ਇਹ ਵੀ ਸੁਝਾਅ ਦਿੱਤਾ ਕਿ ਉਹਨਾਂ ਨੂੰ ਐਲਕੋਮੀਟਰ ਨਾਲ ਮਾਨ ਦਾ ਸਾਹ ਚੈਕ ਕਰਨਾ ਚਾਹੀਦਾ ਹੈ
ਭਗਵੰਤ ਮਾਨ ਦੇ ਪੱਤਰਕਾਰਾਂ ਨਾਲ ਵਿਵਹਾਰ ਦੀ ਨਿੰਦਾ ਕੀਤੀ
ਚੰਡੀਗੜ੍ਹ/24 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਦੇ ਪੰਜਾਬ ਕਨਵੀਵਰ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਨਾਲ ਕੀਤੇ ਦੁਰਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਪੱਤਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਮਾਨ ਕੋਲੋਂ ਤਾਜ਼ਾ ਡੋਪ ਟੈਸਟ ਦੀ ਰਿਪੋਰਟ ਜਰੂਰ ਮੰਗਿਆ ਕਰਨ।
ਇੱਕ ਪੱਤਰਕਾਰ ਵੱਲੋਂ ਮਾਨ ਕੋਲੋਂ ਇੱਕ ਮੁੱਖ ਵਿਰੋਧੀ ਪਾਰਟੀ ਵਜੋਂ ਆਪ ਦੀ ਭੂਮਿਕਾ ਬਾਰੇ ਸੁਆਲ ਪੁੱਛਣ ਤੇ ਆਪ ਸਾਂਸਦ ਵੱਲੋਂ ਕੀਤੇ ਸ਼ਰਮਨਾਕ ਵਿਵਹਾਰ ਦੀ ਸ਼ਿਕਾਇਤ ਕਰਨ ਵਾਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਦਾ ਵਿਵਹਾਰ ਨਿੰਦਣਯੋਗ ਸੀ। ਉਹਨਾਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਅਗਲੀ ਵਾਰ ਉਹ ਜਦ ਵੀ ਮਾਨ ਨੂੰ ਮਿਲਣ ਤਾਂ ਉਸ ਕੋਲੋ ਤਾਜ਼ਾ ਡੋਪ ਟੈਸਟ ਦੀਆਂ ਰਿਪੋਰਟਾਂ ਮੰਗਣ। ਉਹਨਾਂ ਨੇ ਪੱਤਰਕਾਰਾਂ ਨੂੰ ਆਪਣੇ ਨਾਲ ਐਲਕੋਮੀਟਰ ਲੈ ਕੇ ਜਾਣ ਲਈ ਵੀ ਆਖਿਆ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਮਾਨ ਨੂੰ ਸੰਜੀਦਾ ਗੱਲਬਾਤ ਕਰਨ ਜਿੰਨੀ ਹੋਸ਼ ਵੀ ਹੈ ਜਾਂ ਨਹੀਂ।
ਡਾਕਟਰ ਚੀਮਾ ਨੇ ਕਿਹਾ ਕਿ ਭਗਵੰਤ ਨਾਲ ਸੰਸਦ ਵਿਚ ਵੀ ਪੰਜਾਬ ਦਾ ਨਾਂ ਖਰਾਬ ਕਰ ਚੁੱਕਿਆ ਹੈ, ਜਿੱਥੇ ਸਾਂਸਦ ਉਸ ਨਾਲ ਗੱਲ ਕਰਨ ਤੋਂ ਪਹਿਲਾਂ ਉਸ ਦਾ ਸਾਹ ਸੁੰਘਦੇ ਹਨ ਕਿ ਉਸ ਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਹੋਇਆ। ਉਹਨਾਂ ਕਿਹਾ ਕਿ ਹੁਣ ਮਾਨ ਅਜਿਹੀਆਂ ਸਥਿਤੀਆਂ ਪੈਦਾ ਕਰ ਰਿਹਾ ਹੈ ਕਿ ਹੁਣ ਪੰਜਾਬ ਵਿਚ ਵੀ ਗੱਲਬਾਤ ਕਰਨ ਤੋਂ ਪਹਿਲਾਂ ਲੋਕਾਂ ਨੂੰ ਉਸ ਵੱਲੋਂ ਕੀਤੇ ਨਸ਼ੇ ਦੀ ਮਾਤਰਾ ਨੂੰ ਚੈਕ ਕਰਨਾ ਪਵੇਗਾ।
ਅਕਾਲੀ ਆਗੂ ਨੇ ਵਿਰੋਧੀ ਧਿਰ ਦੇ ਆਗੂ ਐਚਐਸ ਚੀਮਾ ਅਤੇ ਉਹਨਾਂ ਆਪ ਵਿਧਾਇਕਾਂ ਦੀ ਵੀ ਨਿਖੇਧੀ ਕੀਤੀ, ਜਿਹਨਾਂ ਨੇ ਚੁੱਪ ਧਾਰੀ ਰੱਖੀ ਅਤੇ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਲਈ ਮਾਨ ਦੀ ਨਿਖੇਧੀ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਉਹ ਲੋਕਤੰਤਰ ਦੇ ਚੌਥੇ ਥੰਮ ਦੀ ਕਿੰਨੀ ਕਦਰ ਕਰਦੇ ਹਨ।