ਚੰਡੀਗੜ•/05 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸੀ ਆਗੂ ਗੰਨਾ ਉਤਪਾਦਕਾਂ ਨੂੰ ਉਹਨਾਂ ਦੇ 400 ਕਰੋੜ ਰੁਪਏ ਦੇ ਬਕਾਏ ਦਿਵਾਉਣ ਲਈ 'ਝੂਠੀ ਲੜਾਈ' ਲੜ ਰਹੇ ਹਨ ਅਤੇ ਨਿੱਜੀ ਖੰਡ ਮਿੱਲਾਂ ਨੂੰ ਤੁਰੰਤ ਗੰਨੇ ਦੀ ਖਰੀਦ ਅਤੇ ਪਿੜਾਈ ਕਰਨ ਦਾ ਨਿਰਦੇਸ਼ ਦੇ ਰਹੇ ਹਨ।
ਕਾਂਗਰਸ ਦੇ ਰਾਜ ਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਗੰਨਾ ਉਤਪਾਦਕਾਂ ਦੇ ਬਕਾਏ ਤੁਰੰਤ ਜਾਰੀ ਨਾ ਹੋਣ ਦੀ ਸੂਰਤ ਵਿਚ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਘਸੀਟਣ ਦੀ ਦਿੱਤੀ ਧਮਕੀ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਧਮਕੀਆਂ ਦੇਣ ਜਾਂ ਲੋਕਾਂ ਵਿਚ ਜਾ ਕੇ ਰੌਲਾ ਪਾਉਣ ਦੀ ਥਾਂ ਬਾਜਵਾ ਨੂੰ ਗੰਨੇ ਦੇ ਬਕਾਏ ਜਾਰੀ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਜ਼ੋਰ ਪਾਉਣਾ ਚਾਹੀਦਾ ਸੀ ਜਾਂ ਫਿਰ ਆਪਣੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਅਪੀਲ ਕਰਨੀ ਚਾਹੀਦੀ ਸੀ ਕਿ ਉਹ ਸੂਬਾ ਸਰਕਾਰ ਨੂੰ ਆਪਣਾ ਫਰਜ਼ ਨਿਭਾਉਣ ਅਤੇ ਦੁਖੀ ਕਿਸਾਨਾਂ ਦੀ ਮੱਦਦ ਕਰਨ ਦਾ ਨਿਰਦੇਸ਼ ਦੇਵੇ।
ਸਰਦਾਰ ਗਰੇਵਾਲ ਨੇ ਕਿਹਾ ਕਿਸਾਨਾਂ ਅਤੇ ਨਿੱਜੀ ਖੰਡ ਮਿਲਾਂ ਵਿਚ ਪੈਦਾ ਹੋਏ ਇਸ ਰੇੜਕੇ ਨੂੰ ਖ਼ਤਮ ਕਰਨ ਲਈ ਬਾਜਵਾ ਵੀ ਸੰਜੀਦਾ ਨਹੀਂ ਜਾਪਦਾ, ਸਗੋਂ ਆਪਣਾ ਕਿਸਾਨ-ਪੱਖੀ ਅਕਸ ਉਭਾਰ ਕੇ ਕਿਸਾਨਾਂ ਦੇ ਸੰਕਟ ਵਿਚੋਂ ਸਿਆਸੀ ਲਾਭ ਖੱਟਣ ਦੀ ਤਾਕ ਵਿਚ ਜਾਪਦਾ ਹੈ।
ਬਾਜਵਾ ਦਾ ਇਸ ਮਸਲੇ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਥਾਂ ਮੀਡੀਆ ਵਿਚ ਜਾ ਕੇ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਧਮਕੀ ਦੇਣਾ ਇਹੀ ਸੰਕੇਤ ਦਿੰਦਾ ਹੈ ਕਿ ਉਹ ਦੋਵੇਂ ਇੱਕ ਦੂਜੇ ਨਾਲ ਬੋਲਦੇ ਤਕ ਨਹੀਂ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਸੂਬਾ ਸਰਕਾਰ ਅਜਿਹੇ ਢੰਗ ਨਾਲ ਕੰਮ ਕਰ ਰਹੀ ਹੈ, ਜਿਸ ਅੰਦਰ ਪਾਰਟੀ ਦੇ ਸਾਂਸਦਾਂ ਦੀ ਕੋਈ ਸੁਣਵਾਈ ਨਹੀਂ ਹੈ।
ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਗੰਨੇ ਦੀ ਐਸਏਪੀ ਵਿਚ ਪਿਛਲੇ ਸਾਲ ਦੇ 310 ਰੁਪਏ ਪ੍ਰਤੀ ਕੁਇੰਟਲ ਦੇ ਮੁੱਲ ਨਾਲੋਂ ਇੱਕ ਪੈਸਾ ਵੀ ਵਾਧਾ ਨਹੀਂ ਕੀਤਾ ਹੈ। ਜਦਕਿ ਕਿਸਾਨ ਗੰਨੇ ਦਾ ਸਰਕਾਰੀ ਭਾਅ 350 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਦੇ ਗੰਨੇ ਦੇ ਬਕਾਏ ਵੀ ਅਜੇ ਸਰਕਾਰ ਵੱਲ ਖੜ•ੇ ਹਨ। ਉਹਨਾਂ ਕਿਹਾ ਕਿ ਸਭ ਤੋ ਵੱਡੀ ਗੱਲ ਇਹ ਹੈ ਕਿ ਨਿੱਜੀ ਖੰਡ ਮਿਲਾਂ , ਜਿਹਨਾਂ ਦੇ ਜ਼ਿਆਦਾਤਰ ਮਾਲਕ ਸਿਆਸਤਦਾਨ ਹਨ, ਉਹ ਕਿਸਾਨਾਂ ਨੂੰ ਬਲੈਕਮੇਲ ਕਰ ਰਹੀਆਂ ਹਨ ਅਤੇ ਉਹਨਾਂ ਦਾ ਗੰਨਾ ਖਰੀਦਣ ਤੋਂ ਇਨਕਾਰ ਕਰ ਰਹੀਆਂ ਹਨ।
ਸਰਦਰ ਗਰੇਵਾਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੋ ਕਿ ਕਿਸਾਨਾਂ ਦਾ ਮਸੀਹਾ ਅਖਵਾਉਦਾ ਹੈ, ਨੂੰ ਤੁਰੰਤ ਇਸ ਮਾਮਲੇ ਵਿਚ ਦਖ਼ਲ ਦੇਣਾ ਚਾਹੀਦਾ ਹੈ ਅਤੇ ਸੂਬਾ ਸਰਕਾਰ ਨੂੰ ਨਿਰਦੇਸ਼ ਦੇਣਾ ਚਾਹੀਦਾ ਹੈ ਕਿ ਉਹ ਤੁਰੰਤ ਕਿਸਾਨਾਂ ਦੀ ਸਮੱਸਿਆਵਾਂ ਨੂੰ ਦੂਰ ਕਰੇ ਜੋ ਕਿ ਸਰਕਾਰ ਦੇ ਪੰਜਾਬ ਵਿਚ ਗੰਨਾ ਉਤਪਾਦਕਾਂ ਪ੍ਰਤੀ ਲਾਪਰਵਾਹੀ ਵਾਲੇ ਵਤੀਰੇ ਕਰਕੇ ਲਗਾਤਾਰ ਵਧ ਰਹੀਆਂ ਹਨ।