ਚੰਡੀਗੜ੍ਹ/01 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਬਜਟ 2020 ਦੀ ਇੱਕ ਕਿਸਾਨ-ਪੱਖੀ ਅਤੇ ਗਰੀਬ-ਪੱਖੀ ਬਜਟ ਵਜੋਂ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਨਕਮ ਟੈਕਸ ਵਿਚ ਦਿੱਤੀ ਛੋਟ ਨਾਲ ਆਮ ਆਦਮੀ ਨੂੰ ਲਾਭ ਹੋਵੇਗਾ। ਉਹਨਾਂ ਕਿਹਾ ਕਿ ਡਿਜੀਟਾਈਜੇਸ਼ਨ, ਬੁਨਿਆਦੀ ਢਾਂਚੇ ਅਤੇ ਇੰਡਸਟਰੀ ਨੂੰ ਹੁਲਾਰਾ ਦੇ ਕੇ ਉੱਚੀ ਜੀਡੀਪੀ ਹਾਸਿਲ ਕਰਨ ਲਈ ਜ਼ਮੀਨ ਤਿਆਰ ਕਰ ਦਿੱਤੀ ਗਈ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਖੇਤੀਬਾੜੀ ਸੈਕਟਰ ਲਈ 15 ਲੱਖ ਕਰੋੜ ਰੁਪਏ ਰੱਖੇ ਜਾਣ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ 20 ਲੱਖ ਸੋਲਰ ਪੰਪਾਂ ਉੱਤੇ ਸਬਸਿਡੀ ਦੇ ਕੇ ਸਰਕਾਰ ਦੇ ਸੂਰਜੀ ਊਰਜਾ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਦੇ ਫੈਸਲੇ ਨਾਲ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਖਰਾਬ ਹੋਣ ਯੋਗ ਵਸਤਾਂ ਦੀ ਜਲਦੀ ਢੋ-ਢੁਆਈ ਲਈ ਪੀਪੀਪੀ ਵਿਧੀ ਜ਼ਰੀਏ ਕਿਸਾਨ ਰੇਲ ਸਥਾਪਤ ਕਰਨ ਅਤੇ ਖੇਤੀ ਵਸਤਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਡੀਆਂ ਵਿਚ ਪਹੁੰਚਾਉਣ ਲਈ ਕ੍ਰਿਸ਼ੀ ਉਡਾਣ ਕਾਇਮ ਕਰਨ ਦੇ ਫੈਸਲੇ ਨਾਲ ਪੰਜਾਬ ਵਿਚ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਨੂੰ ਵੱਡਾ ਹੁਲਾਰਾ ਮਿਲੇਗਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 6 ਕਰੋੜ ਕਿਸਾਨਾਂ ਨੂੰ ਦਿੱਤੀ ਬੀਮੇ ਦੀ ਸਹੂਲਤ ਵੀ ਇੱਕ ਬਹੁਤ ਹੀ ਅਹਿਮ ਕਦਮ ਹੈ, ਜਿਹੜਾ ਕਿ ਕਿਸਾਨਾਂ ਦੀ ਕੁਦਰਤੀ ਆਫਤਾਂ ਤੋਂ ਰਾਖੀ ਕਰੇਗਾ। ਉਹਨਾਂ ਨੇ ਮੱਛੀ ਪਾਲਣ ਅਤੇ ਸਤੁੰਲਿਤ ਖਾਦਾਂ ਦੀ ਵਰਤੋਂ ਲਈ ਦਿੱਤੀਆਂ ਸਹੂਲਤਾਂ ਦੀ ਵੀ ਸ਼ਲਾਘਾ ਕੀਤੀ।
ਸਰਦਾਰ ਬਾਦਲ ਨੇ ਕਿਹਾ ਕਿ ਟੈਕਸ ਪ੍ਰਬੰਧ ਦੀ ਕੀਤੇ ਸਰਲੀਕਰਨ ਨਾਲ ਆਮ ਆਦਮੀ ਨੂੰ ਭਾਰੀ ਲਾਭ ਹੋਵੇਗਾ। ਉਹਨਾਂ ਕਿਹਾ ਕਿ 10 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਾਲਿਆਂ ਨੂੰ ਹੁਣ ਸਿਰਫ 62 ਹਜ਼ਾਰ ਰੁਪਏ ਇਨਕਮ ਟੈਕਸ ਦੇਣਾ ਪਵੇਗਾ, ਜਿਸ ਨਾਲ ਪਿਛਲੇ ਟੈਕਸ ਪ੍ਰਬੰਧ ਦੇ ਮੁਕਾਬਲੇ 37,500 ਰੁਪਏ ਦੀ ਬਚਤ ਹੋਵੇਗੀ। ਉਹਨਾਂ ਕਿਹਾ ਕਿ ਘਟਾਈਆਂ ਜੀਐਸਟੀ ਦਰਾਂ ਕਰਕੇ ਹੁਣ ਔਸਤ ਘਰ ਨੂੰ ਮਹੀਨਾਵਰ ਖਰਚਿਆਂ ਵਿਚ 4 ਫੀਸਦੀ ਬਚਤ ਹੋਵੇਗੀ। ਉਹਨਾਂ ਕਿਹਾ ਕਿ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਵਾਸਤੇ 3.6 ਕਰੋੜ ਰੁਪਏ ਰਾਂਖਵੇ ਰੱਖਣਾ ਇੱਕ ਬਹੁਤ ਵੱਡਾ ਗਰੀਬ-ਪੱਖੀ ਕਦਮ ਹੈ।
ਅਕਾਲੀ ਦਲ ਪ੍ਰਧਾਨ ਨੇ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੀ ਭਲਾਈ ਲਈ 85 ਹਜ਼ਾਰ ਕਰੋੜ ਰੁਪਏ ਰੱਖੇ ਜਾਣ ਦਾ ਵੀ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਦਯੋਗ ਅਤੇ ਵਪਾਰ ਦੇ ਵਿਕਾਸ ਲਈ 27,300 ਕਰੋੜ ਰੁਪਏ ਅਤੇ ਰਾਸ਼ਟਰੀ ਟੈਕਸਟਾਇਲ ਮਿਸ਼ਨ ਸ਼ੁਰੂ ਕਰਨ ਲਈ 1,480 ਕਰੋੜ ਰੁਪਏ ਰਾਂਖਵੇ ਰੱਖੇ ਗਏ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਲਏ ਪੰਜ ਲੱਖ ਤੋਂ ਵੱਧ ਛੋਟੇ ਕਾਰੋਬਾਰਾਂ ਨੂੰ ਰਿਆਇਤੀ ਕਰਜ਼ੇ ਦੇਣ ਦੇ ਫੈਸਲੇ ਨਾਲ ਛੋਟੀਆਂ ਇਕਾਈਆਂ ਨੂੰ ਮੁੜ ਪੈਰਾਂ ਉੱਤੇ ਖੜ੍ਹੇ ਕਰਨ ਵਿਚ ਮੱਦਦ ਮਿਲੇਗੀ।
ਸਰਦਾਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਪੇਂਡੂ ਸੈਕਟਰ ਅੰਦਰ ਲਿਆਂਦੀ ਜਾ ਰਹੀ ਡਿਜੀਟਲ ਕ੍ਰਾਂਤੀ ਦਾ ਵੀ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇੱਕ ਲੱਖ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਦੀ ਸਹੂਲਤ ਦੇਣ ਦੇ ਫੈਸਲਾ ਪਿੰਡਾਂ ਦਾ ਡਿਜੀਟਾਈਜੇਸ਼ਨ ਕਰ ਦੇਵੇਗਾ ਅਤੇ ਇਸ ਦਾ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਨਵੇਂ ਆਰਥਿਕ ਲਾਂਘੇ ਬਣਾ ਕੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ, ਇਸਤਰੀਆਂ ਨਾਲ ਸੰਬੰਧਿਤ ਪ੍ਰੋਗਰਾਮਾਂ ਲਈ 28,600 ਕਰੋੜ ਰੁਪਏ ਰਾਂਖਵੇਂ ਰੱਖਣਾ, ਸਰਕਾਰੀ ਕੰਮ ਕਾਜ ਨੂੰ ਪਾਰਦਰਸ਼ੀ ਬਣਾਉਣਾ ਅਤੇ ਹਵਾ ਪ੍ਰਦੂਸ਼ਣ ਨੂੰ ਨਕੇਲ ਪਾਉਣ ਲਈ ਫੰਡ ਰਾਂਖਵੇਂ ਰੱਖਣਾ ਆਦਿ ਬਹੁਤ ਹੀ ਸ਼ਲਾਘਾਯੋਗ ਕਦਮ ਹਨ।