ਤਰਨ ਤਾਰਨ, 16 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਕ ਆਜ਼ਾਦ ਸਰਵੇਖਣ ਦੇ ਨਤੀਜਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦਾ ਸਭ ਤੋਂ ਮਾੜਾ ਮੁੱਖ ਮੰਤਰੀ ਚੁਣਿਆ ਗਿਆ ਹੈ।
ਪਾਰਟੀ ਨੇ ਐਨ ਆਈ ਏ ਰਾਹੀਂ ਕਿਸਾਨਾਂ ਨੂੰ ਪੁੱਛ ਗਿੱਛ ਲਈ ਸੱਦ ਕੇ ਕਿਸਾਨਾਂ ਨੂੰ ਡਰਾਉਣ ਦੇ ਯਤਨਾਂ ਦੀ ਵੀ ਕੀਤੀ ਨਿਖੇਧੀ।
ਇਥੇ ਤਰਨਤਾਰਨ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਦੇ ਪਿੰਡ ਘਸੀਟਪੁਰਾ ਵਿਚ ਵੱਡੇ ਇਕੱਠ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ 9.81 ਫੀਸਦੀ ਰੇਟਿੰਗ ਮਿਲੀ ਜਦਕਿ ਉਹ ਚਾਰ ਸਾਲਾਂ ਤੋਂ ਸੱਤਾ ਵਿਚ ਹਨ ਜਦਕਿ ਉੜੀਸਾ ਦੇ ਮੁੱਖ ਮੰਤਰੀ ਦੇ 20 ਸਾਲਾਂ ਤੋਂ ਸੱਤਾ ਵਿਚ ਹੋਣ ਦੇ ਬਾਵਜੂਦ ਉਹਨਾਂ ਨੁੰ 78 ਫੀਸਦੀ ਰੇਟਿੰਗ ਮਿਲੀ।
ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਪੰਜਾਬੀਆਂ ਦਾ ਮਨ ਕਿਵੇਂ ਕੈਪਟਨਅਮਰਿੰਦਰ ਸਿੰਘ ਤੋਂ ਅੱਕ ਗਿਆ ਹੈ। ਉਹਨਾਂ ਨਾਲ ਹੀ ਕੀਤਾ ਕਿ ਮੁੱਖ ਮੰਤਰੀ ਦੇ ਫੇਲ੍ਹ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਉਹਨਾਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਵੀ ਪੂਰਾ ਨਹੀਂ ਕੀਤਾ।
ਮੁੱਖ ਮੰਤਰੀ ਨੁੰ ਚਾਰ ਸਾਲਾਂ ਦੌਰਾਨ ਕੀਤਾ ਇਕ ਵੀ ਕੰਮ ਸੂਬੇ ਦੇ ਲੋਕਾਂ ਨੁੰ ਗਿਣਵਾਉਣ ਲਈ ਆਖਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਕ ਪਾਸੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਨੂੰ ਬਿਜਲੀ ਸਰਪੱਲੱਸ ਬਣਾਉਣ ਦੇ ਨਾਲ ਨਾਲ ਵੱਡੇ ਸਿੰਜਾਈ ਪ੍ਰਾਜੈਕਟ ਤੇ ਸਿੰਜਾਈ ਸਹੂਲਤਾਂ ਦੇਣ ਤੋਂ ਇਲਾਵਾ ਕਿਸਾਨਾਂ ਨੂੰ ਖੇਤਾਂ ਲਈ ਮੁਫਤ ਬਿਜਲੀ ਦੇਣ, ਮੰਡੀਆਂ ਦਾ ਬੁਨਿਆਦੀ ਢਾਂਚਾ ਸਿਰਜਣ ਅਤੇ ਕੇਂਦਰ ਤੋਂ ਐਮ ਐਸ ਪੀ ਪ੍ਰਣਾਲੀ ਸ਼ੁਰੂ ਕਰਵਾਉਣ ਲਈ ਜਾਣੇ ਜਾਂਦੇ ਹਨ ਜਿਸਦੀ ਕਦੇ ਵੀ ਪੁਸ਼ਟੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਰਦਾਰ ਬਾਦਲ ਨੇ ਪੰਜ ਵਾਰ ਮੁੱਖ ਮੰਤਰੀ ਹੁੰਦਿਆਂ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਯਕੀਨੀ ਬਣਾਈ।
ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਾਲੇ ਗੱਲਬਾਤ ਬਾਰੇ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਵਿਚ ਸੰਜੀਦਾ ਨਹੀਂ ਹੈ ਤੇ ਉਹ ਸਿਰਫ ਕਿਸਾਨਾਂ ਨੂੰ ਥਕਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਨਾਲ ਹੀ ਸਰਕਾਰ ਐਨ ਆਈ ਏ ਵਰਗੀਆਂ ਏਜੰਸੀਆਂ ਰਾਹੀਂ ਨੋਟਿਸ ਜਾਰੀ ਕਰਵਾ ਕੇ ਕਿਸਾਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਦੇਸ਼ ਵਿਰੋਧੀ ਨਹੀਂ ਹਨ, ਅਸੀਂ ਇਸਦੀ ਨਿਖੇਧੀ ਕਰਦੇ ਹਾਂ।
ਸਾਬਕਾ ਕਾਂਗਰਸੀ ਆਗੂ ਸ੍ਰੀ ਮਨਜੀਤ ਸਿੰਘ ਘਸੀਟਪੁਰਾ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਹਨਾਂ ਨੇ 2007 ਵਿਚ ਤਰਨਤਾਰਨ ਤੋਂ ਵਿਧਾਨਸਭਾ ਚੋਣਾਂ ਲੜੀ ਤੇ 1997 ਵਿਚ ਅੰਮ੍ਰਿਤਸਰ ਵਿਚ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਜਦਕਿ ਇਸ ਤੋਂ ਇਲਾਵਾ ਉਹ 2017 ਤੋਂ ਤਰਨਤਾਰਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵੀ ਰਹੇ। ਉਹਨਾਂ ਕਿਹਾ ਕਿ ਸ੍ਰੀ ਘਸੀਟਪੁਰਾ ਨੇ ਸ਼ਰਾਬ ਮਾਫੀਆ ਖਿਲਾਫ ਸਟੈਂਡ ਲੈਣ ਦੀ ਦਲੇਰੀ ਵਿਖਾਈ ਅਤੇ ਪਿਛਲੇ ਸਾਲ ਇਸ ਇਲਾਕੇ ਵਿਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਦੀ ਆਜ਼ਾਦ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਨਕਸਲੀ ਤੇ ਖਾਲਿਸਤਾਨੀ ਕਹਿ ਕੇ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਡਟਿਆ ਹੈ ਤੇ ਇਸਨੇ ਨਾ ਸਿਰਫ ਕੇਂਦਰ ਸਰਕਾਰ ਵੱਲੋਂ ਗੱਲ ਨਾ ਸੁਣਨ ’ਤੇ ਵਜ਼ਾਰਤ ਵੀ ਛੱਡ ਦਿੱਤੀ ਤੇ ਐਨ ਡੀ ਏ ਗਠਜੋੜ ਵੀ ਛੱਡ ਦਿੱਤਾ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਭਾਜਪਾ ਨਾਲ ਰਲੀ ਹੋਈ ਹੈ ਤੇ ਇਸਨੇ ਚਾਰ ਮੈਂਬਰੀ ਕਮੇਟੀ ਦੇ ਗਠਨ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੂੰ ਵੀ ਗੁੰਮਰਾਹ ਕੀਤਾ ਹੈ। ਉਹਨਾਂ ਕਿਹਾ ਕਿ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਅੱਜ ਪਹਿਲਾਂ ਨਾਲੋਂ ਵੀ ਜ਼ਿਆਦਾ ਸਾਰਥਕ ਹੈ।
ਸ੍ਰੀ ਮਜੀਠੀਆ ਨੇ ਗਾਇਕਾਂ ਤੇ ਸ਼੍ਰੀ ਬਰਾੜ ਵਰਗੇ ਗੀਤ ਲੇਖਕਾਂ ਜਿਹਨਾਂ ਨੇ ਕਿਸਾਨ ਸੰਘਰਸ਼ ਲਈ ਗੈਰ ਸਰਕਾਰੀ ਕੌਮੀ ਐਂਥਮ ਲਿਆ, ਨੂੰ ਫੌਜਦਾਰੀ ਮਾਮਲਿਆਂ ਵਿਚ ਫਸਾਉਣ ਦੀ ਵੀ ਨਿਖੇਧੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਘਸੀਟਪੁਰਾ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਅਲਵਿੰਦਰ ਸਿੰਘ ਪੱਖੋਕੇ, ਇਕਬਾਲ ਸਿੰਘ ਸੰਧੂ, ਗੁਰਬਚਨ ਸਿੰਘ ਕਰਮੂਵਾਲਾ ਤੇ ਗੁਰਸੇਵਕ ਸਿੰਘ ਸ਼ੇਖ ਨੇ ਵੀ ਸੰਬੋਧਨ ਕੀਤਾ।