ਅੰਮ੍ਰਿਤਸਰ/14 ਦਸੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖੁਲਾਸਾ ਕੀਤਾ ਕਿ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੋ ਰੋਜ਼ਾ ਡੈਲੀਗੇਟ ਇਜਲਾਸ,ਜਿਸ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਪ੍ਰਧਾਨ ਵਜੋ ਮੁੜ ਚੋਣ ਕੀਤੀ ਗਈ ਹੈ, ਵਿਚ ਭਾਗ ਨਾ ਲੈਣ ਸੰਬੰਧੀ ਅਕਾਲੀ ਦਲ ਪ੍ਰਧਾਨ ਤੋਂ ਆਗਿਆ ਲਈ ਸੀ।
ਇਸ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਦੋ ਦਿਨ ਪਹਿਲਾ ਪਰਮਿੰਦਰ ਢੀਂਡਸਾ ਨੇ ਇਹ ਦੱਸਣ ਲਈ ਅਕਾਲੀ ਦਲ ਪ੍ਰਧਾਨ ਨੂੰ ਫੋਨ ਕੀਤਾ ਸੀ ਕਿ ਉਹਨਾਂ ਇੱਕ ਜਰੂਰੀ ਕੰਮ ਲਈ ਮੁੰਬਈ ਜਾਣਾ ਹੈ ਅਤੇ ਡੈਲੀਗੇਟ ਇਜਲਾਸ ਵਿਚ ਭਾਗ ਨਾ ਲੈਣ ਦੀ ਆਗਿਆ ਮੰਗੀ ਸੀ। ਉਹਨਾਂ ਦੱਸਿਆ ਕਿ ਪਾਰਟੀ ਪ੍ਰਧਾਨ ਨੇ ਸਰਦਾਰ ਢੀਂਡਸਾ ਦੀ ਬੇਨਤੀ ਨੂੰ ਮਨਜ਼ੁਰ ਕਰ ਲਿਆ ਸੀ।
ਡਾਕਟਰ ਚੀਮਾ ਨੇ ਇਹ ਵੀ ਦੱਸਿਆ ਕਿ ਸਰਦਾਰ ਢੀਂਡਸਾ ਨੇ ਅਕਾਲੀ ਦਲ ਪ੍ਰਧਾਨ ਨਾਲ ਗੱਲਬਾਤ ਦੌਰਾਨ ਉਹਨਾਂ ਦੀ ਲੀਡਰਸ਼ਿਪ ਵਿਚ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿਚ ਮੁਕੰਮਲ ਭਰੋਸਾ ਜਤਾਇਆ ਸੀ।