ਕਿਹਾ ਕਿ ਇਸ ਸਬੰਧ ਵਿਚ ਸਬੂਤ ਸੀ ਬੀ ਆਈ ਰਿਕਾਰਡ ਦਾ ਹਿੱਸਾ
ਚੰਡੀਗੜ੍ਹ 3 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਦੱਸਿਆ ਕਿ ਕਾਂਗਰਸੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਲਿਖਤੀ ਤੌਰ ’ਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਐਮ ਪੀ ਪ੍ਰੋ. ਵੀ ਐਨ ਤਿਵਾੜੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਇਹ ਤੱਥ ਸੀ ਬੀ ਆਈ ਰਿਕਾਰਡ ਦਾ ਹਿੱਸਾ ਹੈ।
ਇਥੇ ਵਿਧਾਨ ਸਭਾ ਵਿਚ ਸਿਫਰ ਕਾਲ ਦੌਰਾਨ ਚੁੱਕੇ ਮਾਮਲਿਆਂ ਦੀ ਚਰਚਾ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਪ੍ਰੋ. ਤਿਵਾੜੀ ਜੋ ਕਿ ਕਾਂਗਰਸ ਦੇ ਐਮ ਪੀ ਮਨੀਸ਼ ਤਿਵਾੜੀ ਦੇ ਪਿਤਾ ਸਨ, ਦੀ ਮੌਤ ਦੀ ਜ਼ਿੰਮੇਵਾਰੀ ਦਸ਼ਮੇਸ਼ ਰਜਮੈਂਟ ਵੱਲੋਂ ਚੁੱਕੀ ਸੀ। ਉਹਨਾਂ ਕਿਹਾ ਕਿ ਕਾਂਗਰਸ ਦੇ ਐਮ ਮਨੀਸ਼ ਤਿਵਾੜੀ ਇਹਨਾਂ ਤੱਥਾਂ ਤੋਂ ਜਾਣੂ ਹੋਣਗੇ ਤੇ ਉਹਨਾਂ ਤੋਂ ਇਸਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਜੇਕਰ ਇਹ ਸਭ ਕੁਝ ਕਾਫੀ ਨਹੀਂ ਤਾਂ ਫਿਰ ਸੀਨੀਅਰ ਸਿਆਸਤਦਾਨ ਸੁਬਰਾਮਨੀਅਮ ਸਵਾਮੀ ਤੋਂ ਉਹਨਾਂ ਦੀ ਪੁਸਤਕ ਬਾਰੇ ਪੁੱਛਿਆ ਜਾ ਸਕਦਾ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਪ੍ਰੋ. ਤਿਵਾੜੀ ਦੇ ਕਤਲ ’ਤੇ ਹੈਰਾਨੀ ਪ੍ਰਗਟ ਕਰਦਿਆਂ ਉਹਨਾਂ ਦੀ ਪਤਨੀ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਤੋਂ ਮੁਆਫੀ ਮੰਗੀ ਸੀ। ਉਹਨਾਂ ਕਿਹਾ ਕਿ ਭਿੰਡਰਾਵਾਲਿਆਂ ਦੇ ਨੇੜਲੇ ਸਭ ਜਾਣਦੇ ਸਨ ਕਿ ਉਹ ਹਰਮਿੰਦਰ ਗਿੱਲ ਦੇ ਖਿਲਾਫ ਸਨ ਤੇ ਉਹਨਾਂ ਨੇ ਉਸਨੂੰ ਕਿਹਾ ਸੀ ਕਿ ਉਸਨੇ ਪ੍ਰੋ. ਤਿਵਾੜੀ ਦੀ ਕਤਲ ਵਿਚ ਸ਼ਾਮਲ ਹੋ ਕੇ ਗੁਨਾਹ ਕੀਤਾ ਹੈ।
ਸ੍ਰੀ ਮਜੀਠੀਆ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਕਿ ਕਿਵੇਂ ਕੋਈ ਕਾਂਗਰਸ ਪਾਰਟੀ ਦਾ ਹਿੱਸਾ ਬਣ ਕੇ ਤੇ ਗਾਂਧੀ ਪਰਿਵਾਰ ਦੀ ਉਸਤਤ ਕਰ ਕੇ ਆਪਣੇ ਆਪ ਨੂੰ ਪੰਥਕ ਆਖ਼ ਸਕਦਾ ਹੈ। ਉਹਨਾਂ ਕਿਹਾ ਕਿ ਸ੍ਰੀ ਗਿੱਲ ਨੂੰ ਆਖਿਆ ਕਿ ਉਹ ਸਪਸ਼ਟ ਜਵਾਬ ਦੇਣ ਕਿ ਕੀ ਉਹ ਸੰਤ ਭਿੰਡਰਾਵਾਲਿਆਂ ਤੇ ਭਾਈ ਅਮਰੀਕ ਸਿੰਘ ਨੂੰ ਸ਼ਹੀਦ ਮੰਨਦੇ ਹਨ ਜਾਂ ਫਿਰ ਇੰਦਰਾ ਗਾਂਧੀਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਲਈ ਜ਼ਿੰਮੇਵਾਰ ਸੀ, ਨੂੰ ਸ਼ਹੀਦ ਮੰਨਦੇ ਹਨ ਕਿਉਂਕਿ ਕਾਂਗਰਸ ਪਾਰਟੀ ਤੇ ਰਾਜੀਵ ਗਾਂਧੀ ਹੀ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਮੰਨੇ ਗਏ ਹਨ।
ਅਕਾਲੀ ਦਲ ਦੇ ਵਿਧਾਇਕ ਨੇ ਕਿਹਾ ਕਿ ਸ੍ਰੀ ਗਿੱਲ ਇਹ ਵੀ ਦੱਸਣ ਕਿ ਕੀ ਉਹਨਾਂ ਨੇ ਸਾਬਕਾ ਪੁਲਿਸ ਅਫਸਰ ਅਜੀਤ ਸਿੰਘ ਸੰਧੂ ਦੇ ‘ਭੋਗ’ ਵਿਚ ਹਾਜ਼ਰੀ ਭਰੀ ਸੀ ਹਾਲਾਂਕਿ ਉਹ ਜਾਣਦੇ ਹਨਕਿ ਅਜੀਤ ਸਿੰਘ ਹੀ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਤੇ ਹੋਰ ਸਿੱਖ ਨੌਜਵਾਨਾਂ ਦੀ ਮੌਤ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਸਨ। ਉਹਨਾਂ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਸ੍ਰੀ ਗਿੱਲ ਨਾ ਸਿਰਫ ਇਕ ਅਖੌਤੀ ਪੰਥਕ ਆਗੂ ਹਨ ਬਲਕਿ ਉਹਨਾਂ ਨੇ ਸੂਬੇ ਵਿਚ ਦਹਾਕਿਆਂ ਬੱਧੀ ਅਤਿਵਾਦ ਦੌਰਾਨ ਪੁਲਿਸ ਟਾਊਟ ਵਜੋਂ ਕੰਮ ਵੀ ਕੀਤਾ ਹੈ।