ਕਿਹਾ ਕਿ ਦੋਵੇਂ ਆਗੂਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਅਤੇ ਆਪਣਾ ਬਿਆਨਾਂ ਰਾਹੀ ਵੱਖ ਵੱਖ ਫਿਰਕਿਆਂ ਵਿਚਕਾਰ ਦੁਸ਼ਮਣੀ ਭੜਕਾ ਰਹੇ ਹਨ
ਚੰਡੀਗੜ੍ਹ/05 ਮਈ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਵੱਖ ਵੱਖ ਫਿਰਕਿਆਂ ਵਿਚ ਦੁਸ਼ਮਣੀ ਭੜਕਾਉਣ ਲਈ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਅਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਖ਼ਿਲਾਫ ਕੇਸ ਦਰਜ ਕਰਨ ਅਤੇ ਦੋਵਾਂ ਨੂੰ ਢੁੱਕਵੀਂ ਸਜ਼ਾ ਦੇਣ ਦੀ ਮੰਗ ਕਰਦਿਆਂ ਵੱਖ ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਇੱਥੇ ਸੈਕਟਰ ਤਿੰਨ ਦੇ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਉੁਂਦਿਆਂ ਅਕਾਲੀ ਆਗੂ ਨੇ ਦੋਵੇਂ ਕਾਂਗਰਸੀ ਆਗੂਆਂ ਖ਼ਿਲਾਫ ਧਾਰਮਿਕ ਆਧਾਰ ਉੱੱਤੇ ਵੱਖ ਵੱਖ ਫਿਰਕਿਆਂ ਵਿਚ ਦੁਸ਼ਮਣੀ ਭੜਕਾਉਣ ਅਤੇ ਘੱਟ ਗਿਣਤੀ ਭਾਈਚਾਰਿਆਂ ਸਿੱਖਾਂ ਅਤੇ ਮੁਸਲਮਾਨਾਂ ਦਾ ਅਕਸ ਖਰਾਬ ਕਰਨ ਲਈ ਭਾਰਤੀ ਦੰਡ ਧਾਰਾ ਦੇ ਸੈਕਸ਼ਨ 295-ਏ, 298,153-ਏ ਅਤੇ 153-ਬੀ ਤਹਿਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਸਿੱਖਾਂ ਦੁਆਰਾ ਪੂਰੀ ਦੁਨੀਆਂ ਵਿਚ ਕੀਤੀ 'ਨਿਸ਼ਕਾਮ ਸੇਵਾ' ਨੇ ਗਾਂਧੀ ਪਰਿਵਾਰ ਦੇ ਵਫ਼ਾਦਾਰਾਂ ਦਾ ਚੈਨ ਖੋਹ ਲਿਆ ਸੀ। ਜਿਸ ਕਰਕੇ ਸ੍ਰੀ ਦਿਗਵਿਜੈ ਸਿੰਘ ਨੇ ਇੱਕ ਅਜਿਹੀ ਵੰਡ ਪਾਊ ਟਵੀਟ ਪਾ ਦਿੱਤੀ, ਜਿਹੜੀ ਕਿ ਨਫਰਤ ਨਾਲ ਭਰੀ ਹੋਈ ਸੀ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਦੇ ਟਵਿੱਟਰ ਹੈਂਡਲ ਤੋਂ ਜਾਰੀ ਹੋਈ ਇਸ ਟਵੀਟ ਦਾ ਮੰਤਵ ਇੱਕ ਸ਼ਰਮਨਾਕ ਤੁਲਨਾ ਕਰਕੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨਾ ਸੀ।
ਇਹ ਟਿੱਪਣੀ ਕਰਦਿਆਂ ਕਿ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਟਵੀਟ ਕਾਂਗਰਸ ਦੇ ਸਭ ਤੋਂ ਉੱਘੇ ਬੁਲਾਰੇ ਵੱਲੋਂ ਜਾਰੀ ਕੀਤੀ ਗਈ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਹ ਟਵੀਟ ਕਾਂਗਰਸ ਪਾਰਟੀ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਇਸ ਟਵੀਟ ਰਾਹੀਂ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ। ਬਹੁਤ ਸਾਰੇ ਮੀਡੀਆ ਅਦਾਰਿਆਂ ਵੱਲੋਂ ਇਸ ਟਵੀਟ ਦਾ ਜ਼ਿਕਰ ਕੀਤਾ ਗਿਆ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਖ਼ਿਲਾਫ ਦਰਜ ਕਰਵਾਈ ਇੱਕ ਵੱਖਰੀ ਸ਼ਿਕਾਇਤ ਵਿਚ ਅਕਾਲੀ ਆਗੂ ਨੇ ਕਿਹਾ ਹੈ ਕਿ ਮੰਤਰੀ ਨੇ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਇਹ ਦਾਅਵਾ ਕੀਤਾ ਸੀ ਕਿ ਕੋਵਿਡ-19 ਦੀ ਰੋਕਥਾਮ ਲਈ ਸੂਬਾ ਸਰਕਾਰ ਵੱਲੋਂ ਕੀਤੇ ਸਾਰੇ ਚੰਗੇ ਕੰਮ ਨੂੰ ਉਹਨਾਂ ਸਿੱਖ ਸ਼ਰਧਾਲੂਆਂ ਨੇ ਖਰਾਬ ਕਰ ਦਿੱਤਾ ਹੈ, ਜਿਹਨਾਂ ਨੂੰ ਸ੍ਰੀ ਹਜ਼ੂਰ ਸਾਹਿਬ, ਮਹਾਂਰਾਸ਼ਟਰ ਵਿਚੋਂ ਲਿਆਂਦਾ ਗਿਆ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਸਿਹਤ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਹਿਲਾਂ ਐਨਆਰਆਈਜ਼, ਫਿਰ ਤਬਲੀਗੀਆਂ ਅਤੇ ਹੁਣ ਨਾਂਦੇੜ ਤੋਂ ਵਾਪਸ ਆਏ ਸਿੱਖ ਸ਼ਰਧਾਲੂਆਂ ਨੇ ਪੰਜਾਬ ਵਿਚ ਕੋਵਿਡ-19 ਦੇ ਕੇਸਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਇਹਨਾਂ ਬਿਆਨਾਂ ਨੂੰ ਸੋਸ਼ਲ ਮੀਡੀਆ ਉਤੇ ਪ੍ਰਚਾਰਦੇ ਹੋਏ ਜੰਗਲ ਦੀ ਅੱਗ ਵਾਂਗ ਫੈਲਾਇਆ ਗਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਇਹ ਬਿਆਨਬਾਜ਼ੀ ਨਾ ਸਿਰਫ ਨਿਰਾਦਰ ਕਰਨ ਵਾਲੀ ਸੀ, ਸਗੋਂ ਵੱਖ ਵੱਖ ਫਿਰਕਿਆਂ ਵਿਚਕਾਰ ਦੁਸ਼ਮਣੀ ਭੜਕਾਉਣ ਲਈ ਕੀਤੀ ਗਈ ਸੀ, ਸਰਦਾਰ ਮਜੀਠੀਆ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਇਹ ਝੂਠਾ ਅਤੇ ਦੋਖੀ ਪ੍ਰਚਾਰ ਆਈਸੀਐਮਆਰ ਅਤੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਿਚ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਸਭ ਇੱਕ ਅਪਰਾਧਿਕ ਲਾਪਰਵਾਹੀ ਦੇ ਤੁੱਲ ਸੀ, ਜਿਸ ਲਈ ਮੰਤਰੀ ਜ਼ਿੰਮੇਵਾਰ ਸੀ। ਉਹਨਾਂ ਇਹ ਵੀ ਦੱਸਿਆ ਕਿ ਬਲਬੀਰ ਸਿੱਧੂ ਨੇ ਇਸ ਨਿਊਜ਼ ਰਿਪੋਰਟ ਦਾ ਖੰਡਨ ਨਹੀਂ ਕੀਤਾ ਹੈ, ਇਸ ਲਈ ਉਸ ਖ਼ਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।