ਸਰਦਾਰ ਬਾਦਲ ਨੇ ਇਸ ਪ੍ਰਾਪਤੀ ਲਈ ਭੂਮਿਕਾ ਨਿਭਾਉਣ ਲਈ ਹਰ ਕਿਸੇ ਦਾ ਧੰਨਵਾਦ ਕੀਤਾ
ਚੰਡੀਗੜ•/11 ਦਸੰਬਰ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਅਜਿਹਾ ਕੁੱਝ ਕਹਿਣ ਜਾਂ ਕਰਨ ਤੋਂ ਗੁਰੇਜ਼ ਕਰਨ, ਜਿਸ ਨਾਲ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਵਿਚ ਰੁਕਾਵਟ ਪੈ ਸਕਦੀ ਹੋਵੇ। ਉਹਨਾਂ ਕੈਪਟਨ ਨੂੰ ਕਿਹਾ ਕਿ ਉਹ ਪਿਛਲੇ 70 ਸਾਲਾਂ ਤੋਂ ਦੁਨੀਆਂ ਭਰ ਦੇ ਕਰੋੜਾਂ ਸਿੱਖਾਂ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਅਤੇ ਖਾਹਿਸ਼ਾਂ ਪੂਰੀਆਂ ਹੋਣ ਦੇ ਰਾਹ ਵਿਚ ਅੜਿੱਕੇ ਨਾ ਪਾਉਣ।
ਸਰਦਾਰ ਬਾਦਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਭਾਰਤ ਸਰਕਾਰ ਵੱਲੋਂ ਕੀਤਾ ਉਪਰਾਲਾ ਅਤੇ ਪਾਕਿਸਤਾਨ ਦਾ ਹੁੰਗਾਰਾ ਸਮੁੱਚੇ ਖਾਲਸਾ ਪੰਥ ਦੀ ਇੱਕ ਸਾਂਝੀ ਪ੍ਰਾਪਤੀ ਹਨ, ਜਿਹੜੀ ਕਿ ਨਿੱਜੀ ਜਾਂ ਪਾਰਟੀ ਦੀਆਂ ਵਲਗਣਾਂ ਤੋਂ ਬਹੁਤ ਪਰ•ੇ ਦੀ ਗੱਲ ਹੈ। ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਅਜਿਹਾ ਕੁੱਝ ਕਹਿਣਾ ਜਾਂ ਕਰਨਾ ਨਹੀਂ ਚਾਹੀਦਾ, ਜਿਸ ਨਾਲ ਇਸ ਪ੍ਰਾਪਤੀ ਦੇ ਰਾਹ ਵਿਚ ਅੜਿੱਕਾ ਖੜ•ਾ ਹੋ ਸਕਦਾ ਹੋਵੇ।
ਇੱਥੇ ਪਾਰਟੀ ਦੇ ਮੁੱਖ ਦਫਤਰ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਕੀਤੀਆਂ ਤਾਜ਼ੀਆਂ ਟਿੱਪਣੀਆਂ ਬਹੁਤ ਮੰਦਭਾਗੀਆਂ ਸਨ। ਉਹਨਾਂ ਦੀ ਬਿਆਨਬਾਜ਼ੀ ਸਿੱਖਾਂ ਜਜ਼ਬਾਤਾਂ ਦੇ ਖ਼ਿਲਾਫ ਭੁਗਤੀ ਹੈ।ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਿੱਖ ਭਾਈਚਾਰੇ ਦੇ ਇਸ ਪਵਿੱਤਰ ਟੀਚੇ ਦੇ ਰਾਹ ਵਿਚ ਰੋੜੇ ਨਾ ਅਟਕਾਉਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਚੇਤੇ ਕਰਵਾਉਣਾ ਜਰੂਰੀ ਹੈ ਕਿ ਇਸ ਲਾਂਘੇ ਨੂੰ ਖੋਲ•ਣਾ ਕੋਈ ਸਿਆਸੀ ਨਹੀਂ ,ਸਗੋਂ ਖਾਲਸਾ ਪੰਥ ਦੀ ਇੱਕ ਬਹੁਤ ਹੀ ਡੂੰਘੀ ਧਾਰਮਿਕ ਰੀਝ ਹੈ, ਜਿਸ ਵਾਸਤੇ ਦੁਨੀਆਂ ਦੇ ਹਰ ਕੋਨੇ ਵਿਚ ਬੈਠਾ ਸਿੱਖ ਪਿਛਲੇ 70 ਸਾਲਾਂ ਤੋਂ ਅਰਦਾਸਾਂ ਕਰਦਾ ਆ ਰਿਹਾ ਹੈ। ਇਹ ਸਿੱਖਾਂ ਦੀ ਰੋਜ਼ਾਨਾ ਅਰਦਾਸ ਅਤੇ ਮਾਸਟਰ ਤਾਰਾ ਸਿੰਘ ਵੱਲੋਂ ਸ਼ੁਰੂ ਕੀਤੇ ਉਸ ਲੰਬੇ ਸੰਘਰਸ਼ ਦਾ ਨਤੀਜਾ ਹੈ, ਜਿਸ ਵਿਚ ਸਿੱਖ ਕੌਮ ਦੇ ਵੱਡੇ ਆਗੂਆਂ ਸੰਤ ਫਤਿਹ ਸਿੰਘ, ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ, ਕੁਲਦੀਪ ਸਿੰਘ ਵਡਾਲਾ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਅਤੇ ਸਮੁੱਚੀ ਸਿੱਖ ਕੌਮ ਨੇ ਆਪਣਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਕੈਪਟਨ ਨੂੰ ਸਿੱਖਾਂ ਦੀਆਂ ਉਹਨਾਂ ਗੁਰਧਾਮਾਂ ਦੇ ਖੁੱਲ•ੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦੀਆਂ ਰੀਝਾਂ ਪੂਰੀਆਂ ਹੋਣ ਦੇ ਰਾਹ ਵਿਚ ਨਹੀਂ ਆਉਣਾ ਚਾਹੀਦਾ, ਜਿਹਨਾਂ ਕੋਲੋਂ ਦੇਸ਼ ਦੀ ਵੰਡ ਸਮੇਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਪਵਿੱਤਰ ਟੀਚੇ ਦੀ ਪ੍ਰਾਪਤੀ ਲਈ ਜਿਸ ਨੇ ਵੀ ਭੂਮਿਕਾ ਨਿਭਾਈ ਹੈ,ਉਹ ਬੇਸ਼ੱਕ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਉਸ ਦੀ ਪ੍ਰਸੰਸਾ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਇਹ ਸਿੱਖਾਂ ਵੱਲੋਂ ਕੀਤੀ ਅਰਦਾਸ ਸਦਕਾ ਹੋਈ ਗੁਰੂ ਸਾਹਿਬਾਨ ਦੀ ਮਿਹਰ ਦਾ ਨਤੀਜਾ ਹੈ। ਸਿੱਖ ਇਸ ਸੰਬੰਧ ਵਿਚ ਪਹਿਲਕਦਮੀ ਕਰਨ ਲਈ ਭਾਰਤ ਸਰਕਾਰ ਅਤੇ ਇਸ ਦੇ ਜੁਆਬ ਵਿਚ ਲਾਂਘਾ ਖੋਲ•ਣ ਦਾ ਹੁੰਗਾਰਾ ਭਰਨ ਲਈ ਪਾਕਿਸਤਾਨ ਸਰਕਾਰ ਦੇ ਸ਼ੁਕਰਗੁਜ਼ਾਰ ਹਨ। ਮੈਂ ਉਹਨਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਇਸ ਟੀਚੇ ਦੀ ਪ੍ਰਾਪਤੀ ਵਾਸਤੇ ਭੂਮਿਕਾ ਨਿਭਾਈ ਹੈ, ਉਹ ਚਾਹੇ ਕਿਸੇ ਵੀ ਪਾਰਟੀ ਨਾਲ ਹੀ ਸੰਬੰਧਿਤ ਕਿਉਂ ਨਾ ਹੋਣ। ਕੈਪਟਨ ਸਾਹਿਬ ਨੂੰ ਵੀ ਸਿਆਸੀ ਵਲਗਣਾਂ ਤੋਂ ਉੱਪਰ ਉੱਠ ਕੇ ਪੂਰੇ ਦਿਲ ਨਾਲ ਇਸ ਲਾਂਘੇ ਦਾ ਸਵਾਗਤ ਅਤੇ ਸਮਰਥਨ ਕਰਨਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਜਤਾਏ ਖ਼ਦਸ਼ਿਆਂ ਦਾ ਹਵਾਲਾ ਦਿੰਦਿਆਂ ਕਿ ਪਾਕਿਸਤਾਨੀ ਫੌਜ ਅਤੇ ਆਈਐਸਆਈ ਵੱਲੋਂ ਭਾਰਤ ਅੰਦਰ, ਖਾਸ ਕਰਕੇ ਪੰਜਾਬ ਵਿਚ ਗੜਬੜ ਫੈਲਾਉਣ ਲਈ ਇਸ ਲਾਂਘੇ ਦੀ ਵਰਤੋਂ ਕੀਤੀ ਜਾ ਸਕਦੀ ਹੈ, ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਭੁੱਲ ਰਹੇ ਹਨ ਕਿ ਪੰਜਾਬੀ ਅਤੇ ਖਾਸ ਕਰਕੇ ਸਿੱਖ ਪੱਕੇ ਦੇਸ਼-ਭਗਤ ਹਨ ਅਤੇ ਉਹਨਾਂ ਅੰਦਰ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਸੁਰੱਖਿਆ ਨੂੰ ਲੈ ਕੇ ਪੈਦਾ ਹੋਈ ਕਿਸੇ ਵੀ ਚੁਣੌਤੀ ਨਾਲ ਨਿਪਟਣ ਦੀ ਸਮਰੱਥਾ ਹੈ। ਭਾਰਤੀ ਫੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ ਕੈਪਟਨ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੀਆਂ ਫੌਜਾਂ ਦੇਸ਼ ਵੱਲ ਬੁਰੀ ਨਜ਼ਰ ਨਾਲ ਤੱਕਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਤਾਕਤ ਰੱਖਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਦੀ ਚਿੰਤਾ ਕਰਨ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਉੱਤੇ ਛੱਡ ਦੇਣੀ ਚਾਹੀਦੀ ਹੈ ਅਤੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ•ਣ ਦੇ ਕੀਤੇ ਉਪਰਾਲੇ ਦਾ ਸਮਰਥਨ ਕਰਨਾ ਚਾਹੀਦਾ ਹੈ।