ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੰਨਾ ਵੱਡਾ ਇਕੱਠ ਢੀਂਡਸਾ ਪਰਿਵਾਰ ਵਿਰੁੱਧ ਲੋਕਾਂ ਅੰਦਰਲੇ ਗੁੱਸੇ ਦਾ ਨਤੀਜਾ ਹੈ। ਇਹ ਪਰਿਵਾਰ ਸਿਆਸੀ ਤੌਰ ਤੇ ਖ਼ਤਮ ਹੋ ਜਾਵੇਗਾ
ਸੰਗਰੂਰ/02 ਫਰਵਰੀ:ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਬਹਾਦਰ ਅਕਾਲੀ ਵਰਕਰ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਦੂਜੇ ਭਗੌੜੇ ਅਕਾਲੀਆਂ ਨੂੰ ਕਾਂਗਰਸ ਦੇ ਇਸ਼ਾਰੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਣ ਦੇ ਮਿਸ਼ਨ ਵਿਚ ਕਾਮਯਾਬ ਨਹੀਂ ਹੋਣ ਦੇਣਗੇ।
ਇੱਥੇ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਤੋਂ ਪੁੱਜੇ 50 ਹਜ਼ਾਰ ਤੋਂ ਵੱਧ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸਰਪ੍ਰਸਤ ਨੇ ਕਿਹਾ ਕਿ ਕਾਂਗਰਸ ਪਾਰਟੀ ਸੋਚਦੀ ਹੈ ਕਿ ਇਹ ਆਪਣੇ ਪਿਆਦਿਆਂ ਰਾਹੀਂ ਐਸਜੀਪੀਸੀ ਉੱਤੇ ਕਬਜ਼ਾ ਕਰਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿਚ ਕਾਮਯਾਬ ਹੋ ਸਕਦੀ ਹੈ। ਮੈਂ ਸਾਰੇ ਅਕਾਲੀ ਵਰਕਰਾਂ ਨੂੰ ਇਸ ਸਾਜ਼ਿਸ਼ ਨੂੰ ਨਾਕਾਮ ਕਰਨ ਦੀ ਸਹੁੰ ਖਾਣ ਦੀ ਅਪੀਲ ਕਰਦਾ ਹਾਂ।
ਸਰਦਾਰ ਬਾਦਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸੁਖਦੇਵ ਢੀਂਡਸਾ ਅਤੇ ਰਣਜੀਤ ਬ੍ਰਹਮਪੁਰਾ ਵਰਗੇ ਅਕਾਲੀ ਭਗੌੜਿਆਂ ਨੇ ਆਪਣੀ ਮਾਂ-ਪਾਰਟੀ ਨਾਲ ਧਰੋਹ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਜ਼ਿੰਦਗੀ ਵਿਚ ਜੇਕਰ ਕਿਸੇ ਦਾ ਸਤਿਕਾਰ ਕੀਤਾ ਹੈ ਤਾਂ ਇਹ ਢੀਂਡਸਾ ਅਤੇ ਬ੍ਰਹਮਪੁਰਾ ਹਨ। ਇੱਥੋਂ ਤਕ ਕਿ ਸੁਖਬੀਰ (ਸਿੰਘ ਬਾਦਲ) ਵੀ ਉਹਨਾਂ ਦੇ ਪੈਰੀਂ ਹੱਥ ਲਾਉਂਦਾ ਸੀ। ਇਹਨਾਂ ਦੋਵਾਂ ਦਾ ਸੰਗਰੂਰ ਅਤੇ ਖਡੂਰ ਸਾਹਿਬ ਹਲਕਿਆਂ ਉੱਤੇ ਮੁਕੰਮਲ ਕੰਟਰੋਲ ਸੀ।ਮੈਂ ਸਿਰਫ ਸਿਆਸੀ ਤੌਰ ਤੇ ਹੀ ਉਹਨਾਂ ਉੱਤੇ ਭਰੋਸਾ ਨਹੀਂ ਕਰਦਾ ਸੀ, ਸਗੋਂ ਨਿੱਜੀ ਅਤੇ ਪਰਿਵਾਰਕ ਮਾਮਲਿਆਂ ਵਿਚ ਵੀ ਉਹਨਾਂ ਉੱਤੇ ਯਕੀਨ ਕਰਦਾ ਸੀ। ਇੱਥੋਂ ਤਕ ਕਿ ਜਦੋਂ ਮੈਂ ਆਪਣੀ ਬੇਟੀ ਦੇ ਕੈਰੋਂ ਪਰਿਵਾਰ ਨਾਲ ਰਿਸ਼ਤੇ ਬਾਰੇ ਗੱਲ ਚਲਾ ਰਿਹਾ ਸੀ ਤਾਂ ਮੈਂ ਬ੍ਰਹਮਪੁਰਾ ਸਾਹਿਬ ਨਾਲ ਮਸ਼ਵਰਾ ਕੀਤਾ ਸੀ। ਮੈਂ ਵਿਆਹ ਵਾਸਤੇ ਵੀ ਉਹਨਾਂ ਦੀ ਸਹਿਮਤੀ ਲਈ ਸੀ, ਕਿਉਂਕਿ ਉਹ ਉਸੇ ਇਲਾਕੇ ਵਿਚੋਂ ਸਨ।
ਇਹ ਟਿੱਪਣੀ ਕਰਦਿਆਂ ਕਿ ਆਪਣਿਆਂ ਦੇ ਖ਼ਿਲਾਫ ਦੁਸ਼ਮਣਾਂ ਨਾਲ ਹੱਥ ਮਿਲਾਉਣਾ ਠੀਕ ਨਹੀਂ ਹੁੰਦਾ, ਸਰਦਾਰ ਬਾਦਲ ਨੇ ਕਿਹਾ ਕਿ ਸੁਖਦੇਵ ਢੀਂਡਸਾ ਨੇ ਅਜਿਹਾ ਕਰਕੇ ਲੋਕਾਂ ਦਾ ਸਤਿਕਾਰ ਗੁਆ ਦਿੱਤਾ ਹੈ ਅਤੇ ਆਪਣੇ ਬੇਟੇ ਦਾ ਸਿਆਸੀ ਭਵਿੱਖ ਤਬਾਹ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ 'ਸਾਨੂੰ ਚਾਹੀਦੀ ਹੈ ਆਜ਼ਾਦੀ ਢੀਂਡਸਾ ਪਰਿਵਾਰ ਤੋਂ' ਦੇ ਨਾਅਰਿਆਂ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੀ ਰੈਲੀ ਦਾ ਇਹ ਵੱਡਾ ਇਕੱਠ ਪਾਰਟੀ ਵਰਕਰਾਂ ਅੰਦਰ ਢੀਂਡਸਾ ਪਰਿਵਾਰ ਖ਼ਿਲਾਫ ਉਪਜੇ ਗੁੱਸੇ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਢੀਂਡਸਾ ਪਰਿਵਾਰ ਦਾ ਸਿਆਸੀ ਖਾਤਮਾ ਸ਼ੁਰੂ ਹੋ ਜਾਵੇਗਾ। ਉਹਨਾਂ ਪਰਮਿੰਦਰ ਢੀਂਡਸਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸਾਬਿਤ ਕਰੇ ਕਿ ਇਸ ਰੈਲੀ ਵਿਚ ਪੁੱਜਾ ਇੱਕ ਵੀ ਵਿਅਕਤੀ ਸੰਗਰੂਰ ਜਾਂ ਬਰਨਾਲਾ ਤੋਂ ਬਾਹਰ ਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਢੀਂਡਸਾ ਨੂੰ ਤਾਨਾਸ਼ਾਹੀ ਦੀ ਗੱਲ ਕਰਨਾ ਸੋਭਦਾ ਨਹੀਂ ਹੈ। ਉਹਨਾਂ ਕਿਹਾ ਕਿ ਇਹ ਢੀਂਡਸਾ ਪਰਿਵਾਰ ਹੀ ਸੀ, ਜਿਸ ਨੇ ਹਮੇਸ਼ਾਂ ਇੱਕ ਤਾਨਸ਼ਾਹ ਵਾਂਗ ਵਿਵਹਾਰ ਕਰਦਿਆਂ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਅੰਦਰ ਨਵੇਂ ਹੁਨਰਮੰਦ ਆਗੂਆਂ ਨੂੰ ਉੱਭਰਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਮੈਂ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਅਕਾਲੀ ਵਰਕਰਾਂ ਤੋਂ ਮੁਆਫੀ ਮੰਗਦਾ ਹਾਂ ਕਿ ਮੈਂ ਉਹਨਾਂ ਨੂੰ ਇਨਸਾਫ ਨਹੀਂ ਸੀ ਦੇ ਸਕਿਆ।
ਸਰਦਾਰ ਢੀਂਡਸਾ ਦੇ ਤਾਨਾਸ਼ਾਹੀ ਰਵੱਈਏ ਬਾਰੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਸ ਨੇ ਆਪਣੇ ਬੇਟੇ ਪਰਮਿੰਦਰ ਨੂੰ ਵੀ ਆਪਣੇ ਬਾਰੇ ਫੈਸਲਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਦੱਸਿਆ ਕਿ ਪਰਮਿੰਦਰ ਨੇ ਮੈਨੂੰ ਆ ਕੇ ਦੱਸਿਆ ਸੀ ਨਿ ਬਾਪੂ ਕਹਿੰਦਾ ਹੈ ਜਾਂ ਮੈਨੂੰ ਚੁਣ ਲੈ ਜਾਂ ਅਕਾਲੀ ਦਲ ਨੂੰ।
ਸਰਦਾਰ ਢੀਂਡਸਾ ਦੇ ਵਤੀਰੇ ਬਾਰੇ ਦੱਸਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਢੀਂਡਸੇ ਨੇ ਕਾਂਗਰਸ ਨਾਲ ਸਾਂਝ ਪਾ ਲਈ ਹੈ। ਇਸ ਤੋਂ ਪਹਿਲਾਂ 2002 ਵਿਚ ਵੀ ਢੀਂਡਸਾ ਨੇ ਕੈਪਟਨ ਅਮਰਿੰਦਰ ਨਾਲ ਗੰਢਤੁਪ ਕਰਕੇ ਖੁਦ ਨੂੰ ਕਿਸੇ ਵੀ ਕੇਸ ਵਿਚ ਫਸਣ ਤੋਂ ਬਚਾਅ ਲਿਆ ਸੀ। ਉਹਨਾਂ ਕਿਹਾ ਕਿ ਢੀਂਡਸਾ ਨੇ 2014 ਦੀਆਂ ਚੋਣਾਂ ਵੀ ਅੰਦਰਖਾਤੇ ਕੈਪਟਨ ਅਮਰਿੰਦਰ ਨਾਲ ਮਿਲ ਕੇ ਲੜੀਆਂ ਸਨ, ਕਿਉਂਕਿ ਉਹ ਕਾਂਗਰਸੀ ਉਮੀਦਵਾਰ ਵਿਜੈ ਇੰਦਰ ਸਿੰਗਲਾ ਨੂੰ ਹਰਾਉਣਾ ਚਾਹੁੰਦਾ ਸੀ।
ਇਹ ਟਿੱਪਣੀ ਕਰਦਿਆਂ ਕਿ ਜਦੋਂ ਲੋਕੀਂ ਅਕਾਲੀ-ਭਾਜਪਾ ਦੇ ਨਾਲ ਹਨ, ਕੋਈ ਵੀ ਇਸ ਗਠਜੋੜ ਦੇ ਉਭਾਰ ਨੂੰ ਨਹੀਂ ਰੋਕ ਸਕਦਾ, ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਅੰਦਰਖਾਤੇ ਮਿਲ ਕੇ ਕੰਮ ਕਰ ਰਹੇ ਜਾਅਲੀ ਅਕਾਲੀ ਆਗੂਆਂ ਨੂੰ ਲੋਕਾਂ ਦੁਆਰਾ ਰੱਦ ਕਰ ਦਿੱਤਾ ਜਾਵੇਗਾ।
ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਤੋੜਣ ਦੀ ਕੋਸ਼ਿਸ਼ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਨਾ ਖੇਡੇ।
ਇਸ ਮੌਕੇ ਉੱਤੇ ਬੋਲਦਿਆਂ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਨਾਲ ਵਿਸ਼ਵਾਸ਼ਘਾਤ ਕਰਨ ਲਈ ਸੁਖਦੇਵ ਢੀਂਡਸਾ ਦੀ ਨਿਖੇਧੀ ਕੀਤੀ। ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਇਸ ਇਲਾਕੇ ਦੇ ਲੋਕਾਂ ਨੇ ਸੱਚੀ ਆਜ਼ਾਦੀ ਹਾਸਿਲ ਕਰ ਲਈ ਹੈ । ਉਹਨਾਂ ਕਿਹਾ ਕਿ ਪਾਰਟੀ ਵਰਕਰ ਕਿਸੇ ਵਿਅਕਤੀ ਨਾਲ ਨਹੀਂ ਸਗੋਂ ਪਾਰਟੀ ਨਾਲ ਹਨ। ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸਪੱਸ਼ਟ ਦਿਸਦਾ ਹੈ ਕਿ ਸੰਗਰੂਰ ਦੇ ਅਕਾਲੀ ਆਗੂ ਅਤੇ ਵਰਕਰ ਅਕਾਲੀ ਦਲ ਦੇ ਨਾਲ ਹਨ। ਉਹਨਾਂ ਕਿਹਾ ਕਿ ਲੋਕ ਮੰਨਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਅਤੇ ਇਸ ਦੀਆਂ ਨੀਤੀਆਂ ਪੰਜਾਬ ਅਤੇ ਪੰਜਾਬੀਆਂ ਲਈ ਸਭ ਤੋਂ ਵਧੀਆ ਸਨ।
ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਇਕਬਾਲ ਸਿੰਘ ਝੂੰਦਾਂ ਨੇ ਸਮੁੱਚੀ ਜ਼ਿਲ੍ਹਾ ਇਕਾਈ ਵੱਲੋਂ ਇੱਕ ਮਤਾ ਪੜ੍ਹਦਿਆਂ ਸੁਖਦੇਵ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਨੂੰ ਪਾਰਟੀ ਚੋਂ ਕੱਢੇ ਜਾਣ ਦੀ ਮੰਗ ਕੀਤੀ ਅਤੇ ਕਿਹਾ ਕਿ ਦੋਵੇਂ ਆਗੂਆਂ ਨੂੰ ਕ੍ਰਮਵਾਰ ਰਾਜ ਸਭਾ ਅਤੇ ਵਿਧਾਨ ਸਭਾ ਤੋਂ ਅਸਤੀਫਾ ਦੇਣ ਲਈ ਕਿਹਾ ਜਾਵੇ। ਇਸ ਮਤੇ ਵਿਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੀਏਏ ਵਿਚ ਮੁਸਲਮਾਨਾਂ ਨੂੰ ਸ਼ਾਮਿਲ ਕੀਤਾ ਜਾਵੇ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਤੋੜਣ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ। ਇੱਕ ਵੱਖਰੇ ਮਤੇ ਵਿਚ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਨੂੰ ਖ਼ਤਮ ਕਰਵਾਉਣ ਲਈ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ।
ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ,ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਡਾਕਟਰ ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਬਰਾੜ, ਪਰਕਾਸ਼ ਚੰਦ ਗਰਗ, ਗਗਨਜੀਤ ਬਰਨਾਲਾ, ਬਲਦੇਵ ਸਿੰਘ ਮਾਨ, ਵਿੰਨਰਜੀਤ ਸਿੰਘ ਗੋਲਡੀ ਅਤੇ ਬਲਬੀਰ ਸਿੰਘ ਘੁੰਨਸ ਨੇ ਵੀ ਸੰਬੋਧਨ ਕੀਤਾ।