ਸਿਕੰਦਰ ਸਿੰਘ ਮਲੂਕਾ ਨੇ ਇਹ ਵੀ ਮੰਗ ਕੀਤੀ ਕਿ ਬੀਜ ਘੁਟਾਲੇ ਦੇ ਅਸਲ ਸਰਗਨਾ ਨੂੰ ਬੇਨਕਾਬ ਕੀਤਾ ਜਾਵੇ
ਚੰਡੀਗੜ•, 12 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪ੍ਰਾਈਵੇਟ ਖੰਡ ਮਿੰਲਾਂ ਤੋਂ ਗੰਨਾ ਉਤਪਾਦਕ ਕਿਸਾਨਾਂ ਦੇ 383 ਕਰੋੜ ਰੁਪਏ ਦੇ ਬਕਾਏ ਵਿਆਜ ਸਹਿਤ ਜਾਰੀ ਕਰਵਾਉਣ। । ਇਹ ਵੀ ਮੰਗ ਕੀਤੀ ਕਿ ਬੀਜ ਘੁਟਾਲੇ ਦੇ ਮੁੱਖ ਸਰਗਨਾ ਨੂੰ ਬੇਨਕਾਬ ਕੀਤਾ ਜਾਵੇ ਤੇ ਪਾਰਟੀ ਨੇ ਘੁਟਾਲੇ ਨੂੰ ਦਫਨਾਉਣ ਦੇ ਯਤਨਾਂ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਵੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਨਵ ਨਿਯੁਕਤ ਪ੍ਰਧਾਨ ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਖ਼ਜ਼ਾਨਾ ਵਿਭਾਗ ਤੇ ਸ਼ੂਗਰਫੈਡ ਨੂੰ ਤਾਂ ਗੰਨਾ ਉਤਪਾਦਕ ਕਿਸਾਨਾਂ ਦੇ 299 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਵਾਸਤੇ ਤਾਂ ਕਹਿ ਦਿੱਤਾ ਪਰ ਪ੍ਰਾਈਵੇਟ ਖੰਡ ਮਿੱਲਾਂ ਤੋਂ ਕਿਸਾਨਾਂ ਦੇ ਬਕਾਏ ਕੱਢਵਾਉਣ ਲਈ ਕੋਈ ਯਤਨ ਨਹੀਂ ਕੀਤਾ ਗਿਆ।
ਸ੍ਰੀ ਮਲੂਕਾ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੰਲਾਂ ਵੱਲ ਕਿਸਾਨਾਂ ਦੇ 2018-19 ਅਤੇ 2019-20 ਦੇ ਸੀਜ਼ਨਾਂ ਵਿਚ ਖਰੀਦੇ ਗੰਨੇ ਦੇ 383 ਕਰੋੜ ਰੁਪਏ ਬਕਾਇਆ ਹਨ ਜਦਕਿ 2019-20 ਦਾ ਸੀਜ਼ਨ ਖਤਮ ਹੋਣ ਮਗਰੋਂ ਵੀ ਕੋਈ ਬਕਾਇਆ ਅਦਾ ਨਹੀਂ ਕੀਤਾ ਗਿਆ। ਸ੍ਰੀ ਮਲੂਕਾ ਨੇ ਕਿਹਾ ਕਿ ਸ਼ੂਗਰਕੇਨ ਪਰਚੇਜ਼ ਐਂਡ ਰੈਗੂਲੇਸ਼ਨ ਐਕਟ ਦੇ ਸ਼ੂਗਰਕੇਨ ਕੰਟਰੋਲ ਆਰਡਰ ਦੀ ਧਾਰਾ 3 (3) ਦੇ ਮੁਤਾਬਕ ਖੰਨਾ ਮਿੱਲਾਂ ਨੇ ਗੰਨੇ ਦੀ ਖਰੀਦ ਤੋਂ 14 ਦਿਨਾਂ ਦੇ ਅੰਦਰ ਅੰਦਰ ਅਦਾਇਗੀ ਕਰਨੀ ਹੁੰਦੀ ਹੈ ਤੇ ਦੇਰੀ ਨਾਲ ਅਦਾਇਗੀ 'ਤੇ ਵਿਆਜ਼ ਦੇਣਾ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਅਨੁਸਾਰ ਹੀ ਕਿਸਾਨਾਂ ਦੇ ਸਾਰੇ ਬਕਾਏ ਵਿਆਜ ਸਮੇਤ ਅਦਾ ਕੀਤੇ ਜਾਣੇ ਚਾਹੀਦੇ ਹਨ।
ਕਿਸਾਨ ਵਿੰਗ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਚੇਤੇ ਕਰਵਾਇਆ ਕਿ ਖੇਤੀਬਾੜੀ ਵਿਭਾਗ ਉਹਨਾਂ ਦੇ ਕੋਲ ਹੀ ਹੈ ਤੇ ਪ੍ਰਾਈਵੇਟ ਖੰਡ ਮਿੱਲਾਂ ਨੂੰ ਨਿਯਮ ਤੋੜਨ ਤੇ ਬਗੈਰ ਸਜ਼ਾ ਤੋਂ ਛੁਟ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਗੰਨਾਂ ਉਤਪਾਦਨ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਵਿਭਿੰਨਤਾ ਲਈ ਮਦਦ ਕਰਦਾ ਹੈ। ਉਹਨਾਂ ਕਿਹਾ ਕਿ ਜੇਕਰ ਗੰਨਾ ਉਤਪਾਦਕਾਂ ਨੂੰ ਸਮੇਂ ਸਿਰ ਅਦਾਇਗੀ ਨਹੀਂ ਕੀਤੀ ਗਈ ਤਾਂ ਫਿਰ ਸੂਬੇ ਦੀਆਂ ਫਸਲੀ ਵਿਭਿੰਨਤਾ ਯੋਜਨਾਵਾਂ ਨੂੰ ਸੱਟ ਵੱਜੇਗੀ ਅਤੇ ਇਸ ਨਾਲ ਕਿਸਾਨ ਹੋਰ ਸੰਕਟ ਵਿਚ ਆ ਜਾਣਗੇ ਤੇ ਖੇਤੀਬਾੜੀ ਸੰਕਟ ਖੜ•ਾ ਹੋ ਜਾਵੇਗਾ।
ਬੀਜ ਘੁਟਾਲੇ ਦੀ ਗੱਲ ਕਰਦਿਆਂ ਸ੍ਰੀ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਬੀਜ ਘੁਟਾਲੇ ਵਿਚ ਮੁੱਖ ਦੋਸ਼ੀ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਰਪ੍ਰਸਤੀ ਦੇਣ ਦੇ ਸਪਸ਼ਟ ਸੰਕੇਤ ਮਿਲਣ ਦੇ ਬਾਵਜੂਦ ਮੁੱਖ ਸਰਗਨਾ ਨੂੰ ਕਾਬੂ ਕਰਨ ਲਈ ਕੋਈ ਯਤਨ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਦੋਸ਼ੀ, ਜੋ ਕਿ ਠੱਗੇ ਗਏ ਕਿਸਾਨਾਂ ਦੇ ਦਬਾਅ ਮਗਰੋਂ ਦਰਜ ਕੀਤੇ ਗਏ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਹਨ, ਨਾਲ ਬਹੁਤ ਨਰਮੀ ਨਾਲ ਪੇਸ਼ ਆਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਨਕਲੀ ਬੀਜਾਂ ਦੀ ਪੀ ਆਰ 128 ਅਤੇ ਪੀ ਆਰ 129 ਕਿਸਮ ਦੇ ਸੈਂਪਲ ਗਲਤ ਹੱਥਕੰਡੇ ਵਰਤ ਕੇ ਪਾਸ ਕਰਵਾਉਣ ਦੇ ਯਤਨ ਜਾਰੀ ਹਨ ਤਾਂ ਕਿ ਇਸ ਘੁਟਾਲੇ 'ਤੇ ਪਰਦਾ ਪਾਇਆ ਜਾ ਸਕੇ।
ਅਕਾਲੀ ਦਲ ਨੇ ਮੰਗ ਕੀਤੀ ਕਿ ਕਿਉਂਕਿ ਪੰਜਾਬ ਪੁਲਿਸ ਘੁਟਾਲੇ ਵਿਚ ਸ਼ਾਮਲ ਸਿਆਸਤਦਾਨਾਂ ਸਮੇਤ ਮੁੱਖ ਸਰਗਨਾ ਨੂੰ ਬੇਨਕਾਬ ਕਰਨ ਵਿਚ ਅਸਫਲ ਰਹੀ ਹੈ, ਇਸ ਲਈ ਇਹ ਕੇਸ ਸੀ ਬੀ ਆਈ ਜਾਂ ਫਿਰ ਹਾਈ ਕੋਰਟ ਦੇ ਮੌਜੂਦਾ ਜੱਜ ਹਵਾਲੇ ਕੀਤਾ ਜਾਵੇ।