ਚੰਡੀਗੜ/10 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਲ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਘਟਾਉਣ ਦਾ ਫੈਸਲਾ ਲੈਣ ਵਾਸਤੇ ਵੀ ਸਮਾਂ ਨਹੀਂ ਹੈ, ਜਿਸ ਤੋਂ ਇਸ ਸਰਕਾਰ ਦੇ ਗਰੀਬ-ਵਿਰੋਧੀ ਅਤੇ ਲਾਪਰਵਾਹ ਵਤੀਰੇ ਦੀ ਝਲਕ ਮਿਲਦੀ ਹੈ। ਇਸ ਸੰਬੰਧੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਅਲਟੀਮੇਟਮ ਦਿੱਤਾ ਜਾ ਚੁੱਕਾ ਹੈ ਕਿ ਸਰਕਾਰ ਦੇ ਅਜਿਹੇ ਰਵੱਈਏ ਪ੍ਰਤੀ ਲੋਕਾਂ ਅੰਦਰ ਗੁੱਸਾ ਲਗਾਤਾਰ ਵਧ ਰਿਹਾ ਹੈ।
ਤੇਲ ਕੀਮਤਾਂ ਘਟਾਉਣ ਨੂੰ ਲੈ ਕੇ ਅੜੀਅਲ ਵਤੀਰਾ ਧਾਰੀ ਬੈਠੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਕੋਲ ਹੋਰ ਕੋਈ ਵਿਕਲਪ ਨਹੀਂ ਹੈ, ਇਸ ਨੂੰ ਲੋਕਾਂ ਦੀ ਮੰਗ ਅੱਗੇ ਝੁਕਣਾ ਹੀ ਪਵੇਗਾ। ਇਹ ਕੰਮ ਜਿੰਨਾ ਜਲਦੀ ਹੋ ਜਾਵੇ, ਉੰਨਾ ਹੀ ਵਧੀਆ ਹੋਵੇਗਾ।
ਸਰਦਾਰ ਗਰੇਵਾਲ ਨੇ ਕਿਹਾ ਕਿ ਲੋਕਾਂ ਨੂੰ ਅਜਿਹੀ ਰਾਹਤ ਤੋਂ ਇਨਕਾਰ ਕਰਨ ਲਈ ਮਨਪ੍ਰੀਤ ਨੇ ਆਪਣੀ ਕੋਝੀ ਦਲੀਲ ਘੜ ਰੱਖੀ ਹੈ, ਜਿਸ ਤੋਂ ਉਸ ਦੀ ਲੋਕ ਵਿਰੋਧੀ ਅਤੇ ਗਰੀਬ ਵਿਰੋਧੀ ਮਾਨਸਿਕਤਾ ਦੀ ਝਲਕ ਪੈਂਦੀ ਹੈ। ਉਸ ਦੀ ਬੇਤੁਕੀ ਦਲੀਲ ਇਹ ਹੈ ਕਿ ਤੇਲ ਦੀਆਂ ਕੀਮਤਾਂ ਘਟਾਉਣ ਨਾਲ ਸੂਬੇ ਦਾ ਮਾਲੀਆ ਘਟ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਜਿਹਾ ਦਲੇਰਾਨਾ ਕਦਮ ਚੁੱਕ ਸਕਦੀ ਹੈ ਤਾਂ ਮਨਪ੍ਰੀਤ ਅਜਿਹਾ ਕਰਨ ਤੋਂ ਕਿਉਂ ਝਿਜਕਦਾ ਹੈ, ਇਹ ਗੱਲ ਸਮਝ ਤੋਂ ਬਾਹਰ ਹੈ।
ਅਕਾਲੀ ਆਗੂ ਨੇ ਮਨਪ੍ਰੀਤ ਦੀ ਇਸ ਦਲੀਲ ਨੂੰ ਵੀ ਬੇਤੁਕੀ ਕਰਾਰ ਦਿੱਤਾ ਹੈ ਕਿ ਕੁੱਝ ਗੈਰ ਕਾਂਗਰਸੀ ਸਰਕਾਰਾਂ ਨੇ ਵੀ ਪੈਟਰੋ ਉਤਪਾਦਾਂ ਉੱਤੇ ਟੈਕਸ ਨਹੀਂ ਘਟਾਏ ਹਨ। ਉਹਨਾਂ ਕਿਹਾ ਕਿ ਮਨਪ੍ਰੀਤ ਨੂੰ ਦੂਜੇ ਸੂਬਿਆਂ ਵੱਲ ਨਹੀਂ ਵੇਖਣਾ ਚਾਹੀਦਾ, ਸਗੋਂ ਪੰਜਾਬ ਦੇ ਲੋਕਾਂ ਦਾ ਫ਼ਿਕਰ ਕਰਨਾ ਚਾਹੀਦਾ ਹੈ।
ਸਰਕਾਰ ਇਸ ਗੱਲ ਦਾ ਇਸ਼ਾਰਾ ਕਰ ਚੁੱਕੀ ਹੈ ਕਿ ਮੰਤਰੀ ਮੰਡਲ ਪੈਟਰੋ ਵਸਤਾਂ ਉੱਤੇ ਵੈਟ ਘਟਾਉਣ ਲਈ ਤਿਆਰ ਹੈ, ਪਰੰਤੂ ਮਨਪ੍ਰੀਤ ਵੱਲੋਂ ਪਾਏ ਅੜਿੱਕੇ ਕਰਕੇ ਇਹ ਫੈਸਲਾ ਟਾਲ ਦਿੱਤਾ ਗਿਆ।
ਅਕਾਲੀ ਆਗੂ ਨੇ ਤੇਲ ਕੀੰਮਤਾਂ ਘਟਾਉਣ ਮੁੱਦੇ ਉੱਤੇ ਮਨਪ੍ਰੀਤ ਸਣੇ ਸਾਰੇ ਮੰਤਰੀ ਮੰਡਲ ਉੱਤੇ ਟਾਲ ਮਟੋਲ ਵਾਲੀ ਨੀਤੀ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਮਨਪ੍ਰੀਤ ਹੀ ਕੱਲੀ ਰੁਕਾਵਟ ਸੀ ਤਾਂ ਮੁੱਖ ਮੰਤਰੀ ਨੂੰ ਉਸ ਦੀ ਛੁੱਟੀ ਕਰ ਦੇਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਇੱਕ ਮੰਤਰੀ ਨੂੰ ਸੂਬੇ ਦੇ ਲੋਕਾਂ ਦੀਆਂ ਉਮੀਦਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਸਰਦਾਰ ਗਰੇਵਾਲ ਨੇ ਕਿਹਾ ਕਿ ਪੰਜਾਬ ਪੈਟਰੋਲ ਅਤੇ ਡੀਜ਼ਲ ਉੱਤੇ ਸਭ ਤੋਂ ਵੱਧ ਵੈਟ ਵਸੂਲ ਰਿਹਾ ਹੈ, ਇਸ ਲਈ ਸਰਕਾਰ ਨੂੰ ਲੋਕਾਂ ਨੂੰ ਰਾਹਤ ਦੇਣ ਵਿਚ ਵੀ ਫਰਾਖਦਿਲੀ ਵਿਖਾਉਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਇਹਨਾਂ ਦੋਵੇਂ ਪੈਟਰੋ ਵਸਤਾਂ ਉੱਤੇ 5 ਰੁਪਏ ਪ੍ਰਤੀ ਲੀਟਰ ਵੈਟ ਘਟਾਉਣਾ ਚਾਹੀਦਾ ਹੈ।
ਗਰੇਵਾਲ ਨੇ ਮਨਪ੍ਰੀਤ ਨੂੰ ਸਲਾਹ ਦਿੱਤੀ ਕਿ ਉਹ ਖੁਦ ਨੂੰ ਇੱਕ ਵੱਡਾ ਅਰਥ-ਸਾਸ਼ਤਰੀ ਸਮਝਦਾ ਹੈ, ਇਸ ਲਈ ਸੂਬੇ ਦਾ ਮਾਲੀਆ ਵਧਾਉਣ ਲਈ ਉਹ ਸਿਰਫ ਪੈਟਰੋਲ ਅਤੇ ਡੀਜ਼ਲ ਉੱਤੇ ਲਾਏ ਜਾਂਦੇ ਵੈਟ ਉੱਪਰ ਨਿਰਭਰ ਨਾ ਰਹੇ , ਸਗੋਂ ਇਸ ਦੀ ਥਾਂ ਕੁੱਝ ਨਵੇਂ ਤਰੀਕੇ ਈਜਾਦ ਕਰੇ।