ਚੰਡੀਗੜ੍ਹ/10 ਜਨਵਰੀ: ਪੀਲੀਭੀਤ ਜ਼ਿਲ੍ਹਾ ਪ੍ਰਸਾਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਉੱਚ ਪੱਧਰੀ ਵਫ਼ਦ ਨੂੰ ਸਪੱਸ਼ਟ ਭਰੋਸਾ ਦਿੱਤਾ ਹੈ ਕਿ ਇਸ ਵੱਲੋਂ ਉਹਨਾਂ 55 ਸਿੱਖਾਂ ਖ਼ਿਲਾਫ ਸਾਰੇ ਕੇਸ ਵਾਪਸ ਲੈ ਲਏ, ਜਿਹਨਾਂ ਵਿਰੁੱਧ 29 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਉੱਤੇ ਨਗਰ ਕੀਰਤਨ ਕੱਢ ਕੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਕੇਸ ਦਰਜ ਕੀਤੇ ਗਏ ਸਨ।
ਅਕਾਲੀ ਦਲ ਦੇ ਉੱਚ ਪੱਧਰੀ ਵਫ਼ਦ , ਜਿਸ ਵਿਚ ਸਾਂਸਦ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰੀ ਨਰੇਸ਼ ਗੁਜਰਾਲ ਸ਼ਾਮਿਲ ਸਨ, ਨੇ ਕੱਲ੍ਹ ਪੀਲੀਭੀਤ ਜਾ ਕੇ ਪ੍ਰਭਾਵਿਤ ਸਿੱਖਾਂ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਅਤੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਇਸ ਮਸਲੇ ਬਾਰੇ ਗੱਲਬਾਤ ਕੀਤੀ ਸੀ।
ਅਕਾਲੀ ਦਲ ਦੇ ਉੱਚ ਪੱਧਰੀ ਵਫ਼ਦ , ਜਿਸ ਵਿਚ ਸਾਂਸਦ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰੀ ਨਰੇਸ਼ ਗੁਜਰਾਲ ਸ਼ਾਮਿਲ ਸਨ, ਨੇ ਕੱਲ੍ਹ ਪੀਲੀਭੀਤ ਜਾ ਕੇ ਪ੍ਰਭਾਵਿਤ ਸਿੱਖਾਂ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਅਤੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਇਸ ਮਸਲੇ ਬਾਰੇ ਗੱਲਬਾਤ ਕੀਤੀ ਸੀ।
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਦੋਵੇਂ ਉੱਚ ਅਧਿਕਾਰੀਆਂ ਨੇ ਸਵੀਕਾਰ ਕੀਤਾ ਕਿ ਜ਼ਿਲ੍ਹਾ ਪ੍ਰਸਾਸ਼ਨ ਨੇ 55 ਸਿੱਖਾਂ ਖ਼ਿਲਾਫ ਕਾਰਵਾਈ ਕਰਕੇ ਗਲਤੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਬਿਲਕੁੱਲ ਸਪੱਸ਼ਟ ਸੀ ਕਿ ਸਿੱਖ ਸ਼ਰਧਾਲੂ ਸ਼ਾਂਤਮਈ ਢੰਗ ਨਾਲ ਨਗਰ ਕੀਰਤਨ ਵਿਚ ਭਾਗ ਲੈ ਰਹੇ ਸਨ ਅਤੇ ਉਹਨਾਂ ਦੀ ਸ਼ਾਂਤੀ ਭੰਗ ਕਰਨ ਦੀ ਕੋਈ ਨੀਅਤ ਨਹੀਂ ਸੀ। ਉਹਨਾਂ ਦੱਸਿਆ ਹੈ ਕਿ 55 ਸਿੱਖਾਂ ਵਿਰੁੱਧ ਸਾਰੇ ਕੇਸ ਵਾਪਸ ਲੈ ਲਏ ਗਏ ਹਨ ਅਤੇ ਉਹਨਾਂ ਨੂੰ ਸਨਮਾਨਪੂਰਬਕ ਦੋਸ਼-ਮੁਕਤ ਕੀਤਾ ਕਰ ਦਿੱਤਾ ਗਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਵਫ਼ਦ ਪੁਰਾਨਪੁਰ ਵਿਖੇ ਸਿੱਖ ਸੰਗਤ ਨੂੰ ਮਿਲਿਆ ਸੀ,ਜਿੱਥੇ ਇਸ ਗੱਲ ਦਾ ਖੁਲਾਸਾ ਹੋਇਆ ਕਿ ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਨਗਰ ਕੀਰਤਨ ਬਾਰੇ ਦੱਸ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼ਰਧਾਲੂਆਂ ਖ਼ਿਲਾਫ ਇੰਨੀ ਸਖ਼ਤ ਕਾਰਵਾਈ ਕੀਤੀ ਗਈ, ਜਿਹਨਾਂ ਵਿਚ ਬੱਚੇ ਅਤੇ ਔਰਤਾਂ ਸ਼ਾਮਿਲ ਸਨ। ਉਹਨਾਂ ਕਿਹਾ ਕਿ ਸੰਗਤ ਨੇ ਵਫ਼ਦ ਨੂੰ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪ੍ਰਸਾਸ਼ਨ ਨੇ ਸਥਾਨਕ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਬਜਾਇ ਸਿੱਖਾਂ ਖ਼ਿਲਾਫ ਕਾਰਵਾਈ ਕੀਤੀ ਸੀ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਦੋਵੇਂ ਉੱਚ ਅਧਿਕਾਰੀਆਂ ਨੂੰ ਇਸ ਘਟਨਾ ਤੋਂ ਵੀ ਜਾਣੂ ਕਰਵਾ ਦਿੱਤਾ ਹੈ ਅਤੇ ਉਹਨਾਂ ਨੇ ਇਸ ਦੀ ਜਾਂਚ ਲਈ ਇੱਕ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਹੈ।
ਅਕਾਲੀ ਵਫ਼ਦ ਨੇ ਸਿੱਖ ਸ਼ਰਧਾਲੂਆਂ ਵਿਰੁੱਧ ਸਾਰੇ ਕੇਸ ਵਾਪਸ ਲੈਣ ਲਈ ਜ਼ਿਲ੍ਹਾ ਪ੍ਰਸਾਸ਼ਨ ਦਾ ਧੰਨਵਾਦ ਕੀਤਾ। ਵਫ਼ਦ ਦੇ ਮੈਂਬਰਾਂ ਨੇ ਸਾਬਕਾ ਭਾਜਪਾ ਮੰਤਰੀ ਡਾਕਟਰ ਵਿਨੋਦ ਤਿਵਾੜੀ ਅਤੇ ਪੁਰਾਨਪੁਰ ਦੇ ਵਿਧਾਇਕ ਬਾਬੂ ਰਾਮ ਪਾਸਵਾਨ ਦਾ ਵੀ ਧੰਨਵਾਦ ਕੀਤਾ, ਜਿਹਨਾਂ ਨੇ ਇਸ ਮਸਲੇ ਨੂੰ ਪੁਰਾਨਪੁਰ ਦੇ ਸਿੱਖਾਂ ਦੀ ਤਸੱਲੀ ਅਨੁਸਾਰ ਹੱਲ ਕਰਵਾਉਣ ਵਿਚ ਮੱਦਦ ਕੀਤੀ।