ਕਿਹਾ ਕਿ ਅਕਾਲੀ-ਭਾਜਪਾ ਵਰਕਰ ਕਿਸੇ ਨੂੰ ਵੀ ਵੋਟਰਾਂ ਨੂੰ ਡਰਾਉਣ-ਧਮਕਾਉਣ ਨਹੀਂ ਦੇਣਗੇ
ਕਿਹਾ ਕਿ ਵੋਟਰਾਂ ਨੂੰ ਡਰਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਅਕਾਲੀ-ਭਾਜਪਾ ਵੱਲੋਂ ਮੂੰਹ-ਤੋੜਵਾਂ ਜੁਆਬ ਦਿੱਤਾ ਜਾਵੇਗਾ
ਬਠਿੰਡਾ/19 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਸੂਬੇ ਅੰਦਰ ਲੋਕਾਂ ਵੱਲੋਂ ਪਾਈਆਂ ਜਾ ਰਹੀਆਂ ਵੋਟਾਂ ਦੇ ਰੁਝਾਣ ਦੀਆਂ ਰਿਪੋਰਟਾਂ ਨੇ ਉਹਨਾਂ ਦਾ ਦਿਲ ਖੁਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕੰਧਾਂ ਉੱਤੇ ਲਿਖਿਆ ਸਾਫ ਨਜ਼ਰ ਆ ਰਿਹਾ ਹੈ, ਜਿਸ ਕਰਕੇ ਵੰਡ-ਪਾਊ ਸਾਜ਼ਿਸ਼ਾਂ ਰਚਣ ਵਾਲਿਆਂ ਅੰਦਰ ਹਤਾਸ਼ਾ ਅਤ ਨਿਰਾਸ਼ਤਾ ਉਪਜ ਰਹੀ ਹੈ। ਉਹਨਾਂ ਕਿਹਾ ਕਿ ਨਾਂਹ-ਪੱਖੀ ਅਤੇ ਵੰਡ ਪਾਊ ਏਜੰਡੇ ਨੂੰ ਰੱਦ ਕਰਦਿਆਂ ਪੰਜਾਬੀਆਂ ਵੱਲੋਂ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਜਾ ਰਹੀਆਂ ਹਨ, ਜਿਸ ਕਰਕੇ ਗੁੰਡਾਗਰਦੀ ਰਾਹੀਂ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ਾਂ ਵੀ ਹੋਈਆਂ ਹਨ। ਪਰੰਤੂ ਅਕਾਲੀ-ਭਾਜਪਾ ਵਰਕਰਾਂ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਸਾਡੇ ਵਿਰੋਧੀਆਂ ਅੰਦਰ ਫੈਲੀ ਹਤਾਸ਼ਾ ਅਤੇ ਨਿਰਾਸ਼ਾ ਕਰਕੇ ਉਹਨਾਂ ਨੇ ਗੈਰਸੰਵਿਧਾਨਿਕ ਹਥਕੰਡਿਆਂ ਅਤੇ ਹਿੰਸਾ ਦਾ ਸਹਾਰਾ ਲੈਣ ਸੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਪੰਜਾਬ ਦੇ ਅਮਨਪਸੰਦ ਅਤੇ ਬਹਾਦਰ ਲੋਕਾਂ ਨੇ ਮੋੜਵਾਂ ਜੁਆਬ ਦਿੱਤਾ ਹੈ। ਉਹਨਾਂ ਕਿਹਾ ਕਿ ਕਾਨੂੰਨ ਦੇ ਦਾਇਰੇ ਵਿਚ ਰਹਿੰਦਿਆਂ ਅਕਾਲੀ-ਭਾਜਪਾ ਵਰਕਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਗੁੰਡਿਆਂ ਨੂੰ ਕਿਸ ਤਰ੍ਹਾਂ ਮੂੰਹ-ਤੋੜਵਾਂ ਜੁਆਬ ਦੇਣਾ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਵੋਟਰਾਂ ਨੂੰ ਧਮਕਾਉਣ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਆਪਣੀ ਡਿਊਟੀ ਨਿਰਪੱਖਤਾ ਨਾਲ ਨਿਭਾਵੇ ਅਤੇ ਲੋੜ ਪੈਣ ਤੇ ਤੁਰੰਤ ਕਾਰਵਾਈ ਕਰੇ।
ਸਰਦਾਰ ਬਾਦਲ ਨੇ ਸ਼ਾਂਤਮਈ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਅਤੇ ਬਦਮਾਸ਼ ਅਨਸਰਾਂ ਦੀਆਂ ਵੋਟਰਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਅਕਾਲੀ ਵਰਕਰਾਂ ਨੂੰ ਡਟ ਕੇ ਪਹਿਰਾ ਦੇਣ ਦੀ ਅਪੀਲ ਕੀਤੀ।