ਅਕਾਲੀ ਆਗੂ ਨੇ ਕਾਂਗਰਸੀ ਮੰਤਰੀ ਨੂੰ ਜਾਂਚ ਸ਼ੁਰੂ ਕਰਵਾਉਣ ਦੀ ਚੁਣੌਤੀ ਦਿੱਤੀ
ਬੁੱਧ ਸਿੰਘ ਨੇ ਯੂਥ ਅਕਾਲੀ ਦਲ ਦੇ ਪ੍ਰੋਗਰਾਮ ਵਿਚ ਭਾਗ ਲਿਆ ਅਤੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਦਲਿਤਾਂ ਦੇ ਕਰਜ਼ੇ ਮੁਆਫ ਹੋਣ ਤਕ ਲੜਾਈ ਲੜਣ ਦਾ ਵਾਅਦਾ ਕੀਤਾ
ਗੋਰਾਇਆ/09 ਫਰਵਰੀ:ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਚੁਣੌਤੀ ਦਿੱਤੀ ਹੈ ਕਿ ਜਾਂ ਤਾਂ ਉਹ ਸਾਬਿਤ ਕਰੇ ਕਿ ਸੰਕਟ 'ਚ ਫਸੇ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਉਤਾਰਨ ਵਾਸਤੇ ਮੱਦਦ ਯੂਥ ਵਲੰਟੀਅਰਾਂ ਨੇ ਨਹੀਂ ਕੀਤੀ ਹੈ ਜਾਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ।
ਇੱਥੇ ਯੂਥ ਵਲੰਟੀਅਰਾਂ ਦੇ ਮੋਟਰਸਾਇਕਲ ਕਾਫਲੇ ਦੀ ਅਗਵਾਈ ਕਰਦਿਆਂ ਪੁੱਜੇ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਦੋ ਸਾਲ ਤਕ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕੀਤੇ ਜਾਣ ਦੀ ਉਡੀਕ ਕਰਨ ਮਗਰੋਂ ਉਹ ਇਸ ਸਰਕਾਰ ਦਾ ਪਰਦਾਫਾਸ਼ ਕਰਨ ਲਈ ਸੜਕਾਂ ਉਤੇ ਨਿਕਲੇ ਹਨ। ਉਹਨਾਂ ਕਿਹਾ ਕਿ ਇਸ ਵਕਫੇ ਦੌਰਾਨ ਸੈਂਕੜੇ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਹਜ਼ਾਰਾਂ ਡਿਫਾਲਟਰ ਹੋ ਚੁੱਕੇ ਹਨ। ਕਿਸਾਨਾਂ ਦੇ ਕਰਜ਼ੇ ਹੋਰ ਵੱਡੇ ਹੋ ਗਏ ਹਨ ਅਤੇ ਉਹਨਾਂ ਨੂੰ ਕੁਰਕੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਥ ਵਲੰਟੀਅਰਾਂ ਵੱਲੋਂ ਕਿਸਾਨ ਬੁੱਧ ਸਿੰਘ ਨੂੰ 3ਥ86 ਲੱਖ ਰੁਪਏ ਦੇਣ ਮਗਰੋਂ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਦੇ ਆਏ ਬਿਆਨ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਰੰਧਾਵਾ ਇਹ ਪਤਾ ਲਾਉਣ ਵਾਸਤੇ ਜਾਂਚ ਕਰਵਾਉਣ ਦੀ ਗੱਲ ਕਰ ਰਿਹਾ ਹੈ ਕਿ ਬੁੱਧ ਸਿੰਘ ਨੂੰ ਰਾਹਤ ਕਿਉਂ ਦਿੱਤੀ ਗਈ ਹੈ ਜਦਕਿ ਉਸ ਨੇ ਖੁਦ ਦੁਖੀ ਕਿਸਾਨ ਦੀ ਮੱਦਦ ਲਈ ਕੁੱਝ ਨਹੀਂ ਕੀਤਾ। ਉਹਨਾਂ ਕਿਹਾ ਕਿ ਮੈਂ ਉਸ ਨੂੰ ਇਹ ਜਾਂਚ ਕਰਵਾਉਣ ਦੀ ਚੁਣੌਤੀ ਦਿੰਦਾ ਹਾਂ।ਉਸ ਨੂੰ ਯੂਥ ਵਲੰਟੀਅਰਾਂ ਵੱਲੋ ਸੂਬੇ ਭਰ ਵਿਚੋਂ 10-10 ਅਤੇ 100-100 ਦੇ ਨੋਟਾਂ ਦੇ ਰੂਪ ਵਿਚ ਇਕੱਠੇ ਕੀਤੇ ਗਏ ਫੰਡਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਰਦਾਰ ਮਜੀਠੀਆ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਵੱਲੋਂ ਦੁਖੀ ਕਿਸਾਨਾਂ ਦੀ ਮੱਦਦ ਲਈ ਇਕੱਠੇ ਕੀਤੇ ਜਾ ਰਹੇ ਫੰਡ ਵਿਚ ਆਪਣੇ ਵਿੱਤ ਮੁਤਾਬਿਕ ਯੋਗਦਾਨ ਪਾਉਣ।
ਅਕਾਲੀ ਦਲ ਦੇ ਜਨਰਲ ਸਕੱਤਰ ਨਾਲ ਪਹੁੰਚੇ ਕਿਸਾਨ ਬੁੱਧ ਸਿੰਘ ਨੇ ਸੰਕਟ ਦੇ ਸਮੇਂ ਵਿਚ ਉਸ ਦੀ ਮੱਦਦ ਕਰਨ ਲਈ ਯੂਥ ਅਕਾਲੀ ਦਲ ਦੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਉਹ ਯੂਥ ਵਲੰਟੀਅਰਾਂ ਨਾਲ ਮਿਲ ਕੇ ਉਹਨਾਂ ਲੱਖਾਂ ਕਿਸਾਨਾਂ ਨੂੰ ਇਨਸਾਫ ਦਿਵਾਏਗਾ, ਜਿਹਨਾਂ ਦੀ ਪਿੱਠ ਵਿਚ ਕਾਂਗਰਸ ਸਰਕਾਰ ਵੱਲੋਂ ਛੁਰਾ ਮਾਰਿਆ ਗਿਆ ਹੈ। ਬੁੱਧ ਸਿੰਘ ਨੇ ਕਿਹਾ ਕਿ ਜਦ ਤਕ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਦਲਿਤਾਂ ਦੇ ਕਰਜ਼ੇ ਮੁਆਫ ਨਹੀਂ ਹੋ ਜਾਂਦੇ, ਉਹ ਇਸ ਲੜਾਈ ਨੂੰ ਜਾਰੀ ਰੱਖੇਗਾ।
ਇਸ ਦੌਰਾਨ ਸਰਦਾਰ ਮਜੀਠੀਆ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਸ ਵੱਲੋਂ ਸ਼ੁਰੂ ਕੀਤੀ ਜਾਅਲੀ ਫਸਲੀ ਕਰਜ਼ਾ ਮੁਆਫੀ ਸਕੀਮ ਉੱਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਰਾਹੁਲ ਇਸ ਮੁੱਦੇ ਉੱਤੇ ਰਾਜਨੀਤੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਕੋਲ ਮੱਧ ਪ੍ਰਦੇਸ਼ ਵਿਚ ਮਾਰੇ ਗਏ ਛੇ ਕਿਸਾਨਾਂ ਦੇ ਪਰਿਵਾਰਾਂ ਕੋਲ ਸਾਲ ਵਿਚ ਦੋ ਵਾਰ ਚੱਕਰ ਮਾਰਨ ਦਾ ਸਮਾਂ ਹੈ, ਪਰ ਉਸ ਕੋਲ ਪੰਜਾਬ ਵਿਚ 700 ਖੁਦਕੁਸ਼ੀ ਪੀੜਤ ਪਰਿਵਾਰਾਂ ਵਿਚੋਂ ਕਿਸੇ ਇੱਕ ਕੋਲ ਵੀ ਜਾਣ ਦਾ ਸਮਾਂ ਨਹੀਂ ਹੈ। ਉਹਨਾਂ ਰਾਹੁਲ ਗਾਂਧੀ ਦੀ ਪੰਜਾਬ ਵਿਚ ਸ਼ੁਰੂ ਕੀਤੀ ਜਾਅਲੀ ਕਰਜ਼ਾ ਮੁਆਫੀ ਸਕੀਮ ਨੂੰ ਦੂਜੇ ਰਾਜਾਂ ਅੰਦਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇਣ ਮਗਰੋਂ ਰਾਹੁਲ ਹੁਣ ਦੇਸ਼ ਦੇ ਕਿਸਾਨਾਂ ਨੂੰ ਠੱਗਣਾ ਚਾਹੁੰਦਾ ਹੈ।
ਸਰਦਾਰ ਮਜੀਠੀਆ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮੁੱਦੇ ਉੱਤੇ ਝੂਠੇ ਅਤੇ ਗੁੰਮਰਾਹਕੁਨ ਬਿਆਨ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹਾਲ ਹੀ ਵਿਚ ਅਖਬਾਰ ਦੇ ਇੱਕ ਇਸ਼ਤਿਹਾਰ ਵਿਚ ਮੁੱਖ ਮੰਤਰੀ ਨੂੰ ਇਹ ਕਹਿੰਦਾ ਵਿਖਾਇਆ ਗਿਆ ਹੈ ਕਿ ਉਸ ਦੀ ਸਰਕਾਰ ਵੱਲੋਂ ਨੌਜਵਾਨਾਂ ਨੂੰ 1ਥ13 ਲੱਖ ਨੌਕਰੀਆਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਇਹ ਕਹਿੰਦੇ ਵਿਖਾਇਆ ਸੀ ਕਿ ਪੰਜਾਬ ਵਿਚ 3ਥ25 ਲੱਖ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਜਿਹਨਾਂ ਦੀ ਪ੍ਰਤੀ ਦਿਨ ਦੀ ਔਸਤ 650 ਨੌਕਰੀਆਂ ਬਣਦੀ ਹੈ। ਉਹਨਾਂ ਕਿਹਾ ਕਿ ਸੱਚ ਇਹ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਨੌਜਵਾਨਾਂ ਨੂੰ ਇੱਕ ਵੀ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਕਰਮਚਾਰੀਆਂ ਦੀਆਂ ਵੀ ਤਨਖਾਹਾਂ ਘੱਟ ਕਰ ਰਹੀ ਹੈ, ਜਿਹਨਾਂ ਨੂੰ ਅਕਾਲੀ -ਭਾਜਪਾ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਗਈਆਂ ਸਨ। ਇਹ ਸਰਕਾਰ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਮੁਫਤ ਸਮਾਰਟ ਫੋਨ ਦੇਣ ਵਿਚ ਵੀ ਨਾਕਾਮ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਬਲਦੇਵ ਖਹਿਰਾ ਅਤੇ ਪਵਨ ਟੀਨੂੰ, ਵਾਈਏਡੀ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਵਾਈਏਡੀ ਜ਼ੋਨ ਪ੍ਰਧਾਨ ਸੁਖਦੀਪ ਸੁਕਰ, ਵਾਈਏਡੀ ਜ਼ਿਲ•ਾ ਪ੍ਰਧਾਨ ਤੇਜਿੰਦਰ ਨਿੱਝਰ ਅਤੇ ਐਸਓਆਈ ਪ੍ਰਧਾਨ ਪਰਮਿੰਦਰ ਬਰਾੜ ਵੀ ਹਾਜ਼ਿਰ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਬਲਦੇਵ ਖਹਿਰਾ ਅਤੇ ਪਵਨ ਟੀਨੂੰ, ਵਾਈਏਡੀ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਵਾਈਏਡੀ ਜ਼ੋਨ ਪ੍ਰਧਾਨ ਸੁਖਦੀਪ ਸੁਕਰ, ਵਾਈਏਡੀ ਜ਼ਿਲ•ਾ ਪ੍ਰਧਾਨ ਤੇਜਿੰਦਰ ਨਿੱਝਰ ਅਤੇ ਐਸਓਆਈ ਪ੍ਰਧਾਨ ਪਰਮਿੰਦਰ ਬਰਾੜ ਵੀ ਹਾਜ਼ਿਰ ਸਨ।