ਚੰਡੀਗੜ•/22 ਨਵੰਬਰ: ਆਨੰਦਪੁਰ ਸਾਹਿਬ ਦੇ ਸਾਂਸਦ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਧਾਰੀਵਾਲ ਵਾਸੀ ਬਿਕਰਮਜੀਤ ਸਿੰਘ ਦੀ ਗ੍ਰੇਨੇਡ ਧਮਾਕੇ ਵਿਚ ਸ਼ਮੂਲੀਅਤ ਬਾਰੇ ਪੂਰਾ ਸੱਚ ਸੂਬੇ ਦੇ ਲੋਕਾਂ ਦੇ ਸਾਹਮਣੇ ਰੱਖਣ ਤਾਂ ਕਿ ਉਸ ਦੇ ਪਿੰਡ ਵਾਸੀਆਂ ਦੇ ਅਜਿਹੇ ਸੰਸੇ ਦੂਰ ਹੋਣ ਜਾਣ ਕਿ ਉਸ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਪਹਿਲਾਂ ਵੀ ਨਿਰਦੋਸ਼ਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਸੀ, ਜਿਸ ਨੇ ਸੂਬੇ ਨੂੰ ਦੋ ਦਹਾਕਿਆਂ ਲਈ ਕਾਲੇ ਦੌਰ ਵਿਚ ਸੁੱਟ ਦਿੱਤਾ ਸੀ। ਉਹਨਾਂ ਕਿਹਾ ਕਿ ਅੰਮ੍ਰਿਤਸਰ ਗ੍ਰਨੇਡ ਧਮਾਕੇ ਦੇ ਕੇਸ ਨੂੰ ਹੱਲ ਕਰਨ ਸੰਬੰਧੀ ਸਰਕਾਰ ਦੇ ਇਰਾਦਿਆਂ ਪ੍ਰਤੀ ਕੋਈ ਸ਼ੱਕ ਨਹੀ ਰਹਿਣਾ ਚਾਹੀਦਾ। ਧਾਰੀਵਾਲ ਦੇ ਲੋਕੀ ਇਸ ਗੱਲ ਉਤੇ ਜ਼ੋਰ ਦੇ ਰਹੇ ਹਨ ਕਿ ਧਮਾਕੇ ਦੇ ਸਮੇਂ ਬਿਕਰਮਜੀਤ ਆਪਣੇ ਖੇਤ ਵਾਹ ਰਿਹਾ ਸੀ। ਇਸ ਨਾਲ ਇਸ ਸਮੁੱਚੀ ਜਾਂਚ ਉਤੇ ਸਵਾਲ ਉੱਠਦਾ ਹੈ। ਇਸ ਲਈ ਹੁਣ ਪੰਜਾਬ ਪੁਲਿਸ ਦਾ ਫਰਜ਼ ਹੈ ਕਿ ਉਹ ਪਿੰਡ ਵਾਸੀਆਂ ਠੋਸ ਸਬੂਤ ਦੇਵੇ ਕਿ ਬਿਕਰਮਜੀਤ ਇਸ ਧਮਾਕੇ ਵਿਚ ਸ਼ਾਮਿਲ ਸੀ।
ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਕਾਨੂੰਨ ਦੀ ਸਰਬਉੱਚਤਾ ਵਿਚ ਯਕੀਨ ਰੱਖਦਾ ਹੈ ਅਤੇ ਚਾਹੁੰਦਾ ਹੈ ਕਿ ਇਹ ਕਾਨੂੰਨ ਸਾਰਿਆਂ ਉੁਤੇ ਸਖ਼ਤੀ ਨਾਲ ਲਾਗੂ ਹੋਵੇ, ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਧਾਰੀਵਾਲ ਵਾਸੀਆਂ ਦੇ ਸੰਸੇ ਦੂਰ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪਿੰਡ ਵਾਸੀਆਂ ਵੱਲੋਂ ਉਠਾਏ ਸਾਰੇ ਨੁਕਤਿਆਂ ਦੀ ਜਾਂਚ ਲਈ ਇੱਕ ਉੱਚ ਪੱਧਰੀ ਟੀਮ ਬਣਾਉਣੀ ਚਾਹੀਦੀ ਹੈ ਅਤੇ ਉਹਨਾਂ ਦੇ ਬਿਆਨਾਂ ਦੀ ਪੜਤਾਲ ਕਰਨੀ ਚਾਹੀਦੀ ਹੈ।
ਆਨੰਦਪੁਰ ਸਾਹਿਬ ਦੇ ਸਾਂਸਦ ਨੇ ਕਿਹਾ ਕਿ ਸਰਕਾਰ ਨੂੰ ਹਰ ਕਿਸੇ ਖ਼ਿਥਲਾਫ ਠੋਸ ਸਬੂਤਾਂ ਮਗਰੋਂ ਹੀ ਕਾਰਵਾਈ ਕਰਨੀ ਚਾਹੀਦੀ ਹੈ। ਪਹਿਲਾਂ ਕੀਤੀਆਂ ਗਲਤੀਆਂ ਲਈ ਪੰਜਾਬ ਨੂੰ ਭਾਰੀ ਕੀਮਤ ਚੁਕਾਉਣੀ ਪਈ ਸੀ। ਉਹਨਾਂ ਕਿਹਾ ਕਿ ਨੌਜਵਾਨਾਂ ਨਾਲ ਹੋਈ ਕੋਈ ਵੀ ਬੇਇਨਸਾਫੀ ਦਾ ਉਲਟਾ ਪ੍ਰਤੀਕਰਮ ਹੁੰਦਾ ਹੈ। ਇਹ ਗੱਲ ਅਸੀਂ ਅਤੀਤ ਵਿਚ ਵੇਖ ਚੁੱਕੇ ਹਾਂ। ਕਾਂਗਰਸ ਸਰਕਾਰ ਨੇ ਆਪਣੇ ਸਿਆਸੀ ਫਾਇਦਿਆਂ ਲਈ ਨਿਰਦੋਸ਼ਾਂ ਦੇ ਹੱਕਾਂ ਨੂੰ ਕੁਚਲਿਆ ਸੀ। ਇਸ ਨੂੰ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ, ਜਿਸ ਨਾਲ ਇਹ ਪ੍ਰਭਾਵ ਪੈਦਾ ਹੋਵੇ ਕਿ ਇਹ ਉਹੀ ਨੀਤੀਆਂ ਮੁੜ ਲਾਗੂ ਕਰਨ ਲੱਗੀ ਹੈ।