ਕਿਹਾ ਕਿ ਰੋਜ਼ ਬਦਲਦੇ ਬਿਆਨਾਂ ਸਦਕਾ ਬੇਅਦਬੀ ਕੇਸਾਂ ਦੀ ਮੁੜ ਜਾਂਚ ਲਈ ਸੀਬੀਆਈ ਨੂੰ ਸੌਂਪਣ ਦੀ ਵਕਾਲਤ ਕਰਨ ਵਾਲੇ ਮੁੱਖ ਮੰਤਰੀ ਦੀ ਪੋਲ ਖੁੱਲ੍ਹੀ
ਚੰਡੀਗੜ੍ਹ/27 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਦਭਾਗੀ ਬੇਅਦਬੀ ਦੇ ਬੇਹੱਦ ਸੰਵੇਦਨਸ਼ੀਲ ਮੁੱਦੇ ਉੱਤੇ ਸਿੱਖਾਂ ਨੂੰ ਭੰਬਲਭੂਸੇ ਵਿਚ ਪਾਉਣ ਲਈ ਰੋਜ਼ਾਨਾ ਬਦਲਵੇਂ ਬਿਆਨ ਦੇਣੇ ਬੰਦ ਕਰਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਮਰਿੰਦਰ ਬੇਅਦਬੀ ਮੁੱਦੇ ਉੱਤੇ ਭੰਬਲਭੂਸਾ ਫਰਵਰੀ 2022 ਤਕ ਬਰਕਰਾਰ ਰੱਖਣਾ ਚਾਹੁੰਦਾ ਹੈ, ਕਿਉਂਕਿ ਉਸ ਦਾ ਟੀਚਾ ਇਹ ਹੈ ਕਿ ਸੂਬੇ ਅੰਦਰ ਸਿਆਸੀ ਦ੍ਰਿਸ਼ ਉੱਤੇ ਪੂਰੇ ਪੰਜ ਸਾਲ ਬੇਅਦਬੀ ਦਾ ਮੁੱਦਾ ਹੀ ਛਾਇਆ ਰਹੇ ਤਾਂ ਕਿ ਲੋਕਾਂ ਦਾ ਧਿਆਨ ਮੁੱਖ ਮੰਤਰੀ ਦੀਆਂ ਨਾਕਾਮੀਆਂ ਅਤੇ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਅਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਵਰਗੇ ਉਸ ਦੇ ਬਾਕੀ ਅਪਰਾਧਾਂ ਤੋਂ ਹਟਿਆ ਰਹੇ।
ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਇਸ ਮੁੱਦੇ ਉੱਤੇ ਤਾਜ਼ਾ ਮਾਰੀ ਪਲਟੀ ਦਾ ਉਦੇਸ਼ ਇੱਕ ਦਿਨ ਪਹਿਲਾਂ ਇੱਕ ਰੋਜ਼ਾਨਾ ਅਖ਼ਬਾਰ ਨੂੰ ਦਿੱਤੇ ਉਸ ਬਿਆਨ ਤੋਂ ਮੁਕਰਨਾ ਸੀ, ਜਿਸ ਵਿਚ ਉਸ ਨੇ ਸਵੀਕਾਰ ਕੀਤਾ ਸੀ ਕਿ ਉਸ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ ਆਗੂਆਂ ਖਾਸ ਕਰਕੇ ਸਰਦਾਰ ਪਰਕਾਸ਼ ਸਿੰਘ ਬਾਦਲ ਉਤੇ ਦੋਸ਼ ਲਾਉਣਾ ਗਲਤ ਸੀ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਲੋਕਾਂ ਨੂੰ ਦੱਸੇ ਕਿ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਅਤੇ ਸਿੱਖ ਜਥੇਬੰਦੀਆਂ ਦਾ ਮੁਖੌਟਾ ਪਾਈ ਬੈਠੇ ਇਸ ਦੇ ਚਹੇਤਿਆਂ ਵੱਲੋਂ ਕੀਤੀ ਜ਼ੋਰਦਾਰ ਮੰਗ ਤੋਂ ਬਾਅਦ ਹੀ ਅਕਾਲੀ-ਭਾਜਪਾ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪਿਆ ਸੀ। ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਸਾਲ ਜੁਲਾਈ ਵਿਚ ਸਿਟ ਦੇ ਚੇਅਰਮੈਨ ਸ੍ਰੀ ਪ੍ਰਬੋਧ ਕੁਮਾਰ ਨੇ ਸੀਬੀਆਈ ਨੂੰ ਚਿੱਠੀ ਲਿਖ ਕੇ ਬੇਅਦਬੀ ਕੇਸਾਂ ਦੀ ਮੁੜ ਜਾਂਚ ਕਰਨ ਲਈ ਆਖਿਆ ਸੀ। ਉਹਨਾਂ ਕਿਹਾ ਕਿ ਇਹ ਚਿੱਠੀ ਡੀਜੀਪੀ ਦੀ ਸਹਿਮਤੀ ਨਾਲ ਭੇਜੀ ਗਈ ਸੀ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ, ਦੋ ਦਿਨ ਬਾਅਦ 31 ਜੁਲਾਈ ਨੂੰ ਮੁੱਖ ਮੰਤਰੀ ਨੇ ਸੀਬੀਆਈ ਨੂੰ ਬੇਅਦਬੀ ਕੇਸਾਂ ਦੀ ਮੁੜ ਜਾਂਚ ਲਈ ਆਖਿਆ ਹੈ, ਜੋ ਕਿ ਰਿਕਾਰਡ ਵਿਚ ਪਿਆ ਹੈ। ਇੱਕ ਅਗਸਤ ਨੂੰ ਐਡਵੋਕੇਟ ਜਨਰਲ ਨੇ ਇਸ ਦੇ ਖ਼ਿਲਾਫ ਬਿਆਨ ਦਿੱਤਾ ਸੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਵਿਧਾਨ ਸਭਾ ਅੰਦਰ ਇਹ ਕਹਿੰਦਿਆਂ ਪਲਟੀ ਮਾਰੀ ਸੀ ਕਿ ਸੀਬੀਆਈ ਦਾ ਕੇਸ ਦੀ ਮੁੜ ਜਾਂਚ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਸਰਦਾਰ ਬਾਦਲ ਨੇ ਦੱਸਿਆ ਕਿ ਇਸ ਤੋਂ ਬਾਅਦ ਦੋ ਦਿਨ ਪਹਿਲਾਂ ਮੀਡੀਆ ਨੂੰ ਇੱਕ ਇੰਟਰਵਿਊ ਦਿੰਦਿਆਂ ਅਮਰਿੰਦਰ ਸਿੰਘ ਨੇ ਇੱਕ ਹੋਰ ਪਲਟੀ ਮਾਰੀ ਸੀ, ਜਿਸ ਵਿਚ ਉਸ ਨੇ ਕਿਹਾ ਕਿ ਸਿਟ ਚੇਅਰਮੈਨ ਨੇ ਸੀਬੀਆਈ ਨੂੰ ਕੇਸ ਦੀ ਮੁੜ ਜਾਂਚ ਬਾਰੇ ਚਿੱਠੀ ਲਿਖਕੇ ਗਲਤ ਕੀਤਾ ਸੀ ਅਤੇ ਜੇਕਰ ਅਜਿਹਾ ਨਾ ਕੀਤਾ ਗਿਆ ਹੁੰਦਾ ਤਾਂ ਇਹ ਕੇਸ ਹੁਣ ਤਕ ਹੱਲ ਹੋ ਚੁੱਕਿਆ ਹੁੰਦਾ। ਉਹਨਾਂ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਸੀਬੀਆਈ ਨੇ ਅਦਾਲਤ ਵਿਚ ਇਹ ਬਿਆਨ ਦਿੱਤਾ ਸੀ ਕਿ ਇਹ ਪੰਜਾਬ ਸਰਕਾਰ ਦੇ ਕਹਿਣ ਉੱਤੇ ਇਸ ਕੇਸ ਦੀ ਮੁੜ ਜਾਂਚ ਕਰ ਰਹੀ ਹੈ।
ਇਹ ਟਿੱਪਣੀ ਕਰਦਿਆਂ ਕਿ ਕੈਪਟਨ ਵੱਲੋਂ ਇਸ ਮੁੱਦੇ ਉੱਤੇ ਦਿੱਤੇ ਜਾ ਰਹੇ ਆਪਾ-ਵਿਰੋਧੀ ਬਿਆਨਾਂ ਪਿੱਛੇ ਅਸਲੀ ਵਜ੍ਹਾ ਇਹ ਹੈ ਕਿ ਅਮਰਿੰਦਰ ਸਿੰਘ ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਤਕ ਇਸ ਮੁੱਦੇ ਨੂੰ ਲਟਕਾ ਕੇ ਰੱਖਣਾ ਚਾਹੁੰਦਾ ਹੈ ਤਾਂ ਕਿ ਲੋਕਾਂ ਦਾ ਧਿਆਨ ਉਸ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਵਿਖਾਈ ਨਾਕਾਮੀ ਤੋਂ ਹਟਿਆ ਰਹੇ। ਇਹਨਾਂ ਵਾਅਦਿਆਂ ਵਿਚ ਹਰ ਘਰ 'ਚ ਨੌਕਰੀ, 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣਾ, ਬੁਢਾਪਾ ਪੈਨਸ਼ਨ ਵਧਾ ਕੇ 2500 ਰੁਪਏ ਅਤੇ ਸ਼ਗਨ ਦੀ ਰਾਸ਼ੀ ਵਧਾ ਕੇ 51 ਹਜ਼ਾਰ ਰੁਪਏ ਕਰਨਾ ਆਦਿ ਸ਼ਾਮਿਲ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਇਹ ਸਾਰੇ ਵਾਅਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਹੁੰ ਖਾ ਕੇ ਅਤੇ ਹੱਥ ਵਿਚ ਪਾਵਨ ਗੁਟਕਾ ਸਾਹਿਬ ਫੜ ਕੇ ਕੀਤੇ ਸਨ। ਉਹ ਲੋਕਾਂ ਦਾ ਧਿਆਨ ਇਹਨਾਂ ਵਾਅਦਿਆਂ ਤੋਂ ਹਟਾਉਣਾ ਚਾਹੁੰਦਾ ਹੈ, ਇਸ ਕਰਕੇ ਉਹ ਲੋਕਾਂ ਨੂੰ ਇੱਕ ਵਾਰ ਫਿਰ ਬੇਵਕੂਫ ਬਣਾਉਣ ਲਈ ਇਸ ਮੁੱਦੇ ਉੱਤੇ ਰੋਜ਼ਾਨਾ ਆਪਣੇ ਬਿਆਨ ਬਦਲ ਰਿਹਾ ਹੈ।