ਕਿਹਾ ਕਿ ਡੈਸਕ ਉੱਤੇ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਸਕੀਮ 'ਚ ਸ਼ਾਮਿਲ ਕੀਤਾ ਜਾਵੇ
ਚੰਡੀਗੜ•/08 ਫਰਵਰੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਪੱਤਰਕਾਰਾਂ ਵਾਸਤੇ ਬਣਾਈ ਤਜ਼ਵੀਜ਼ਤ ਪੈਨਸ਼ਨ ਸਕੀਮ ਦਾ ਘੇਰਾ ਵਧਾਉਣ ਲਈ ਆਖਦਿਆਂ ਕਿਹਾ ਹੈ ਕਿ ਪੈਨਸ਼ਨ ਸਕੀਮ ਲਈ ਪੱਤਰਕਾਰਾਂ ਵਾਸਤੇ ਮਾਨਤਾ ਪ੍ਰਾਪਤ ਹੋਣ ਦਾ ਸਮਾਂ 20 ਸਾਲ ਤੋਂ ਘਟਾ ਕੇ 10 ਸਾਲ ਕੀਤਾ ਜਾਵੇ ਅਤੇ ਪੈਨਸ਼ਨ ਦੀ ਰਾਸ਼ੀ 12 ਹਜ਼ਾਰ ਪ੍ਰਤੀ ਮਹੀਨਾ ਤੋਂ ਵਧਾ ਕੇ 24 ਹਜ਼ਾਰ ਪ੍ਰਤੀ ਮਹੀਨਾ ਕੀਤੀ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਦੀ ਕੈਬਨਿਟ ਵੱਲੋਂ ਪੱਤਰਕਾਰਾਂ ਨੂੰ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਵਾਸਤੇ ਉਹਨਾਂ ਲਈ ਰੱਖੀ 20 ਸਾਲ ਤੋਂ ਮਾਨਤਾ ਪ੍ਰਾਪਤ ਹੋਣ ਦੀ ਸ਼ਰਤ ਬਹੁਤ ਹੀ ਭਾਰੀ ਹੈ, ਜੋ ਕਿ ਬਹੁਤ ਸਾਰੇ ਪੱਤਰਕਾਰਾਂ ਨੂੰ ਇਸ ਸਕੀਮ ਵਿਚੋਂ ਬਾਹਰ ਕੱਢ ਦੇਵੇਗੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਇੱਕ ਸਮੇਂ ਮਗਰੋਂ ਹੀ ਪੱਤਰਕਾਰਾਂ ਨੂੰ ਮਾਨਤਾ-ਪ੍ਰਾਪਤ ਹੋਣ ਦਾ ਦਰਜਾ ਦਿੰਦੀ ਹੈ ਅਤੇ ਇਸ ਤੋਂ ਇਲਾਵਾ ਹਰ ਸੰਸਥਾ ਦੇ ਚੋਣਵੇਂ ਪੱਤਰਕਾਰਾਂ ਨੂੰ ਹੀ ਅਜਿਹੀ ਮਾਨਤਾ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਪੱਤਰਕਾਰਾਂ ਨੂੰ ਪੈਨਸ਼ਨ ਦੀ ਸਹੂਲਤ ਦੇਣ ਲਈ ਸੰਜੀਦਾ ਹੈ ਤਾਂ ਇਸ ਨੂੰ ਅਜਿਹੀਆਂ ਭਾਰੀ ਸ਼ਰਤਾਂ ਨਹੀਂ ਲਾਉਣੀਆਂ ਚਾਹੀਦੀਆਂ।
ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਸਰਕਾਰ ਨੂੰ ਪੈਨਸ਼ਨ ਦੀ ਇਹ ਸਹੂਲਤ ਡੈਸਕ ਉੱਤੇ ਕੰਮ ਕਰਦੇ ਪੱਤਰਕਾਰਾਂ ਨੂੰ ਵੀ ਦੇਣ ਲਈ ਆਖਿਆ ਹੈ। ਉਹਨਾਂ ਕਿਹਾ ਕਿ ਮੀਡੀਆ ਘਰਾਣਿਆਂ ਅੰਦਰ ਡੈਸਕਾਂ ਉੱਤੇ ਕੰਮ ਕਰਨ ਵਾਲੇ ਪੱਤਰਕਾਰ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਸਰਕਾਰ ਨੂੰ ਇਹਨਾਂ ਪੱਤਰਕਾਰਾਂ ਨੂੰ ਵੀ ਸਕੀਮ ਦੇ ਘੇਰੇ ਵਿਚ ਲੈਣਾ ਚਾਹੀਦਾ ਹੈ।