ਚੰਡੀਗੜ੍ਹ/ 05 ਜੁਲਾਈ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਪੰਜਾਬ ਵਿਚ ਤੁਰੰਤ ਵਿੱਤੀ ਐਮਰਜੰਸੀ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਵਿੱਤੀ ਪ੍ਰਬੰਧ ਨੂੰ ਤਹਿਤ ਨਹਿਸ ਕਰਕੇ ਪੰਜਾਬ ਨੂੰ ਤਬਾਹੀ ਵੱਲ ਧੱਕ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਗੰਭੀਰ ਵਿੱਤੀ ਸੰਕਟ ਵਿਚ ਫਸੇ ਪੰਜਾਬ ਨੂੰ ਸਿਰਫ ਵਿੱਤੀ ਐਮਰਜੰਸੀ ਹੀ ਬਾਹਰ ਕੱਢ ਪਾਵੇਗੀ। ਜਿਉਂ ਹੀ ਸੂਬੇ ਦੀ ਆਰਥਿਕ ਸਥਿਤੀ ਲੀਹ ਉੱਤੇ ਆ ਜਾਂਦੀ ਹੈ, ਇਹ ਐਮਰਜੰਸੀ ਖੁਦ-ਬ-ਖੁਦ ਖ਼ਤਮ ਹੋ ਜਾਵੇਗੀ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਗੱਲ ਸੂਬੇ ਦੇ ਹਿੱਤ ਵਿਚ ਹੋਵੇਗੀ। ਇਹ ਕਹਿੰਦਿਆਂ ਕਿ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਆਪਣੀ ਵਿੱਤੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ, ਸਰਦਾਰ ਗਰੇਵਾਲ ਨੇ ਕਿਹਾ ਕਿ ਸਰਕਾਰ ਦੀ ਬੇਹੱਦ ਪ੍ਰਚਾਰੀ ਸਿਹਤ ਬੀਮਾ ਯੋਜਨਾ ਫੰਡਾਂ ਦੀ ਘਾਟ ਕਰਕੇ 1 ਜੁਲਾਈ ਤੋਂ ਲਾਗੂ ਨਹੀਂ ਕੀਤੀ ਜਾ ਸਕੀ। ਪਿਛਲੇ ਸਾਲ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਦੀ ਸਿਹਤ ਬੀਮਾ ਯੋਜਨਾ ਆਯੂਸ਼ਮਨ ਭਾਰਤ ਨੂੰ ਲਾਗੂ ਕਰਨ ਦੀ ਥਾਂ ਆਪਣੀ ਵੱਡੇ ਦਾਇਰੇ ਵਾਲੀ ਯੋਜਨਾ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਪਰੰਤੂ ਹੁਣ ਆਪਣੀ ਇਸ ਯੋਜਨਾ ਨੂੰ ਵੀ ਲਾਗੂ ਨਾ ਕਰਕੇ ਸਰਕਾਰ ਨੇ ਲੋਕਾਂ ਨਾਲ ਠੱਗੀ ਮਾਰੀ ਹੈ ਅਤੇ ਉਹਨਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝੇ ਕੀਤਾ ਹੈ।
ਸਰਦਾਰ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਅਜੇ ਤਕ ਇਸ ਦਾ 201 ਕਰੋੜ ਰੁਪਏ ਦਾ ਬਕਾਇਆ ਨਹੀਂ ਮਿਲਿਆ ਹੈ। ਇਹ ਬਕਾਇਆ ਬੋਰਡ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਬੱਚਿਆਂ ਨੂੰ ਮੁਫਤ ਵਡੀਆਂ ਸਕੂਲੀ ਕਿਤਾਬਾਂ ਦਾ ਹੈ। ਸਕੂਲ ਬੋਰਡ ਦੀ ਆਪਣੀ ਸਾਰੀ ਪੂੰਜੀ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਪੈਨਸ਼ਨਾਂ ਦੇਣ ਵਿਚ ਮੁੱਕ ਚੱਲੀ ਹੈ, ਜਿਸ ਕਰਕੇ ਬੋਰਡ ਕੋਲ ਆਪਣੀ ਗੋਲਡਨ ਜੁਬਲੀ ਮਨਾਉਣ ਲਈ ਕੋਈ ਪੈਸਾ ਨਹੀਂ ਹੈ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੂੰ 2300 ਕਰੋੜ ਰੁਪਏ ਦੀ ਸਬਸਿਡੀ ਵੀ ਜਾਰੀ ਨਹੀਂ ਕੀਤੀ ਹੈ, ਜਿਸ ਕਰਕੇ ਕਾਰਪੋਰੇਸ਼ਨ ਕੋਲ ਕੋਲੇ ਦੀ ਖਰੀਦ ਦਾ ਬਕਾਇਆ ਚੁਕਾਉੁਣ ਅਤੇ ਰੋਜ਼ਾਨਾ ਜਰੂਰਤ ਲਈ ਬਿਜਲੀ ਖਰੀਦਣ ਵਾਸਤੇ ਕੋਈ ਪੈਸਾ ਨਹੀਂ ਬਚਿਆ ਹੈ।ਪੀਐਸਪੀਸੀਐਲ ਅਧਿਕਾਰੀਆਂ ਨੂੰ ਡਰ ਸਤਾ ਰਿਹਾ ਹੈ ਕਿ ਕੋਲੇ ਦੀ ਸਪਲਾਈ ਕਿਸੇ ਵੀ ਦਿਨ ਬੰਦ ਹੋ ਸਕਦੀ ਹੈ। ਸੰਕਟ ਵਿਚੋਂ ਕੱਢਣ ਲਈ ਇਸ ਅਦਾਰੇ ਦੀ ਮੱਦਦ ਕਰਨ ਦੀ ਥਾਂ ਸਰਕਾਰ ਨੂੰ ਕਾਰਪੋਰੇਸ਼ਨ ਨੂੰ ਆਪਣੇ ਪੱਧਰ ਉੱਤੇ ਕਰਜ਼ੇ ਦਾ ਜੁਗਾੜ ਕਰਨ ਲਈ ਕਹਿ ਦਿੱਤਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੀ ਸਭ ਤੋ ਮਾੜੀ ਹਾਲਤ ਹੈ, ਜਿੱਥੇ ਤਨਖਾਹਾਂ ਅਤੇ ਪੈਨਸ਼ਨਾਂ ਵੀ ਕਦੇ ਸਮੇਂ ਸਿਰ ਨਹੀਂ ਦਿੱਤੀਆਂ ਜਾਂਦੀਆਂ ਹਨ। ਮੁਲਾਜ਼ਮਾਂ ਨੂੰ ਮਹੀਨਿਆਂ ਬੱਧੀ ਤਨਖਾਹਾਂ ਨਾ ਦੇਣਾ ਨਾ ਸਿਰਫ ਉਹਨਾਂ ਦਾ ਮਨੋਬਲ ਡੇਗਦਾ ਹੈ, ਸਗੋਂ ਉਹਨਾਂ ਨੂੰ ਆਪਣਾ ਘਰ ਚਲਾਉਣ ਲਈ ਭ੍ਰਿਸ਼ਟ ਤਰੀਕੇ ਅਪਣਾਉਣ ਲਈ ਵੀ ਮਜ਼ਬੂਰ ਕਰਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਪੂਰੇ ਸੂਬੇ ਦੀ ਵਿੱਤੀ ਹਾਲਤ ਤਰਸਯੋਗ ਹੈ। ਕਾਂਗਰਸ ਸਰਕਾਰ ਨੇ ਜਦੋਂ ਦੀ ਸੱਤਾ ਸੰਭਾਲੀ ਹੈ, ਇਸ ਨੇ ਡੀਏ ਦੀ ਕਿਸ਼ਤ ਜਾਰੀ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਕੋਲ ਆਪਣੀ ਆਮਦਨ ਵਧਾਉਣ ਦਾ ਕੋਈ ਜ਼ਰੀਆ ਨਜ਼ਰ ਨਹੀਂ ਆਉਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਤੁਰੰਤ ਵਿੱਤੀ ਐਮਰਜੰਸੀ ਲਾਗੂ ਕਰ ਦੇਣੀ ਚਾਹੀਦੀ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੂਬੇ ਦੇ ਵਿੱਤੀ ਸੰਕਟ ਬਾਰੇ ਇਸੇ ਤਰ੍ਹਾਂ ਖਾਮੋਸ਼ੀ ਧਾਰੀ ਰੱਖੀ ਤਾਂ ਅਕਾਲੀ ਮੂਕ ਦਰਸ਼ਕ ਬਣ ਕੇ ਨਹੀਂ ਬੈਠਣਗੇ ਅਤੇ ਸੂਬੇ ਦੇ ਵਿੱਤੀ ਸੰਕਟ ਦਾ ਮਸਲਾ ਲੋਕਾਂ ਤਕ ਲੈ ਕੇ ਜਾਣਗੇ ਅਤੇ ਸਰਕਾਰ ਨੂੰ ਵਿੱਤੀ ਐਮਰਜੰਸੀ ਲਾਗੂ ਕਰਨ ਲਈ ਮਜ਼ਬੂਰ ਕਰ ਦੇਣਗੇ।