ਸਿੱਧੂ ਤੇ ਮੁੱਖ ਮੰਤਰੀ ਦੋਵੇਂ ਮਾਮਲੇ ’ਤੇ ਰਾਜਨੀਤੀ ਕਰ ਰਹੇ ਹਨ : ਬਲਵਿੰਦਰ ਸਿੰਘ ਭੂੰਦੜ
ਚੰਡੀਗੜ੍ਹ, 10 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਦੋਸ਼ੀਆਂ ਨੁੰ ਫੜਨ ਅਤੇ ਸਜ਼ਾਵਾਂ ਦੁਆਉਣ ਵਿਚ ਜਿੰਨਾ ਮੁੱਖ ਮੰਤਰੀ ਫੇਲ੍ਹ ਹੋਏ ਹਨ, ਉਨੇ ਹੀ ਦੋਸ਼ੀ ਸਾਬਕਾ ਮੰਤਰੀ ਨਵਜੋਤ ਸਿੱਧੂ ਵੀ ਹਨ ਅਤੇ ਇਹ ਦੋਵੇਂ ਆਗੂ ਹੁਣ ਕੇਸ ਵਿਚ ਨਿਆਂ ਮਿਲਣਾ ਯਕੀਨੀ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਮਾਮਲੇ ’ਤੇ ਰਾਜਨੀਤੀ ਕਰ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਐਮ ਪੀ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਨਵਜੋਤ ਸਿੱਧੂ ਚਾਰ ਸਾਲ ਲੰਘਣ ਮਗਰੋਂ ਹੁਣ ਬੇਅਦਬੀ ਦਾ ਮੁੱਦਾ ਸਿਰਫ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਵਾਸਤੇ ਚੁੱਕ ਰਹੇ ਹਨ। ਉਹਨਾਂ ਕਿਹਾ ਕਿ ਬੀਤੇ ਚਾਰ ਸਾਲਾਂ ਦੌਰਾਨ ਨਵਜੋਤ ਸਿੱਧੂ ਨੇ ਬੇਅਦਬੀ ਕੇਸਾਂ ਵਿਚ ਨਿਆਂ ਮਿਲਣਾ ਯਕੀਨੀ ਬਣਾਉਣ ਵਾਸਤੇ ਕੁਝ ਵੀ ਨਹੀਂ ਕੀਤਾ ਤੇ ਉਹ ਆਪਣੀ ਅਖੌਤੀ ਭਾਰਤ ਪਾਕਿਸਤਾਨ ਦੋਸਤੀ ਦੀ ਪਹਿਲਕਦਮੀ ਵਿਚ ਹੀ ਰੁੱਝੇ ਰਹੇ। ਉਹਨਾਂ ਕਿਹਾ ਕਿ ਜਿਸ ਤਰੀਕੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹੇਠਾਂ ਲਾਹੁਣ ਵਾਸਤੇ ਯਕੀਨਨ ਕੰਮ ਕਰ ਰਹੇ ਹਨ, ਜੇਕਰ ਉਹਨਾਂ ਕੀਤਾ ਹੁੰਦਾ ਤਾਂ ਫਿਰ ਹੁਣ ਤੱਕ ਬੇਅਦਬੀ ਕੇਸ ਹੱਲ ਹੋ ਗਏ ਹੁੰਦੇ।
ਸ੍ਰੀ ਭੂੰਦੜ ਨੇ ਕਿਹਾ ਕਿ ਬੇਅਦਬੀ ਕੇਸਾਂ ਵਿਚ ਨਿਆਂ ਹਾਸਲ ਕਰਨਾ ਸਿੱਧ ਦੇ ਦਿਮਾਗ ਵਿਚ ਸਭ ਤੋਂ ਕਿਨਾਰੇ ’ਤੇ ਰਿਹਾ ਤੇ ਕਾਂਗਰਸੀ ਆਗੂ ਹੁਣ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਬੇਅਦਬੀ ਦੇ ਮਾਮਲੇ ’ਤੇ ਨਹੀਂ ਸਗੋਂ ਕਾਂਗਰਸੀ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਰਨ ਵਾਸਤੇ ਕਰ ਰਹੇ ਹਨ।
ਉਹਨਾਂ ਕਿਹਾ ਕਿ ਸਿੱਧੂ ਜਾਣਦਾ ਹੈ ਕਿ ਲੋਕ 2022 ਵਿਚ ਉਹਨਾਂ ਨੂੰ ਪੁੱਛਣਗੇ ਕਿ ਵਿਧਾਨ ਸਭਾ ਵਿਚ ਪਵਿੱਤਰ ਸ਼ਹਿਰ ਦੀ ਪ੍ਰਤੀਨਿਧਤਾ ਕਰਨ ਦੇ ਬਾਵਜੂਦ ਉਹਨਾਂ ਨੇ ਬੇਅਬਦੀ ਕੇਸਾਂ ਵਿਚ ਨਿਆਂ ਹਾਸਲ ਕਰਨ ਵਾਸਤੇ ਕੁਝ ਵੀ ਕਿਉਂ ਨਹੀਂ ਕੀਤਾ ਅਤੇ ਇਹੀ ਕਾਰਨ ਹੈ ਕਿ ਉਹ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਬੇਅਦਬੀ ਦਾ ਮਾਮਲਾ ਚੁੱਕ ਰਹੇ ਹਨ।
ਰਾਜ ਸਭਾ ਦੇ ਐਮ ਪੀ ਨੇ ਕਿਹਾ ਕ ਜੇਕਰ ਸਿੱਧੂ ਸੱਚਮੁੱਚ ਹੀ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਸਜ਼ਾ ਦੁਆਉਣ ਦੇ ਹੱਕ ਵਿਚ ਹੁੰਦੇ ਤਾਂ ਫਿਰ ਉਹ ਮਾਮਲਾ ਉਸ ਵੇਲੇ ਚੁੱਕਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲੇ ਦੀ ਜਾਂਚ ਨੂੰ ਅਕਾਲੀ ਦਲ ਦੇ ਖਿਲਾਫ ਬਦਲਾਖੋਰੀ ਦੀ ਕਾਰਵਾਈ ਵਿਚ ਬਦਲ ਦਿੱਤਾ ਜਿਸ ਕਾਰਨ ਦੋਸ਼ੀਆਂ ਨੁੰ ਰਾਹ ਮਿਲ ਗਈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਮੁੱਖ ਮੰਤਰੀ ਦੇ ਨੇੜਲੇ ਮਿੱਤਰ ਜਸਟਿਸ (ਰਿਟਾ.) ਰਣਜੀਤ ਸਿੰਘ ਨੁੰ ਬੇਅਦਬੀ ਕੇਸ ਦੀ ਜਾਂਚ ਸੌਂਪੀ। ਜਦੋਂ ਸਾਬਕਾ ਜੱਜ ਕੇਸ ਵਿਚ ਅਕਾਲੀ ਦਲ ਨੁੰ ਦੋਸ਼ੀ ਠਹਿਰਾਉਣ ਵਿਚ ਨਾਕਾਮ ਰਹੇ ਤਾਂ ਫਿਰ ਸਰਕਾਰ ਨੇ ਇਹ ਜ਼ਿੰਮੇਵਾਰੀ ਆਪਣੇ ਇਸ਼ਾਰਿਆਂ ’ਤੇ ਚੱਲਣ ਵਾਲੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦੇ ਦਿੱਤੀ। ਇਹ ਪੁਲਿਸ ਅਫਸਰ ਤਿੰਨ ਸਾਲ ਤੱਕ ਕੇਸ ਦੀ ਜਾਂਚ ਕਰਦਾ ਰਿਹਾ ਪਰ ਅਕਾਲੀ ਦਲ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੁੰ ਫਸਾਉਣ ਦੀ ਕਾਂਗਰਸ ਦੀ ਯੋਜਨਾਂ ਨੁੰ ਸਿਰੇ ਨਾ ਚੜ੍ਹਾ ਸਕਿਆ। ਇਹ ਸਾਜ਼ਿਸ਼ ਹਾਈ ਕੋਰਟ ਵਿਚ ਉਦੋਂ ਬੇਨਕਾਬ ਹੋ ਗਈ ਜਦੋਂ ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੋਟਕਪੁਰਾ ਫਾਇਰਿੰਗ ਕੇਸ ਦੀ ਕੀਤੀ ਜਾਂਚ ਰੱਦ ਕਰ ਦਿੱਤੀ ਅਤੇ ਐਸ ਆਈ ਟੀ ਭੰਗ ਕਰ ਦਿੱਤੀ ਤੇ ਨਾਲ ਹੀ ਸਾਬਕਾ ਆਈ ਜੀ ਦੇ ਨਾਲ ਨਾਲ ਉਸਦੇ ਜਾਂਚ ਕਰਨ ਦੇ ਤਰੀਕੇ ਲਈ ਉਸਨੂੰ ਸਖ਼ਤ ਝਾੜ ਪਾਈ।
ਸ੍ਰੀ ਭੂੰਦੜ ਨੇ ਕਿਹਾ ਕਿ ਜਦੋਂ ਹਾਈ ਕੋਰਟ ਨੇ ਸਭ ਸਾਫ ਕਰ ਦਿੱਤਾ ਅਤੇ ਇਕ ਹੋਰ ਐਸ ਆਈ ਟੀ ਬਣਾ ਦਿੱਤੀ ਗਈ ਤਾਂ ਫਿਰ ਕੋਟਕਪੁਰਾ ਫਾਇਰਿੰਗ ਕੇਸ ਅਤੇ ਇਸ ਨਾਲ ਜੁੜੇ ਹੋਰ ਕੇਸਾਂ ਦੀ ਆਜ਼ਾਦ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਐਸ ਆਈ ਟੀ ਨੂੰ ਆਜ਼ਾਦਾਨਾ ਤੌਰ ’ਤੇ ਕੰਮ ਕਰਨ ਦੇਣਾ ਚਾਹੀਦਾ ਹੈ ਤੇ ਉਸਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਯੋਜਨਾ ਮੁਤਾਬਕ ਅਕਾਲੀ ਦਲ ਦੇ ਖਿਲਾਫ ਕਾਰਵਾਈ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕੇਸ ਦੀ ਤੇਜ਼ ਰਫਤਾਰ ਜਾਂਚ ਦੇ ਹੱਕ ਵਿਚ ਰਿਹਾ ਹੈ ਤੇ ਐਸ ਆਈ ਟੀ ਨੂੰ ਜਿੰਨੀ ਛੇਤੀ ਸੰਭਵ ਹੋ ਸਕੇ ਆਪਣੀ ਜਾਂਚ ਪੂਰੀ ਕਰਨੀ ਚਾਹੀਦੀ ਹੈ ਅਤੇ ਆਪਣੀ ਰਿਪੋਰਟ ਸੌਂਪਣ ਲਈ ਛੇ ਮਹੀਨੇ ਲੰਘਣ ਦੀ ਉਡੀਕ ਨਹੀਂ ਕਰਨੀ ਚਾਹੀਦੀ।