਟ, 22 ਮਾਰਚ : ਯੂਥ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੇ ਖੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਜ਼ਰੂਰੀ ਵਸਤਾਂ ਐਕਟ ਲਈ ਸਹਿਮਤੀ ਦੇਣ ਵਾਸਤੇ ਕਾਰਪੋਰੇਟ ਘਰਾਣਿਆਂ ਤੋਂ ਕਰੋੜਾਂ ਰੁਪਏ ਲਏ ਹਨ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਮੰਗ ਕੀਤੀ ਕਿ ਸਾਰੇ ਘੁਟਾਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ, ਤੇ ਕਿਹਾ ਕਿ ਬਹੁ ਕਰੋੜੀ ਘੁਟਾਲੇ ਵਿਚ ਸਾਰੇ ਲਾਭਪਾਤਰੀ ਬੇਨਕਾਬ ਕੀਤੇ ਜਾਣ। ਉਹਨਾਂ ਕਿਹਾ ਕਿ ਜਾਂਚ ਇਸ ਕਰ ਕੇ ਵੀ ਜ਼ਰੂਰੀ ਹੈ ਕਿਉਂਕਿ ਇਹ ਪੈਸਾ ਆਪ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮਾਸੂਮ ਕਿਸਾਨਾਂ ਨੁੰ ਮੂਰਖ ਬਣਾਉਣ ਲਈ ਵਰਤਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਗਵੰਤ ਮਾਨ ਨੇ ਕਿਸਾਨ ਹਿੱਤਾਂ ਨਾਲ ਸਮਝੌਤਾ ਕੀਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਜਦੋਂ ਜ਼ਰੂਰੀ ਵਸਤਾਂ ਸੋਧ ਬਿੱਲ ਸੰਸਦ ਵਿਚ ਪੇਸ਼ ਕੀਤਾ ਗਿਆ ਸੀ ਤਾਂ ਭਗਵੰਤ ਮਾਨ ਨੇ ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਨਾਲ ਗੁਪਤ ਸਮਝੌਤੇ ਦੇ ਤਹਿਤ ਵਾਕ ਆਊਟ ਕਰ ਕੇ ਉਹਨਾਂ ਦੀ ਮਦਦ ਕੀਤੀ ਸੀ। ਬਾਅਦ ਵਿਚ ਮਾਨ ਨੇ ਇਹ ਝੂਠਾ ਦਾਅਵਾ ਕੀਤਾ ਕਿ ਕੋਈ ਵੋਟਿੰਗ ਹੋਈ ਹੀ ਨਹੀਂ। ਉਹਨਾਂ ਕਿਹਾ ਕਿ ਹੁਣ ਉਸਨੇ ਆਪ ਤੇ ਆਪਣੀ ਪਾਰਟੀ ਲਈ ਕਰੋੜਾਂ ਰੁਪਏ ਵੱਟ ਕੇ ਕਿਸਾਨ ਹਿੱਤ ਕਾਰਪੋਰੇਟ ਘਰਾਣਿਆਂ ਨੁੰ ਵੇਚ ਕੇ ਇਕ ਵਾਰ ਫਿਰ ਤੋਂ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਅਜਿਹੀਆਂ ਖੇਡਾਂ ਦਾ ਸਮਾਂ ਖਤਮ ਹੋ ਗਿਆ ਹੈ ਤੇ ਆਪ ਦੇ ਪੰਜਾਬ ਕਨਵੀਨਰ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ ਤੇ ਕਿਸਾਨ ਕਦੇ ਵੀ ਉਹਨਾਂ ਦੀ ਪਿੱਠ ਵਿਚ ਛੁਰਾ ਮਾਰਨ ਲਈ ਉਸਨੂੰ ਮੁਆਫੀ ਨਹੀਂ ਕਰਨਗੇ।
ਉਹਨਾਂ ਮੰਗ ਕੀਤੀ ਕਿ ਭਗਵੰਤ ਮਾਨ ਤੁਰੰਤ ਐਮ ਪੀ ਵਜੋਂ ਅਸਤੀਫਾ ਦੇ ਕੇ ਤੇ ਉਹਨਾਂ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਕਿਹਾ ਕਿ ਜੇਕਰ ਉਹਨਾਂ ਨੂੰ ਸੱਚ ਮੁੱਚ ਮਾਨ ਵੱਲੋਂ ਕੀਤੇ ਸੌਦੇ ਬਾਰੇ ਕੁਝ ਵੀ ਪਤਾ ਨਹੀਂ ਹੈ ਤਾਂ ਫਿਰ ਉਹ ਭਗਵੰਤ ਮਾਨ ਨੁੰ ਪਾਰਟੀ ਵਿਚੋਂ ਕੱਢ ਕੇ ਬਾਹਰ ਮਾਰਨ। ਉਹਨਾਂ ਕਿਹਾ ਕਿ ਜੇਕਰ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਨਾ ਕੱਢਿਆ ਤਾਂ ਫਿਰ ਸਪਸ਼ਟ ਹੋ ਜਾਵੇਗਾ ਕਿ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਨਾਲ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਰਲੇ ਹੋਏ ਹਨ।
ਸ੍ਰੀ ਰੋਮਾਣਾ ਨੇ ਪੰਜਾਬ ਦੇ ਆਪ ਕਨਵੀਨਰ ਨੂੰ ਬੇਨਕਾਬ ਕਰਨ ਵਾਸਤੇ ਸਬੂਤ ਵੀ ਪੇਸ਼ ਕੀਤੇ। ਉਹਨਾਂ ਕਿਹਾ ਕਿ ਭਗਵੰਤ ਮਾਨ ਸੰਸਦ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਸਨ ਤੇ ਮੀਟਿੰਗ ਦੀ ਕਾਰਵਾਈ ਦੇ ਵੇਰਵਿਆਂ ਵਿਚ ਉਹਨਾਂ ਦਾ ਨਾਂ ਸ਼ਾਮਲ ਹੈ। ਸਬੰਧਤ ਦਸਤਾਵੇਜ਼ ਮੀਡੀਆ ਨੂੰ ਵਿਖਾਉਂਦਿਆਂ ਸ੍ਰੀ ਰੋਮਾਣਾ ਨੇ ਕਿਹਾ ਭਗਵੰਤ ਮਾਨ ਨੇ ਨਵੇਂ ਜ਼ਰੂਰੀ ਵਸਤਾਂ ਐਕਟ ਲਈ ਸਹਿਮਤੀ ਦਿੱਤੀ ਹਾਲਾਂਕਿ ਉਹ ਜਾਣਦੇ ਸਨ ਕਿ ਇਸ ਨਾਲ ਕਾਲਾ ਬਜ਼ਾਰੀ ਤੇ ਭੰਡਾਰਨ ਦਾ ਕੰਮ ਕਰੇਗਾ ਜਿਸ ਨਾਲ ਕਿਸਾਨਾਂ ਦੀ ਹੋਰ ਲੁੱਟ ਖਸੁੱਟ ਹੋਵੇਗੀ।
ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੋਵੇਂ ਆਪਣੇ ਇਸ ਦੋਗਲੇ ਕਿਰਪਾਨ ਬਾਰੇ ਲੋਕਾਂ ਨੂੰ ਸਪਸ਼ਟੀਕਰਨ ਦੇਣ।
ਸ੍ਰੀ ਰੋਮਾਣਾ ਨੇ ਕਿਹਾ ਕਿ ਇਕ ਪਾਸੇ ਤਾਂ ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਦੀ ਹਮਾਇਤ ਦਾ ਐਲਾਨ ਕਰ ਕੇ ਪੰਜਾਬ ਵਿਚ ਪੰਜਾਬੀਆਂ ਦੇ ਦਿਲ ਜਿੱਤਣਾ ਚਾਹੁੰਦੀ ਹੈ ਜਦਕਿ ਦੂਜੇ ਪਾਸੇ ਉਹ ਜ਼ਰੂਰੀ ਵਸਤਾਂ ਐਕਟ ਲਈ ਸਹਿਮਤੀ ਦੇ ਦਿੱਤੀ ਹੈ ਤੇ ਅਜਿਹਾ ਕਰਨ ਨਾਲ ਆਪ ਲੀਡਰਸ਼ਿਪ ਨੇ ਉਹਨਾਂ ਸਾਰੇ ਲੋਕਾਂ ਦਾ ਅਪਮਾਨ ਕੀਤਾ ਹੈ ਜਿਹਨਾਂ ਨੇ ਅੰਦੋਲਨ ਦੀ ਹਮਾਇਤ ਕੀਤੀ ਤੇ ਇਹ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ 300 ਕਿਸਾਨਾਂ ਦਾ ਵੀ ਅਪਮਾਨ ਹੈ।