ਚੰਡੀਗੜ੍ਹ, 14 ਅਗਸਤ : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਰਨਤਾਰਨ ਦੇ ਸਾਬਕਾ ਐਸ ਐਸ ਪੀ ਧਰੁਵ ਦਾਹੀਆ ਕੋਲ ਨਜਾਇਜ਼ ਸ਼ਰਾਬ ਬਾਰੇ ਕੋਈ ਸ਼ਿਕਾਇਤ ਨਾ ਆਉਣ ਦੇ ਕੀਤੇ ਦਾਅਵੇ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਜਦੋਂ ਉਹਨਾਂ ਸਥਾਨਕ ਲੋਕਾਂ ਵੱਲੋਂ ਐਸ ਐਸ ਪੀ ਦੇ ਨਿੱਜੀ ਵਟਸਐਪ ਨੰਬਰ ’ਤੇ ਭੇਜੀਆਂ ਦੋ ਲਿਖਤੀ ਸ਼ਿਕਾਇਤਾਂ ਮੀਡੀਆ ਨੂੰ ਜਾਰੀ ਕਰ ਦਿੱਤੀਆਂ।
ਇਹ ਦੋ ਸ਼ਿਕਾਇਤਾਂ ਜੋ 14 ਅਤੇ 16 ਜੂਨ ਨੂੰ ਐਸ ਐਸ ਪੀ ਨੂੰ ਕੀਤੀਆਂ ਗਈਆਂ ਜਿਸ ਵਿਚ ਤਰਨਤਾਰਨ ਵਿਚ ਨਜਾਇਜ਼ ਸ਼ਰਾਬ ਬਣਾਉਣ ਤੇ ਇਸਦੀ ਸਪਲਾਈ ਕਰਨ ਬਾਰੇ ਜਾਣਕਾਰੀ ਸੀ, ਰਿਲੀਜ਼ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਉਸ ਦਾਗਦਾਰ ਪੁਲਿਸ ਅਫਸਰ ਦਾ ਬਚਾਅ ਕਰ ਰਹੇ ਹਨ ਜਿਸ ’ਤੇ ਪਹਿਲਾਂ ਖੰਨਾ ਵਿਚ ਚਿੱਟੇ ਦਿਨ ਲੁੱਟ ਕਰਨ ਦੇ ਦੋਸ਼ ਲੱਗੇ ਅਤੇ ਜਿਸਦੇ ਹੁੰਦਿਆਂ ਤਰਨਤਾਰਨ ਵਿਚ 100 ਤੋਂ ਵੱਧ ਮਾਸੂਮ ਲੋਕਾਂ ਦੀ ਜਾਨ ਗਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਜਿਹੇ ਵਿਵਾਦਗ੍ਰਸਤ ਅਫਸਰ ਦਾ ਬਚਾਅ ਕਰਨ ਲਈ ਬਣੀ ਮਜਬੂਰੀ ਲੋਕਾਂ ਨੂੰ ਜ਼ਰੂਰ ਦੱਸਣੀ ਚਾਹੀਦੀ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਦਾਹੀਆ ਦਾ ਬਚਾਅ ਕਰਦਿਆਂ ਮੁੱਖ ਮੰਤਰੀ ਨੇ ਖੁਦ ਬਿੱਲੀ ਥੈਲੇ ਵਿਚੋਂ ਬਾਹਰ ਕੱਢ ਦਿੱਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਉਸ ਪੁਲਿਸ ਅਫਸਰ ਸਿਰ ਵੱਡੀ ਮਾਤਰਾ ਵਿਚ ਲਾਹਣ ਜੋ ਦੇਸੀ ਸ਼ਰਾਬ ਬਣਾਉਣ ਵਾਸਤੇ ਵਰਤੀ ਜਾਂਦੀ ਹੈ, ਨੂੰ ਫੜਨ ਦਾ ਸਿਹਰਾ ਬੰਨਿ੍ਹਆ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਦਾਹੀਆ ਨੇ ਉਹ ਸਪੀਰਿਟ ਨਹੀਂ ਫੜੀ ਜੋ ਜ਼ਹਿਰੀਲੀ ਸ਼ਰਾਬ ਬਣਾਉਣ ਵਾਸਤੇ ਵਰਤੀ ਗਈ ਤੇ ਤਰਨਤਾਰਨ ਵਿਚ ਇਸ ਨਾਲ ਸੌ ਤੋਂ ਵੱਧ ਮੌਤਾਂ ਹੋਈਆਂ। ਉਹਨਾਂ ਕਿਹਾ ਕਿ ਤਰਨਤਾਰਨ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਾਪਰਨ ਤੋਂ ਬਾਅਦ ਹੀ ਨਜਾਇਜ਼ ਸ਼ਰਾਬ ਕੱਢਣ ਵਾਲੇ ਸੁੱਖਾ ਮਹਿਮੂਦਪੁਰੀਆ ਦੇ ਖਿਲਾਫ ਕਾਰਵਾਈ ਕੀਤੀ ਜੋ ਕਿ ਖੇਮਕਰਨ ਦੇ ਵਿਧਾਇਕ ਸੁਖਪਾਲ ਭੁੱਲਰ ਦਾ ਬੇਹੱਦ ਕਰੀਬੀ ਹੈ। ਉਹਨਾਂ ਕਿਹਾ ਕਿ ਜੇਕਰ ਦਾਹੀਆ ਨੇ ਤ੍ਰਾਸਦੀ ਤੋਂ ਪਹਿਲਾਂ ਆਪਣਾ ਫਰਜ਼ ਨਿਭਾਇਆ ਹੁੰਦਾ ਹੈ ਅਤੇ ਸਥਾਨਕ ਲੋਕਾਂ ਦੀ ਸ਼ਿਕਾਇਤ ਜਿਹਨਾਂ ਨੇ ਸ਼ਰਾਬ ਮਾਫੀਆ ਦੇ ਨਾਮ ਅਤੇ ਵਰਤੇ ਜਾ ਰਹੇ ਵਾਹਨਾਂ ਦੇ ਨੰਬਰ ਵੀ ਦਿੱਤੇ ਸਨ, ’ਤੇ ਕਾਰਵਾਈ ਕੀਤੀ ਹੁੰਦੀ ਤਾਂ ਇੰਨਾ ਵੱਡਾ ਦੁਖਾਂਤ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ।
ਸ੍ਰੀ ਮਜੀਠੀਆ ਨੇ ਮੁੱਖ ਮੰਤਰੀ ਨੂੰ ਖੰਨਾ ਵਿਚ ਇਸਾਈ ਪਾਦਰੀ ਦੇ ਘਰ ਚਿੱਟੇ ਦਿਨ ਲੁੱਟ ਵਿਚ ਦਾਹੀਆ ਦੀ ਭੂਮਿਕਾ ਵੀ ਚੇਤੇ ਕਰਵਾਈ। ਦਾਹੀਆ ਉਦੋਂ ਐਸ ਐਸ ਪੀ ਖੰਨਾ ਸਨ। ਉਹਨਾਂ ਕਿਹਾ ਕਿ ਇਸ ਨਾਲ ਮੁੱਖ ਮੰਤਰੀ ਨੂੰ ਐਸ ਐਸ ਪੀ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਵਿਚ ਮਦਦ ਮਿਲ ਜਾਵੇਗੀ। ਉਹਨਾਂ ਕਿਹਾ ਕਿ ਦਾਹੀਆ ਨੇ ਜਲੰਧਰ ਵਿਚ ਇਕ ਛਾਪੇ ਦੀ ਨਜ਼ਰਸਾਨੀ ਕੀਤੀ ਜਦਕਿ ਦਾਅਵਾ ਇਹ ਕੀਤਾ ਕਿ ਇਹ ਛਾਪਾ ਦੋਰਾਹਾ ਮਾਰਿਆ ਗਿਆ ਸੀ ਤੇ ਇਥੋਂ 9.66 ਕਰੋੜ ਰੁਪਏ ਹਵਾਲਾ ਦਾ ਪੈਸਾ ਬਰਾਮਦ ਕੀਤਾ ਗਿਆ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ 16.66 ਕਰੋੜ ਰੁਪਏ ਗੈਰ ਕਾਨੂੰਨੀ ਤੌਰ ’ਤੇ ਜ਼ਬਤ ਕੀਤੇ ਗਏ ਤੇ ਖੰਨਾ ਪੁਲਿਸ ਟੀਮ ਜਿਸਨੇ ਇਕ ਪੁਲਿਸ ਕੈਟ ਅਤੇ ਦਾਹੀਆ ਵੱਲੋਂ ਡੀ ਜੀ ਪੀ ਤੋਂ ਵਿਸ਼ੇਸ਼ ਤੌਰ ’ਤੇ ਮੰਗਵਾਏ ਦੋ ਅਫਸਰਾਂ ਦੀ ਡਿਊਟੀ ਲਗਾਈ ਸੀ, ਵੱਲੋਂ ਇਸ ਰਕਮ ਵਿਚੋਂ ਤਕਰੀਬਨ 7 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਬਣਾਈ ਐਸ ਆਈ ਟੀ ਨੇ ਦਾਹੀਆ ਨੂੰ ਦੋਸ਼ੀ ਠਹਿਰਾਇਆ ਤੇ ਉਸਦੇ ਝੂਠ ਫੜੇ ਗਏ ਤੇ ਉਸ ’ਤੇ ਇਕ ਵਿਅਕਤੀ ਨੂੰ ਨਜਾਇਜ਼ ਹਿਰਾਸਤ ਵਿਚ ਰੱਖਣ ਦਾ ਦੋਸ਼ ਵੀ ਲੱਗਾ। ਉਹਨਾਂ ਕਿਹਾ ਕਿ ਇਸ ਸਭ ਕੁਝ ਦੇ ਕਾਰਨ ਹੀ ਚੋਣ ਕਮਿਸ਼ਨ ਨੇ ਦਾਹੀਆ ਨੂੰ ਖੰਨਾ ਤੋਂ ਹਟਾ ਦਿੱਤਾ ਤੇ ਹਾਲੇ ਵੀ ਉਸ ਤੋਂ 1.5 ਕਰੋੜ ਰੁਪਏ ਦੀ ਵਸੂਲੀ ਹੋਣੀ ਬਾਕੀ ਹੈ।
ਸ੍ਰੀ ਮਜੀਠੀਆ ਨੇ ਡੀ ਜੀ ਪੀ ਦਿਨਕਰ ਗੁਪਤਾ ਨੂੰ ਚੇਤੇ ਕਰਵਾਇਆ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਉਹਨਾਂ ਵੱਲੋਂ ਇਸ ਸਾਲ ਫਰਵਰੀ ਵਿਚ ਕੀਤੇ ਐਲਾਨ ਮੁਤਾਬਕ ਪੰਜਾਬ ਦੇ ਸਾਰੇ 12700 ਪਿੰਡਾਂ ਵਿਚ ਪੁਲਿਸ ਕਰਮਚਾਰੀ ਤਾਇਨਾਤ ਕਰਨ ਦੇ ਬਾਵਜੂਦ ਵਾਪਰੀ ਹੈ। ਉਹਨਾਂ ਕਿਹਾ ਕਿ ਡੀ ਜੀ ਪੀ ਨੂੰ ਦੱਸਣਾ ਚਾਹੀਦਾ ਹੈ ਕਿ 12700 ਪੁਲਿਸ ਕਰਮਚਾਰੀ ਜੋ ਪਿੰਡਾਂ ਵਿਚ ਤਾਇਨਾਤ ਸਨ ਵਿਚੋਂ ਕਿਸੇ ਨੇ ਵੀ ਉਹਨਾਂ ਨੂੰ ਜ਼ਹਿਰੀਲੀ ਸ਼ਰਾਬ ਬਾਰੇ ਜਾਣਕਾਰੀ ਕਿਉਂ ਨਹੀਂ ਦਿੱਤੀ। ਉਹਨਾਂ ਸਵਾਲ ਕੀਤਾ ਕਿ ਕੀ ਉਹ ਵੀ ਗਾਰਡੀਅਨ ਆਫ ਗਰਨੈਂਸ ਵਾਂਗੂ ਸੁੱਤੇ ਸਨ ਜਾਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਸ਼ਰਾਬ ਮਾਫੀਆ ਦੇ ਰਾਹ ਵਿਚ ਨਾ ਆਉਣ ?
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਵਿਵਾਦਗ੍ਰਸਤ ਪੁਲਿਸ ਅਫਸਰਾਂ ਜਾਂ ਸਿਆਸੀ ਤੌਰ ’ਤੇ ਨਿਯੁਕਤ ਹੋਣ ਵਾਲਿਆਂ ਨੂੰ ਬਹੁਤੀ ਅਹਿਮੀਅਤ ਨਾ ਦੇਣ ਕਿਉਂਕਿ ਮੋਗਾ ਵਿਚ ਵਾਪਰੀ ਘਟਨਾ ਜਿਥੇ ਕੌਮੀ ਤਿਰੰਗੇ ਦਾ ਅਪਮਾਨ ਕੀਤਾ ਗਿਆ ਹੈ, ਉਹ ਖਡੂਰ ਸਾਹਿਬ ਤੋਂ ਕਾਂਗਰਸ ਦੇ ਐਮ ਪੀ ਦੇ ਭਰਾ ਨੂੰ ਅਹਿਮ ਅਹੁਦਾ ਦੇਣ ਦਾ ਸਿੱਧਾ ਨਤੀਜਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਜੋ ਪੁਲਿਸ ਅਫਸਰ ਮਾੜੇ ਅਨਸਰਾਂ ਖਿਲਾਫ ਚੰਗੀ ਕਾਰਵਾਈ ਕਰ ਰਹੇ ਹਨ, ਉਹਨਾਂ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਮਨਦੀਪ ਸਿੱਧੂ ਨੂੰ ਐਸ ਐਸ ਪੀ ਪਟਿਆਲਾ ਵਜੋਂ ਇਸ ਕਰ ਕੇ ਬਦਲਿਆ ਗਿਆ ਕਿਉਂਕਿ ਉਹ ਕਾਂਗਰਸ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਦੇ ਪਿੱਛੇ ਪਏ ਸਨ।