ਕਾਂਗਰਸ ਸਰਕਾਰ ਹਾਲਾਤ ਲਈ ਲੋੜੀਂਦਾ ਕੋਲਾ ਭੰਡਾਰ ਰੱਖਣ ਵਿਚ ਨਾਕਾਮ ਰਹੀ
ਅੰਮ੍ਰਿਤਸਰ, 10 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨ ੇਅੱਜ ਕਿਹਾ ਕਿ ਪੰਜਾਬ ਵਿਚ ਬਣਿਆ ਬਿਜਲੀ ਸੰਕਟ ਅਸਲ ਵਿਚ ਮਨੁੱਖਾਂ ਦਾ ਸਿਰਜਿਆ ਹੋਇਆ ਹੈ ਤੇ ਇਹ ਕਾਂਗਰਸ ਸਰਕਾਰ ਵੱਲੋਂ ਅਗਾਉਂ ਯੋਜਨਾਬੰਦੀ ਤੇ ਤਿਆਰੀ ਦੇ ਮਾਮਲੇ ਵਿਚ ਉੱਕਾ ਹੀ ਨਲਾਇਕੀ ਤੇ ਗੈਰ ਹਾਜ਼ਰੀ ਦਾ ਸਿੱਧਾ ਨਤੀਜਾ ਹੈ। ਉਹਨਾਂ ਕਿਹਾ ਕਿ ਇਹ ਅੱਜ ਪੰਜਾਬ ਨੂੰ ਹੋਏ ਪ੍ਰਸ਼ਾਸਕੀ ਅਧਰੰਗ ਦਾ ਹਿੱਸਾ ਹੈ ਕਿਉਂਕਿ ਸੱਤਾਧਾਰੀ ਪਾਰਟੀ ਤਾਂ ਸੱਤਾ ਦੀਆਂ ਖੇਡਾਂ ਤੇ ਬਦਲਾਖੋਰੀ ਦੀ ਰਾਜਨੀਤੀ ਵਿਚ ਲੱਗੀ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਿਜਲੀ ਸੰਕਟ ਆਉਣਾ ਹੀ ਸੀ ਤੇ ਇਸਦਾ ਕੋਲੇ ਦੀ ਘਾਟ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹਨਾ ਕਿਹਾ ਕਿ ਕੋਲਾ ਮੰਤਰਾਲਾ ਤਾਂ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਦੇਸ਼ ਵਿਚ ਕਿਤੇ ਵੀ ਕਲਾ ਸਪਲਾਈ ਦੀ ਘਾਟ ਨਹੀਂ ਹੈ। ਇਸ ਤੋਂ ਸਪਸ਼ਟ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਹੀ ਅਸਲੀ ਵਿਲੇਨ ਹੈ ਤੇ ਇਹ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਲੋੜੀਂਦਾ ਕੋਲਾ ਭੰਡਾਰ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਸੀ ਪਰ ਕਾਂਗਰਸ ਸਰਕਾਰ ਸੂਬੇਨਾਲ ਇਹੋ ਕੁਝ ਕਰ ਰਹੀ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਬਿਜਲੀ ਤਰਜੀਹੀ ਖੇਤਰਾਂ ਵਿਚ ਸ਼ਾਮਲ ਸੀ। ਅਸੀਂ ਬਿਜਲੀ ਉਪਲਬਧਤਾ ਦੀ ਕ੍ਰਾਂਤੀ ਲਿਆਉਣ ਦੇ ਨਾਲ ਨਾਲ ਗ੍ਰੀਨ ਐਨਰਜੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ। ਉਹਨਾਂ ਕਿਹਾ ਕਿ ਸੋਲਰ ਪਾਵਰ ਸਮਰਥਾ ਵਧਾ ਕੇ ਇਸ ਖੇਤਰ ਵਿਚ ਸੁਬੇ ਨੂੰ ਆਗੂ ਮੰਨਿਆ ਗਿਆ ਕਿਉਂਕਿ ਸੂਬਾ ਸੂਰਜ ਨੁੰ ਅਗਲਾ ਕਰਮਲ ਸਟੇਸ਼ਨ ਬਣਾ ਕੇ ਹੈਰਾਨੀਜਨਕ ਤਰੱਕੀ ਕਰ ਗਿਆ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸੰਕਟ ਇਕ ਵਾਰ ਫਿਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਵੇਲੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਅਪਣਾਏ ਗਏ ਤਰੁੱਟੀ ਹੀਣ ਤੇ ਪ੍ਰਭਾਵਸ਼ਾਲੀ ਤਰੀਕੇ ਤੋਂ ਉਲਟ ਮੌਜੂਦਾ ਸਰਕਾਰ ਵੱਲੋਂ ਗੈਰ ਜ਼ਿੰਮੇਵਾਰਾਨਾ ਤੇ ਅਯੋਗ ਨੀਤੀਆਂ ਅਪਣਾਇਆ ਜਾਣਾ ਉਜਾਗਰ ਕਰਦਾ ਹੈ। ਉਹਨਾਂ ਕਿਹਾ ਕਿ ਅਸੀਂ 2007 ਵਿਚ ਸੱਤਾ ਸੰਭਾਲੀ ਸੀ ਤਾਂ ਉਸ ਵੇਲੇ ਸੂਬੇ ਵਿਚ ਰੋਜ਼ਾਨਾ 14 ਤੋਂ 16 ਸਾਲਾ ਘੰਟੇ ਕੱਟ ਲੱਗਦੇ ਸਨ। ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਅਸੀਂ ਲੋਕਾਂ ਨੂੰ ਗਰਮੀਆਂ ਦੇ ਸਿਖ਼ਰ ਵਿਚ ਵੀ ਬਿਜਲੀ ਕੱਟ ਭੁਲਾ ਦਿੱਤੇ ਜਦਕਿ ਕਾਂਗਰਸ ਦੇ ਸ਼ਾਸਕ ਮੌਜੂਦਾ ਸਥਿਤੀ ਸੰਭਾਲਣ ਵਿਚ ਨਾਕਾਮ ਸਾਬਤ ਹੋਏ ਹਨ, ਉਹ ਵੀ ਉਸ ਵੇਲੇ ਜਦੋਂ ਕੰਮ ਦਾ ਜ਼ਿਆਦਾ ਬੋਝ ਨਹੀਂ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਮੌਜੂਦਾ ਬਿਜਲੀ ਸੰਕਟ ਆਸਾਨੀ ਨਾਲ ਵੇਖਿਆ ਜਾ ਸਕਦਾ ਸੀ ਤੇ ਇਸਨੁੰ ਸੰਭਾਲਿਆ ਵੀ ਜਾ ਸਕਦਾ ਸੀ ਬਸ਼ਰਤੇ ਕਿ ਸਰਕਾਰ ਕੋਲ ਸਮਾਂ ਹੁੰਦਾ ਤੇ ਉਹ ਅਗਾਉਂ ਤਿਆਰੀ ਕਰਦੀ ਪਰ ਉਹਨਾਂ ਨੇ ਪੰਜ ਸਾਲ ‘ਸੱਤਾ ਸੰਕਟ’ ਵਿਚ ਬਰਬਾਦ ਕਰ ਦਿੱਤੇ। ਉਹਨਾਂ ਕਿਹਾ ਕਿ ਕਾਂਗਰਸ ਦੇ ਲੋਕ ਇਹ ਮੰਨਦੇ ਹਨ ਕਿ ਉਹਨਾਂ ਨੂੰ ਸਰਕਾਰ ਚਲਾਉਣ ਜਾਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਉਹ ਝੂਠੇ ਦੋਸ਼ਾਂ ਸਿਰ ਅਕਾਲੀਆਂ ਨੁੰ ਜੇਲ੍ਹ ਭੇਜ ਕੇ ਮੁੜ ਸੱਤਾ ਵਿਚ ਪਰਤ ਸਕਦੇ ਹਨ। ਉਹਨਾਂ ਕਿਹਾ ਕਿ ਇਸ ਪਹੁੰਚ ਕਾਰਨ ਸਾਰੇ ਸੂਬੇ ਦੇ ਹਾਲਾਤ ਹੀ ਮੌਜੂਦਾ ਵਿਗੜੀ ਸਥਿਤੀ ਵਿਚ ਪਹੁੰਚ ਗਏ ਹਨ।
ਸਾਬਕਾ ਉਪ ਮੁੱਖ ਮੰਤਰੀ ਨੇ ਹੋਰ ਕਿਹਾ ਕਿ ਕੋਲੇ ਦੀ ਘਾਟ ਕੋਈ ਨਵੀਂ ਨਹੀਂ ਹੈ ਤੇ ਇਹ ਸਾਡੇ ਵੇਲੇ ਵੀ ਹੋਈ ਸੀ ਪਰ ਅਸੀਂ ਪਹਿਲਾਂ ਹੀ ਅਗਾਉਂ ਤਿਆਰੀ ਕਰਦੇ ਸੀ। ਅਸੀਂ ਹਮੇਸ਼ਾ ਕੋਲਾ ਭੰਡਾਰਨ ਕਰ ਕੇ ਰੱਖਿਆ ਤੇ ਕਦੇ ਵੀ ਸੂਬੇ ਨੁੰ ਅਜਿਹੇ ਸੰਕਟ ਜਿਸਨੂੰ ਟਾਲਿਆ ਜਾ ਸਕਦਾ ਸੀ, ਵਿਚ ਫਸਣ ਨਹੀਂ ਦਿੱਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਦੇ ਸ਼ਾਸਕਾਂ ਨੇ ਸੂਬੇ ਨੁੰ ਬਲੈਕਆਊਟ ਨੇੜੇ ਪਹੁੰਚਾ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਸੂਬੇ ਕੋਲ ਸਿਰਫ ਕੁਝ ਘੰਟਿਆਂ ਦਾ ਹੀ ਕੋਲਾ ਬਾਕੀ ਰਹਿ ਗਿਆ ਸੀ। ਉਹਨਾਂ ਕਿਹਾ ਕਿ ਲੋਕਾਂ ਦੀ ਚੰਗੀ ਕਿਸਮਤ ਨੁੰ ਉਸ ਵੇਲੇ ਕੇਂਦਰ ਸਰਕਾਰ ਨੇ ਸੰਕਟ ਨਾਲ ਨਜਿੱਠਣ ਲਈ ਸੂਬੇ ਨੁੰ ਵਾਧੂ ਕੋਲਾ ਸਪਲਾਈ ਕਰ ਦਿੱਤੀ । ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਤਾਂ ਮਸਲੇ ਨਜਿੱਠਣ ਲਈ ਕਿਸਮਤ ’ਤੇ ਹੀ ਟੇਕ ਰੱਖੀ ਹੈ।
ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੁੰ ਅਪੀਲ ਕਰਦਾ ਹਾਂ ਕਿ ਉਹ ਹਰ ਦੂਜੇ ਦਿਨ ਦਿੱਲੀ ਭੱਜਣ ਨਾਲੋਂ ਸੂਬੇ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕਰਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਨੇ ਕਦੇ ਵੀ ਕੋਲਾ ਭੰਡਾਰ ਦੇ ਹਾਲਾਤ ਤੇ ਬਿਜਲੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਨਹੀਂ ਕੀਤੀ ਤੇ ਇਸ ੇਲਈ ਹੁਣ ਲੋਕ ਮੌਜੂਦਾ ਸੰਕਟ ਵਿਚ ਫਸੇ ਹਨ।
ਨਵਜੋਤ ਸਿੱਧੂ ਵੱਲੋਂ ਕੱਲ੍ਹ ਅੰਮ੍ਰਿਤਸਰ ਵਿਚ ‘ਮੌਨ ਵਰਤ’ ਰੱਖਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਡਰਾਮਾ ਮਾਸਟਰ ਹੈ। ਉਹਨਾਂ ਕਿਹਾ ਕਿ ਲਖੀਮਪੁਰ ਖੀਰੀ ਵਿਚ ਵੀ ਉਹ ਰਾਤ ਦਾ ਖਾਣ ਮਗਰੋਂ ਭੁੱਖ ਹੜਤਾਲ ’ਤੇ ਬੈਠ ਗਏ ਤੇ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਭੁੱਖ ਹੜਤਾਲ ਖਤਮ ਕੀਤੀ।
ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦੌਰੇ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਗਾਵਲ ਮੰਡੀ ਵਿਚ ਵਾਲਮੀਕਿ ਮੰਦਿਰ, ਹਨੂਮਾਨ ਮੰਦਿਰ ਤੇ ਜੀ ਟੀ ਰੋਡ ’ਤੇ ਜਾਮਾ ਮਸਜਿਦ ਵਿਚ, ਗੁਰਦੁਆਰਾ ਛੇਹਰਟਾ ਸਾਹਿਬ ਤੇ ਗੁਰਦੁਆਰ ਬੋਹਰੀ ਸਾਹਿਬ ਵਿਚ ਨਤਮਸਤਕ ਹੋਏ। ਇਸ ਤੋਂ ਪਹਿਲਾਂ ਜੀ ਐਨ ਡੀ ਯੂ ਕੈਂਪਸ ਦੇ ਬਾਹਰ ਐਸ ਓ ਆਈ ਵੱਲੋਂ ਅਕਾਲੀ ਦਲ ਪ੍ਰਧਾਨ ਦਾ ਨਿੱਘਾ ਸਵਾਗਤ ਕੀਤਾ ਗਿਾ।
ਬਾਅਦ ਵਿਚ ਸੁਖਬੀਰ ਸਿੰਘ ਬਾਦਲ ਨੇ ਰਣਜੀਤ ਅਵੈਨਿਊ ਇਲਾਕੇ ਵਿਚ ਅਨਿਲ ਜੋਸ਼ੀ ਵੱਲੋਂ ਆਯੋਜਿਤ ਵਿਸ਼ਾਲ ਰੈਲੀ ਕੀਤੀ ਜਿਥੇ ਲੋਕਾਂ ਨੇ ਹਾਰ ਪਾ ਕੇ, ਫੁੱਲਾਂ ਦੀ ਵਰਖਾ ਕਰ ਕੇ ਤੇ ਮਠਿਆਈਆਂ ਵੰਡ ਕੇ ਉਹਨਾਂ ਦਾ ਸਵਾਗਤ ਕੀਤਾ। ਸ਼ਹਿਰ ਦੇ ਲੋਕਾਂ ਨੇ ਉਹਨਾਂ ਨੂੰ ਭਰੋਸਾ ਦੁਆਇਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਜਿੱਤ ਯਕੀਨੀ ਬਣਾਉਣਗੇ। ਹਰ ਕਿਸੇ ਦਾ ਧੰਨਵਾਦ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਗਠਜੋੜ ਸਰਕਾਰ ਸ਼ਹਿਰ ਦਾ ਸਰਵ ਪੱਖੀ ਵਿਕਾਸ ਯਕੀਨੀ ਬਣਾਏਗਾ ਜੋ ਕਾਂਗਰਸ ਸਰਕਾਰ ਵੇਲੇ ਰੁਕਿਆ ਰਿਹਾ। ਉਹਨਾਂ ਇਹ ਵੀ ਵਾਅਦਾ ਕੀਤਾ ਕਿ ਉਹ ਲੋਕਾਂ ਦੀ ਉਹਨਾਂ ਦੀ ਪਾਰਟੀ ਤੋਂ ਆਸ ਪੂਰਾ ਕਰਨ ਵਾਸਤੇ ਹਰ ਕਿਸੇ ਨੂੰ ਨਾਲ ਲੈ ਕੇ ਚੱਲਣਗੇ ਤੇ ਲੋਕਾਂ ਦੇ ਨਾਲ ਡੱਟਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਲਬੀਰ ਸਿੰਘ ਵੇਰਕਾ, ਅਨਿਲ ਜੋਸ਼ੀ, ਗੁਰਪ੍ਰਤਾਪ ਟਿੱਕਾ, ਤਲਬੀਰ ਗਿੱਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਵੀ ਹਾਜ਼ਰ ਸਨ।