ਬਠਿੰਡਾ/10 ਮਈ:ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਸੈਮ ਪਿਤਰੋਦਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਟਿੱਪਣੀਆਂ ਰਾਹੀਂ ਇਸ ਗੱਲ ਦੀ ਪੁਸ਼ਟੀ ਕਰਕੇ ਕਿ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਪਿੱਛੇ ਕਾਂਗਰਸ ਪਾਰਟੀ ਦਾ ਹੱਥ ਸੀ, ਨਾ ਸਿਰਫ ਸਿੱਖਾਂ ਦੇ ਜ਼æਖ਼ਮਾਂ ਨੂੰ ਦੁਬਾਰਾ ਕੁਰੇਦ ਦਿੱਤਾ ਹੈ, ਸਗੋਂ ਉਹਨਾਂ ਉੱਤੇ ਨਮਕ ਵੀ ਛਿੜਕ ਦਿੱਤਾ ਹੈ।
ਪਿਤਰੋਦਾ ਅਤੇ ਕੈਪਟਨ ਦੋਵਾਂ ਦੀ ਸਖ਼ਤ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪਿਤਰੋਦਾ ਦੇ ਬਿਆਨ ਨੇ ਕਾਂਗਰਸ ਦਾ ਅਣਮਨੁੱਖੀ ਅਤੇ ਘਿਨੌਣਾ ਚਿਹਰਾ ਨੰਗਾ ਕਰ ਦਿੱਤਾ ਹੈ, ਕਿਉਂਕਿ ਇਸ ਪਾਰਟੀ ਦੇ ਆਗਆਂ ਦਾ ਮੰਨਣਾ ਹੈ ਕਿ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਨੂੰ ਕੋਈ ਘਟਨਾ ਨਹੀਂ ਮੰਨਣਾ ਚਾਹੀਦਾ ਅਤੇ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਸ ਤੋਂ ਕਾਂਗਰਸ ਪਾਰਟੀ ਦੀ ਘਟੀਆ ਮਾਨਸਿਕਤਾ ਦੀ ਝਲਕ ਮਿਲਦੀ ਹੈ। ਉਹਨਾਂ ਕਿਹਾ ਕਿ ਪਿਤਰੋਦਾ ਰਾਜੀਵ ਗਾਂਧੀ ਦਾ ਦੋਸਤ ਅਤੇ ਗੁਰੂ ਰਿਹਾ ਹੈ ਅਤੇ ਸ਼ਾਇਦ ਉਹਨਾਂ ਦੋਵਾਂ ਨੇ ਰਲ ਕੇ ਸਿੱਖਾਂ ਖਿਲਾਫ ਸਾਜ਼ਿਸ਼ ਰਚੀ ਸੀ, ਜਿਹੜੀ ਭਾਰਤ ਦੇ ਇਤਿਹਾਸ ਉੱਤੇ ਬਦਨੁਮਾ ਧੱਬੇ ਛੱਡ ਗਈ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਕਤਲੇਆਮ ਵਿਚ ਔਰਤਾਂ ਅਤੇ ਬੱਚਿਆਂ ਸਮੇਤ 5 ਹਜ਼ਾਰ ਸਿੱਖ ਮਾਰੇ ਗਏ ਸਨ, 500 ਗੁਰੂ ਘਰ ਜਲਾ ਦਿੱਤੇ ਗਏ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੈਕੜੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਸੀ। ਅਜੇ ਵੀ ਕਾਂਗਰਸ ਨੂੰ ਇਸ ਦਾ ਰਤੀ ਭਰ ਪਛਤਾਵਾ ਨਹੀਂ ਹੈ। ਉਹਨਾਂ ਕਿਹਾ ਕਿ ਪਿਤਰੋਦਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਸਿਆਸੀ ਗੁਰੂ ਹੈ, ਜੋ ਕਿ ਰਾਹੁਲ ਦੀ ਮਾਨਸਿਕਤਾ ਨੂੰ ਹੀ ਬਿਆਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਿਤਰੋਦਾ ਦੇ ਬਿਆਨ ਤੋਂ ਖੁਦ ਨੂੰ ਵੱਖ ਕਰਨ ਨਾਲ ਕਾਂਗਰਸ ਦੇ ਪਾਪ ਨਹੀਂ ਧੋਏ ਜਾਣਗੇ।
ਮੁੱਖ ਮੰਤਰੀ ਉੱਤੇ ਹਮਲਾ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕੈਪਟਨ ਨੇ ਆਪਣ ਚਮੜੀ ਬਚਾਉਣ ਲਈ ਹੁਣ ਕਬੂਲ ਕਰ ਲਿਆ ਹੈ ਕਿ ਕਾਂਗਰਸੀ ਆਗੂ ਸਿੱਖਾਂ ਉੱਤੇ ਹਮਲੇ ਕਰਨ ਅਤੇ ਉਹਨਾਂ ਦੇ ਘਰ ਤੇ ਦੁਕਾਨਾਂ ਲੁੱਟਣ ਵਾਲੀਆਂ ਭੀੜਾਂ ਦੀ ਅਗਵਾਈ ਕਰ ਰਹੇ ਸਨ। ਉਸ ਨੇ ਸਿੱਖ ਕਤਲੇਆਮ ਵਿਚ ਸ਼ਾਮਿਲ ਸਿਰਫ ਪੰਜ ਕਾਂਗਰਸੀਆਂ ਦਾ ਨਾਂ ਲਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਦਾ ਇਕਬਾਲ ਕਰਨ ਦੇ ਬਾਵਜੂਦ ਅਮਰਿੰਦਰ ਸਿੰਘ ਰਾਜੀਵ ਗਾਂਧੀ ਦਾ ਇਹ ਕਹਿ ਕੇ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਸਮੇਂ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਦੰਗਿਆਂ ਸੰਬੰਧੀ ਕੋਈ ਹੁਕਮ ਜਾਰੀ ਨਹੀਂ ਸੀ ਕੀਤਾ। ਉਹਨਾਂ ਕਿਹਾ ਕਿ ਅਮਰਿੰਦਰ ਨੇ ਇਹ ਵੀ ਕਿਹਾ ਹੈ ਕਿ ਰਾਜੀਵ ਗਾਂਧੀ ਉਸ ਸਮੇਂ ਕਲਕੱਤਾ ਵਿਚ ਸੀ ਅਤੇ ਉਸ ਦੇ ਦਿੱਲੀ ਪਹੁੰਚਣ ਤੇ ਉਸ ਨੇ ਫੌਜ ਤਾਇਨਾਤ ਕਰਨ ਦਾ ਹੁਕਮ ਦਿੱਤਾ ਸੀ, ਜੋ ਕਿ ਬਿਲਕੁੱਲ ਹੀ ਝੂਠ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਰਾਜੀਵ ਗਾਂਧੀ 31 ਅਕਤੂਬਰ 1984 ਨੂੰ ਦਿੱਲੀ ਆ ਗਿਆ ਸੀ ਅਤੇ ਉਸੇ ਸ਼ਾਮ ਉਸ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਸੀ। ਉਹਨਾਂ ਕਿਹਾ ਕਿ ਅਸਲੀਅਤ ਇਹ ਸੀ ਕਿ ਰਾਜੀਵ ਦੇ ਦਿੱਲੀ ਆਉਂਦੇ ਹੀ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਸੀ ਜੋ ਕਿ ਫੌਜ ਸੱਦੇ ਜਾਣ ਤੋਂ ਪਹਿਲਾਂ ਕਈ ਦਿਨ ਤਕ ਚੱਲਦਾ ਰਿਹਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਅਮਰਿੰਦਰ ਸਿੰਘ ਤੱਥਾਂ ਨੂੰ ਤੋੜ ਮਰੋੜ ਕੇ ਆਪਣੇ ਪੁਰਾਣੇ ਦੋਸਤ ਰਾਜੀਵ ਗਾਂਧੀ ਨੂੰ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਮਰਿੰਦਰ ਵੱਲੋਂ ਕੀਤੇ ਦਾਅਵੇ ਕਿ ਉਹ ਬਹੁਤ ਸਾਰੇ ਗੁਰਦੁਆਰਿਆਂ ਵਿਚ ਗਿਆ ਸੀ, ਜਿੱਥੇ ਸਿੱਖਾਂ ਨੂੰ ਰੱਖਿਆ ਗਿਆ ਸੀ, ਸਰਦਾਰ ਮਜੀਠੀਆ ਨੇ ਕਿਹਾ ਕਿ ਸ਼ਰਨਾਰਥੀ ਕੈਂਪ ਫੌਜ ਸੱਦੇ ਜਾਣ ਤੋਂ ਬਾਅਦ ਲਗਾਏ ਗਏ ਸਨ। ਜਦਕਿ ਦਿੱਲੀ ਵਿਚ ਉਸ ਸਮੇ ਗੁਰਦੁਆਰੇ ਵੀ ਸਿੱਖਾਂ ਲਈ ਸੁਰੱਖਿਅਤ ਨਹੀਂ ਸਨ ਰਹੇ, ਕਿਉਂਕਿ ਹਰ ਪਾਸੇ ਵੱਢ-ਟੁੱਕ ਚੱਲ ਰਹੀ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਅਮਰਿੰਦਰ ਵੱਲੋਂ ਇਹ ਕਹਿਣਾ ਕਿ ਸਿੱਖਾਂ ਦੇ ਕਤਲੇਆਮ ਪਿੱਛੇ ਕਾਂਗਰਸ ਦਾ ਹੱਥ ਸੀ, ਸਿਰਫ ਪਿਤਰੋਦਾ ਦੀਆਂ ਟਿੱਪਣੀਆਂ ਮਗਰੋਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਨੁਕਸਾਨ ਹੋਣ ਲਈ ਬਚਾਉਣ ਲਈ ਵਰਤਿਆ ਗਿਆ ਹਥਕੰਡਾ ਹੈ। ਜੇ ਅਮਰਿੰਦਰ ਨੂੰ ਸਿੱਖਾਂ ਲਈ ਕੋਈ ਹਮਦਰਦੀ ਜਾਂ ਪਛਤਾਵਾ ਹੁੰਦਾ ਤਾਂ ਉਸ ਨੂੰ ਦੁਬਾਰਾ ਕਾਂਗਰਸ ਵਿਚ ਸ਼ਾਮਿਲ ਹੀ ਨਹੀਂ ਸੀ ਹੋਣਾ ਚਾਹੀਦਾ। ਉਸ ਨੂੰ ਪਿਤਰੋਦਾ ਦੀਆਂ ਟਿੱਪਣੀਆਂ ਤੋਂ ਬਾਅਦ ਕਾਂਗਰਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ।