ਵਾਅਦਾ ਕੀਤਾ ਕਿ ਦੁਬਾਰਾ ਚੁਣੇ ਜਾਣ ਤੇ ਇੱਥੇ ਵਿੱਦਿਅਕ ਸਹੂਲਤਾਂ ਦਾ ਹੜ੍ਹ ਲਿਆ ਦੇਣਗੇ
ਬਠਿੰਡਾ/15 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਜੇਕਰ ਉਹ ਦੁਬਾਰਾ ਇਸ ਹਲਕੇ ਤੋਂ ਚੁਣੇ ਜਾਂਦੇ ਹਨ ਤਾਂ ਉਹ ਬਠਿੰਡਾ ਨੂੰ ਰਾਸ਼ਟਰੀ ਪੱਧਰ ਉੱਤੇ ਮੈਡੀਕਲ ਸਹੂਲਤਾਂ ਦਾ ਗੜ੍ਹ ਬਣਾ ਦੇਣਗੇ, ਜਿਸ ਨਾਲ ਨਾ ਸਿਰਫ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਸਗੋਂ ਇਸ ਸ਼ਹਿਰ ਦੀ ਅਰਥ-ਵਿਵਸਥਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
ਅੱਜ ਲੰਬੀ ਨੇੜੇ ਜਨਤਕ ਮੀਟਿੰਗਾਂ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਅਗਲੇ ਕੁੱਝ ਮਹੀਨਿਆਂ ਵਿਚ ਓਪੀਡੀ ਸ਼ੁਰੂ ਹੋਣ ਏਮਜ਼ ਵਿਖੇ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਉਹਨਾਂ ਕਿਹਾ ਕਿ ਮੈਂ ਮਹਿਸੂਸ ਕਰਦੀ ਹਾਂ ਕਿ ਏਮਜ਼ ਸ਼ੁਰੂ ਹੋਣ ਨਾਲ ਬਠਿੰਡਾ ਅੰਦਰ ਹੋਰ ਮੈਡੀਕਲ ਸੇਵਾਵਾਂ ਵੀ ਲਿਆਂਦੀਆਂ ਜਾ ਸਕਣਗੀਆਂ ਤਾਂ ਕਿ ਇਹ ਦੇਸ਼ ਅੰਦਰ ਮੈਡੀਕਲ ਸਹੂਲਤਾਂ ਦਾ ਇੱਕ ਗੜ੍ਹ ਬਣ ਜਾਵੇ।ਜੇਕਰ ਮੈਨੂੰ ਲੋਕਾਂ ਦੀ ਦੁਬਾਰਾ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਬਠਿੰਡਾ ਅੰਦਰ ਅਜਿਹੀਆਂ ਹੋਰ ਮੈਡੀਕਲ ਸੇਵਾਵਾਂ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗੀ।
ਬਠਿੰਡਾ ਸਾਂਸਦ ਨੇ ਕਿਹਾ ਕਿ ਮੈਡੀਕਲ ਸੇਵਾਵਾਂ ਵਿਚ ਵਾਧਾ ਕਰਨ ਤੋਂ ਇਲਾਵਾ ਉਹ ਬਠਿੰਡਾ ਅੰਦਰ ਵਿਦਿਅਕ ਸਹੂਲਤਾਂ ਦਾ ਹੜ੍ਹ ਲਿਆ ਦੇਣਗੇ। ਉਹਨਾਂ ਕਿਹਾ ਕਿ ਮੇਰੀਆਂ ਕੋਸ਼ਿਸ਼ਾਂ ਸਦਕਾ ਬਠਿੰਡਾ ਅੰਦਰ ਮਲਟੀ ਸਕਿੱਲ ਟਰੇਨਿੰਗ ਸੈਂਟਰ,ਟੈਕਨੀਕਲ ਯੂਨੀਵਰਸਿਟੀ ਅਤੇ ਇੱਕ ਸੈਂਟਰਲ ਯੂਨੀਵਰਸਟੀ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਮੈਂ ਆਪਣੇ ਅਗਲੇ ਕਾਰਜਕਾਲ ਦੌਰਾਨ ਇਹਨਾਂ ਸੰਸਥਾਵਾਂ ਦੀ ਸਮਰੱਥਾ ਅਤੇ ਗੁਣਵੱਤਾ ਵਿਚ ਹੋਰ ਸੁਧਾਰ ਲਿਆਵਾਂਗੀ। ਇਸ ਤੋਂ ਇਲਾਵਾ ਮੈਂ ਹੋਰ ਵੱਕਾਰੀ ਸੰਸਥਾਨ ਇਸ ਹਲਕੇ ਅੰਦਰ ਲੈ ਕੇ ਆਵਾਂਗੀ।
ਉਹਨਾਂ ਕਿਹਾ ਕਿ ਮੇਰਾ ਇਹ ਪੱਕਾ ਯਕੀਨ ਹੈ ਕਿ ਕਿਸੇ ਇਲਾਕੇ ਨੂੰ ਵਿਕਾਸ ਦੀ ਲੀਹ ਉਤੇ ਤੋਰਨ ਲਈ ਮੈਡੀਕਲ ਸੇਵਾਵਾਂ ਅਤੇ ਵਿਦਿਅਕ ਸੇਵਾਵਾਂ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ। ਅਸੀਂ ਇਕ ਸਫਰ ਸ਼ੁਰੂ ਕੀਤਾ ਹੈ, ਇਸ ਨੂੰ ਮੁਕੰਮਲ ਕਰਨ ਵਿਚ ਮੇਰੀ ਮੱਦਦ ਕਰੋ।